ਅਮਿਤ ਸ਼ਾਹ ਨੇ ਮਹਾਰਾਸ਼ਟਰ ''ਚ ਰੈਲੀਆਂ ਕੀਤੀਆਂ ਰੱਦ, ਪਰਤ ਰਹੇ ਦਿੱਲੀ

Sunday, Nov 17, 2024 - 01:35 PM (IST)

ਅਮਿਤ ਸ਼ਾਹ ਨੇ ਮਹਾਰਾਸ਼ਟਰ ''ਚ ਰੈਲੀਆਂ ਕੀਤੀਆਂ ਰੱਦ, ਪਰਤ ਰਹੇ ਦਿੱਲੀ

ਨਵੀਂ ਦਿੱਲੀ (ਭਾਸ਼ਾ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮਣੀਪੁਰ ਵਿਚ ਅਸਥਿਰ ਸਥਿਤੀ ਦੇ ਮੱਦੇਨਜ਼ਰ ਮਹਾਰਾਸ਼ਟਰ ਵਿਚ ਹੋਣ ਵਾਲੀਆਂ ਆਪਣੀਆਂ ਰੈਲੀਆਂ ਰੱਦ ਕਰ ਦਿੱਤੀਆਂ ਹਨ ਅਤੇ ਦਿੱਲੀ ਪਰਤ ਰਹੇ ਹਨ। ਸੂਤਰਾਂ ਨੇ ਦੱਸਿਆ ਕਿ ਗ੍ਰਹਿ ਮੰਤਰੀ ਇਸ ਉੱਤਰ-ਪੂਰਬੀ ਰਾਜ ਦੀ ਸਥਿਤੀ ਦੀ ਸਮੀਖਿਆ ਕਰਨ ਲਈ ਇਕ ਬੈਠਕ ਕਰ ਸਕਦੇ ਹਨ। ਮਣੀਪੁਰ 'ਚ ਸ਼ਨੀਵਾਰ ਰਾਤ ਨੂੰ ਇੰਫਾਲ ਘਾਟੀ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਗੁੱਸੇ 'ਚ ਆਈ ਭੀੜ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਤਿੰਨ ਹੋਰ ਵਿਧਾਇਕਾਂ ਅਤੇ ਇਕ ਕਾਂਗਰਸ ਵਿਧਾਇਕ ਦੇ ਘਰਾਂ ਨੂੰ ਅੱਗ ਲਗਾ ਦਿੱਤੀ। ਨਾਲ ਹੀ ਸੁਰੱਖਿਆ ਫ਼ੋਰਸਾਂ ਨੇ ਮੁੱਖ ਮੰਤਰੀ ਐੱਨ. ਬੀਰੇਨ ਸਿੰਘ ਦੇ ਜੱਦੀ ਘਰ 'ਚ ਦਾਖ਼ਲ ਹੋਣ ਦੀ ਪ੍ਰਦਰਸ਼ਨਕਾਰੀਆਂ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਸੂਤਰਾਂ ਨੇ ਦੱਸਿਆ ਕਿ ਸ਼ਾਹ ਨੇ ਮਹਾਰਾਸ਼ਟਰ 'ਚ ਭਾਜਪਾ ਦੇ ਪ੍ਰਚਾਰ ਦੇ ਹਿੱਸੇ ਵਜੋਂ ਕੁਝ ਚੋਣ ਰੈਲੀਆਂ 'ਚ ਹਿੱਸਾ ਲੈਣਾ ਸੀ ਪਰ ਉਨ੍ਹਾਂ ਨੇ ਰੈਲੀਆਂ ਰੱਦ ਕਰ ਦਿੱਤੀਆਂ ਅਤੇ ਉਹ ਦਿੱਲੀ ਪਰਤ ਰਹੇ ਹਨ। ਉਨ੍ਹਾਂ ਦੀਆਂ ਰੈਲੀਆਂ ਨੂੰ ਰੱਦ ਕਰਨ ਬਾਰੇ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ ਪਰ ਸੂਤਰਾਂ ਦਾ ਕਹਿਣਾ ਹੈ ਕਿ ਅਜਿਹਾ ਮਣੀਪੁਰ 'ਚ ਅਸਥਿਰ ਸਥਿਤੀ ਕਾਰਨ ਹੋ ਸਕਦਾ ਹੈ।

ਸੂਤਰਾਂ ਨੇ ਕਿਹਾ ਕਿ ਗ੍ਰਹਿ ਮੰਤਰੀ ਮਣੀਪੁਰ ਦੀ ਸਥਿਤੀ ਦੀ ਸਮੀਖਿਆ ਕਰਨ ਲਈ ਦਿੱਲੀ 'ਚ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰ ਸਕਦੇ ਹਨ। ਉਨ੍ਹਾਂ ਨੇ ਦੱਸਿਆ ਕਿ ਕੇਂਦਰੀ ਸੁਰੱਖਿਆ ਅਧਿਕਾਰੀਆਂ ਦੀ ਟੀਮ ਸਥਿਤੀ ਦਾ ਜਾਇਜ਼ਾ ਲੈਣ ਅਤੇ ਸਥਿਤੀ ਨਾਲ ਨਜਿੱਠਣ ਲਈ ਰਾਜ ਸਰਕਾਰ ਦੀ ਮਦਦ ਕਰਨ ਲਈ ਜਲਦੀ ਹੀ ਮਣੀਪੁਰ ਦਾ ਦੌਰਾ ਕਰ ਸਕਦੀ ਹੈ। ਹਿੰਸਾ ਦੀਆਂ ਤਾਜ਼ਾ ਘਟਨਾਵਾਂ ਸ਼ਨੀਵਾਰ ਰਾਤ ਨੂੰ ਵਾਪਰੀਆਂ ਜਦੋਂ ਜਿਰੀਬਾਮ ਜ਼ਿਲ੍ਹੇ 'ਚ ਅੱਤਵਾਦੀਆਂ ਦੁਆਰਾ ਤਿੰਨ ਔਰਤਾਂ ਅਤੇ ਤਿੰਨ ਬੱਚਿਆਂ ਦੇ ਕਤਲ ਤੋਂ ਗੁੱਸੇ 'ਚ ਆਏ ਲੋਕਾਂ ਨੇ ਰਾਜ ਦੇ ਤਿੰਨ ਮੰਤਰੀਆਂ ਅਤੇ 6 ਵਿਧਾਇਕਾਂ ਦੇ ਘਰ 'ਤੇ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਸੂਬੇ 'ਚ ਅਣਮਿੱਥੇ ਸਮੇਂ ਲਈ ਕਰਫਿਊ ਲਾਗੂ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਮੁਤਾਬਕ ਗੁੱਸੇ 'ਚ ਆਈ ਭੀੜ ਨੇ ਨਿੰਗਥੋਖੋਂਗ 'ਚ ਲੋਕ ਨਿਰਮਾਣ ਮੰਤਰੀ ਗੋਵਿੰਦਾਸ ਕੋਂਥੁਜਾਮ, ਲੰਗਮੇਈਡੋਂਗ ਬਾਜ਼ਾਰ 'ਚ ਹਿਯਾਂਗਲਾਮ ਤੋਂ ਭਾਜਪਾ ਵਿਧਾਇਕ ਵਾਈ ਰਾਧੇਸ਼ਿਆਮ, ਥੌਬਲ ਜ਼ਿਲ੍ਹੇ ਦੇ ਵਾਂਗਜਿੰਗ ਟੇਂਥਾ ਤੋਂ ਭਾਜਪਾ ਵਿਧਾਇਕ ਪੀ. ਬ੍ਰੋਜੇਨ ਅਤੇ ਇੰਫਾਲ ਪੂਰਬੀ ਜ਼ਿਲ੍ਹੇ 'ਚ ਖੁੰਦਰਾਕਪਾਮ ਤੋਂ ਕਾਂਗਰਸ ਵਿਧਾਇਕ ਥੋਕਚੋਮ ਲੋਕੇਸ਼ਵਰ ਦੇ ਘਰਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਐਤਵਾਰ ਸਵੇਰੇ ਇੰਫਾਲ ਘਾਟੀ ਦੇ ਸਾਰੇ 5 ਜ਼ਿਲ੍ਹਿਆਂ 'ਚ ਸਥਿਤੀ ਸ਼ਾਂਤੀ ਪਰ ਤਣਾਅਪੂਰਨ ਰਹੀ। ਜਿਰੀਬਾਮ 'ਚ 6 ਲੋਕਾਂ ਦੀਆਂ ਲਾਸ਼ਾਂ ਮਿਲਣ 'ਤੇ ਹਿੰਸਕ ਪ੍ਰਦਰਸ਼ਨਾਂ ਤੋਂ ਬਾਅਦ ਕਰਫਿਊ ਲਗਾਇਆ ਗਿਆ ਹੈ ਅਤੇ ਇੰਟਰਨੈੱਟ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News