ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਅਰਜ਼ੀ ਮੁੜ ਰੱਦ, ਦਿੱਲੀ SRB ਨੇ ਸੁਣਾਇਆ ਫੈਸਲਾ

Tuesday, Feb 10, 2026 - 06:08 PM (IST)

ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਅਰਜ਼ੀ ਮੁੜ ਰੱਦ, ਦਿੱਲੀ SRB ਨੇ ਸੁਣਾਇਆ ਫੈਸਲਾ

ਨੈਸ਼ਨਲ ਡੈਸਕ : ਦਿੱਲੀ ਦੀ ਸਜ਼ਾ ਸਮੀਖਿਆ ਬੋਰਡ (SRB) ਨੇ 1993 ਦੇ ਦਿੱਲੀ ਬੰਬ ਧਮਾਕੇ ਦੇ ਦੋਸ਼ੀ ਦਵਿੰਦਰ ਪਾਲ ਸਿੰਘ ਭੁੱਲਰ ਦੀ ਸਮੇਂ ਤੋਂ ਪਹਿਲਾਂ ਰਿਹਾਈ ਦੀ ਅਰਜ਼ੀ ਨੂੰ ਇੱਕ ਵਾਰ ਮੁੜ ਰੱਦ ਕਰ ਦਿੱਤਾ ਹੈ। ਅਧਿਕਾਰੀਆਂ ਅਨੁਸਾਰ ਬੋਰਡ ਨੇ ਆਪਣੀ ਹਾਲੀਆ ਮੀਟਿੰਗ ਵਿੱਚ ਭੁੱਲਰ ਸਮੇਤ 24 ਦੋਸ਼ੀਆਂ ਦੀ ਰਿਹਾਈ ਦੀ ਮੰਗ ਨੂੰ ਨਕਾਰ ਦਿੱਤਾ ਹੈ। ਦੱਸਣਯੋਗ ਹੈ ਕਿ ਭੁੱਲਰ ਨੂੰ 1993 ਵਿੱਚ ਹੋਏ ਇੱਕ ਧਮਾਕੇ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ, ਜਿਸ ਵਿੱਚ 9 ਲੋਕਾਂ ਦੀ ਮੌਤ ਹੋਈ ਸੀ ਤੇ 31 ਜ਼ਖਮੀ ਹੋਏ ਸਨ। ਇਸ ਹਮਲੇ ਵਿੱਚ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਐਮ.ਐਸ. ਬਿੱਟਾ ਵਾਲ-ਵਾਲ ਬਚ ਗਏ ਸਨ। ਭੁੱਲਰ ਨੂੰ ਅਗਸਤ 2001 ਵਿੱਚ ਟਾਡਾ ਅਦਾਲਤ ਵੱਲੋਂ ਮੌਤ ਦੀ ਸਜ਼ਾ ਸੁਣਾਈ ਗਈ ਸੀ, ਜਿਸ ਨੂੰ 2014 ਵਿੱਚ ਉਮਰ ਕੈਦ ਵਿੱਚ ਬਦਲ ਦਿੱਤਾ ਗਿਆ ਸੀ। ਸਿਹਤ ਕਾਰਨਾਂ ਕਰ ਕੇ ਉਸ ਨੂੰ ਜੂਨ 2015 ਵਿੱਚ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ।


 ਸੂਤਰਾਂ ਅਨੁਸਾਰ, ਬੋਰਡ ਦੇ ਕੁਝ ਮੈਂਬਰਾਂ ਨੇ ਭੁੱਲਰ ਦੀ ਰਿਹਾਈ ਦਾ ਵਿਰੋਧ ਕਰਦਿਆਂ ਤਰਕ ਦਿੱਤਾ ਕਿ ਉਸ ਦੇ ਅੱਤਵਾਦੀ ਕ੍ਰਿਤ ਕਾਰਨ ਬੇਗੁਨਾਹ ਲੋਕਾਂ ਦੀ ਜਾਨ ਗਈ ਸੀ। ਇਹ ਵੀ ਕਿਹਾ ਗਿਆ ਕਿ ਅਜਿਹੇ ਸਮੇਂ ਵਿੱਚ ਉਸ ਨੂੰ ਰਿਹਾਅ ਕਰਨਾ, ਜਦੋਂ ਵਿਦੇਸ਼ਾਂ ਅਤੇ ਪੰਜਾਬ ਵਿੱਚ ਖਾਲਿਸਤਾਨੀ ਪੱਖੀ ਆਵਾਜ਼ਾਂ ਮੁੜ ਉੱਠ ਰਹੀਆਂ ਹਨ, ਅਜਿਹੇ ਅਨਸਰਾਂ ਦੇ ਮਨੋਬਲ ਨੂੰ ਵਧਾ ਸਕਦਾ ਹੈ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ 2019 ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਭੁੱਲਰ ਸਮੇਤ ਅੱਠ ਸਿੱਖ ਕੈਦੀਆਂ ਨੂੰ ਵਿਸ਼ੇਸ਼ ਮਾਫ਼ੀ ਦੇਣ ਦੀ ਸਿਫ਼ਾਰਸ਼ ਵੀ ਕੀਤੀ ਸੀ।

ਦੂਜੇ ਪਾਸੇ, ਦਿੱਲੀ ਦੇ ਉਪ ਰਾਜਪਾਲ ਨੇ ਸਜ਼ਾ ਸਮੀਖਿਆ ਬੋਰਡ ਦੀ ਸਿਫ਼ਾਰਸ਼ 'ਤੇ ਉਮਰ ਕੈਦ ਕੱਟ ਰਹੇ 26 ਹੋਰ ਕੈਦੀਆਂ ਦੀ ਬਾਕੀ ਸਜ਼ਾ ਮਾਫ਼ ਕਰ ਦਿੱਤੀ ਹੈ। ਇਹਨਾਂ ਵਿੱਚ ਇੱਕ ਨਾਈਜੀਰੀਅਨ ਨਾਗਰਿਕ ਕੇਨੇਥ ਚਿਡੀ ਓਨਿਘਾਲਾ ਵੀ ਸ਼ਾਮਲ ਹੈ, ਜਿਸ ਨੂੰ ਹੱਤਿਆ ਅਤੇ ਲੁੱਟ ਦੇ ਮਾਮਲੇ ਵਿੱਚ ਸਜ਼ਾ ਹੋਈ ਸੀ। ਉਸਨੂੰ ਰਿਹਾਈ ਤੋਂ ਤੁਰੰਤ ਬਾਅਦ ਉਸਦੇ ਦੇਸ਼ ਭੇਜ ਦਿੱਤਾ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Shubam Kumar

Content Editor

Related News