ਅਮਿਤ ਸ਼ਾਹ ਬਣੇ ਸਭ ਤੋਂ ਲੰਮੇ ਸਮੇਂ ਤੱਕ ਸੇਵਾਵਾਂ ਦੇਣ ਵਾਲੇ ਕੇਂਦਰੀ ਗ੍ਰਹਿ ਮੰਤਰੀ
Tuesday, Aug 05, 2025 - 11:40 PM (IST)

ਨਵੀਂ ਦਿੱਲੀ, (ਅਨਸ)- ਅਮਿਤ ਸ਼ਾਹ ਮੰਗਲਵਾਰ ਨੂੰ ਭਾਰਤ ਦੇ ਸਭ ਤੋਂ ਲੰਮੇ ਸਮੇਂ ਤੱਕ ਕੇਂਦਰੀ ਗ੍ਰਹਿ ਮੰਤਰੀ ਰਹਿਣ ਵਾਲੇ ਵਿਅਕਤੀ ਬਣ ਗਏ ਹਨ। ਰਾਸ਼ਟਰੀ ਲੋਕਤੰਤਰੀ ਗੱਠਜੋੜ ਦੀ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਦਾ ਜ਼ਿਕਰ ਕੀਤਾ ਅਤੇ ਅਮਿਤ ਸ਼ਾਹ ਦੀ ਜੰਮ ਕੇ ਤਾਰੀਫ ਕੀਤੀ।
30 ਮਈ, 2019 ਨੂੰ ਅਹੁਦਾ ਸੰਭਾਲਣ ਦੇ ਬਾਅਦ ਤੋਂ 2258 ਦਿਨਾਂ ਤੱਕ ਇਸ ਅਹੁਦੇ ’ਤੇ ਰਹਿਣ ਨਾਲ ਸ਼ਾਹ ਨੇ ਹੁਣ ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਦੇ ਪਿਛਲੇ ਰਿਕਾਰਡ ਨੂੰ ਪਛਾੜ ਦਿੱਤਾ ਹੈ।
ਸ਼ਾਹ ਦਾ ਕਾਰਜਕਾਲ ਕਾਂਗਰਸ ਦੇ ਸੀਨੀਅਰ ਨੇਤਾ ਗੋਵਿੰਦ ਵੱਲਭ ਪੰਤ ਦੇ ਕਾਰਜਕਾਲ ਤੋਂ ਵੀ ਅੱਗੇ ਨਿਕਲ ਗਿਆ ਹੈ। ਇਤਫਾਕ ਨਾਲ ਸ਼ਾਹ ਨੇ ਇਹ ਪ੍ਰਾਪਤੀ 5 ਅਗਸਤ ਨੂੰ ਹਾਸਲ ਕੀਤੀ, ਜਿਸ ਦਿਨ ਉਨ੍ਹਾਂ ਨੇ 2019 ’ਚ ਸੰਸਦ ’ਚ ਧਾਰਾ 370 ਨੂੰ ਰੱਦ ਕਰਨ ਦਾ ਐਲਾਨ ਕੀਤਾ ਸੀ। ਇਸ ਤੋਂ ਪਹਿਲਾਂ, ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ 2256 ਦਿਨਾਂ (19 ਮਾਰਚ, 1998 ਤੋਂ 22 ਮਈ, 2004 ਤੱਕ) ਤੱਕ ਇਸ ਅਹੁਦੇ ’ਤੇ ਰਹੇ ਸਨ।