ਅਮਿਤ ਸ਼ਾਹ ਨੇ ਜਵਾਨਾਂ ਤੇ ਉਨ੍ਹਾਂ ਦੇ ਪਰਿਵਾਰਾਂ ਲਈ ਹੈਲਥਕੇਅਰ ਸਕੀਮ ਕੀਤੀ ਲਾਂਚ

Wednesday, Nov 03, 2021 - 02:44 PM (IST)

ਅਮਿਤ ਸ਼ਾਹ ਨੇ ਜਵਾਨਾਂ ਤੇ ਉਨ੍ਹਾਂ ਦੇ ਪਰਿਵਾਰਾਂ ਲਈ ਹੈਲਥਕੇਅਰ ਸਕੀਮ ਕੀਤੀ ਲਾਂਚ

ਨਵੀਂ ਦਿੱਲੀ- ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਸ਼ਾਮ ਕੇਂਦਰੀ ਹਥਿਆਰਬੰਦ ਪੁਲਸ ਫ਼ੋਰਸ (ਸੀ.ਏ.ਪੀ.ਐੱਫ.) ਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰ ਦੇ ਧਿਆਨ ਲਈ ਇਕ ਹੈਲਥਕੇਅਰ ਸਕੀਮ ਲਾਂਚ ਕੀਤੀ। ਇਸ ਦੇ ਅਧੀਨ ਸਾਰੇ ਕੇਂਦਰੀ ਨੀਮ ਫ਼ੌਜੀ ਫ਼ੋਰਸਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਆਯੂਸ਼ਮਾਨ ਭਾਰਤ ਯੋਜਨਾ ਅਧੀਨ ਮੁਫ਼ਤ ਅਤੇ ਨਕਦੀ ਰਹਿਤ ਇਲਾਜ ਉਪਲੱਬਧ ਹੋਵੇਗਾ। ਉਹ ਕਿਸੇ ਵੀ ਸੀ.ਜੀ.ਐੱਚ.ਐੱਸ. ਹਸਪਤਾਲ ਜਾਂ ਆਯੂਸ਼ਮਾਨ ਭਾਰਤ ਅਧੀਨ ਮਾਨਤਾ ਪ੍ਰਾਪਤ ਹਸਪਤਾਲ 'ਚ ਨਕਦ ਰਹਿਤ ਇਲਾਜ ਦੀ ਸਹੂਲਤ ਪ੍ਰਾਪਤ ਕਰ ਸਕਦੇ ਹਨ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐੱਨ.ਐੱਸ.ਜੀ. ਦੇ ਜਵਾਨ ਨੂੰ ਆਯੂਸ਼ਮਾਨ ਕਾਰਡ ਸੌਂਪ ਕੇ ਇਸ ਯੋਜਨਾ ਦੀ ਸ਼ੁਰੂਆਤ ਕੀਤੀ। ਗ੍ਰਹਿ ਮੰਤਰਾਲੇ ਨੇ 31 ਦਸੰਬਰ ਤੱਕ ਕੇਂਦਰੀ ਨੀਮ ਫ਼ੌਜੀ ਫ਼ੋਰਸ ਦੇ ਸਾਰੇ 35 ਲੱਖ ਜਵਾਨਾਂ ਨੂੰ ਆਯੂਸ਼ਮਾਨ ਕਾਰਡ ਦੇਣ ਦਾ ਟੀਚਾ ਰੱਖਿਆ ਹੈ।

ਗ੍ਰਹਿ ਮੰਤਰਾਲੇ ਦੇ ਅਧੀਨ 7 ਕੇਂਦਰੀ ਨੀਮ ਫ਼ੌਜੀ ਫ਼ੋਰਸਾਂ ਹਨ। ਇਨ੍ਹਾਂ 'ਚ ਨੈਸ਼ਨਲ ਸਕਿਓਰਿਟੀ ਗਾਰਡ (NSG),ਅਸਾਮ ਰਾਈਫਲਜ਼, ਭਾਰਤ-ਤਿੱਬਤ ਸਰਹੱਦੀ ਪੁਲਸ (ITBP),ਸਸ਼ਤਰ ਸੀਮਾ ਬਲ (SSB), ਕੇਂਦਰੀ ਉਦਯੋਗਿਕ ਸੁਰੱਖਿਆ ਫ਼ੋਰਸ (CISF), ਸਰਹੱਦੀ ਸੁਰੱਖਿਆ ਫ਼ੋਰਸ (BSF) ਤੇ ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (CRPF) ਸ਼ਾਮਲ ਹਨ। ਇਨ੍ਹਾਂ ਸਾਰਿਆਂ ਲਈ ਰਾਸ਼ਟਰੀ ਪੱਧਰ 'ਤੇ ਆਯੁਸ਼ਮਾਨ ਸੀ.ਏ.ਪੀ.ਐੱਫ. ਯੋਜਨਾ ਦੀ ਸ਼ੁਰੂਆਤ ਕਰਦੇ ਹੋਏ ਅਮਿਤ ਸ਼ਾਹ ਨੇ ਕਿਹਾ ਕਿ ਮੋਦੀ ਸਰਕਾਰ ਨੇ ਹਮੇਸ਼ਾ ਸੁਰੱਖਿਆ ਫ਼ੋਰਸਾਂ ਦੇ ਹਿੱਤਾਂ ਦਾ ਧਿਆਨ ਰੱਖਿਆ ਹੈ ਅਤੇ ਇਹ ਉਸੇ ਲੜੀ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਇਸ ਸਕੀਮ ਤਹਿਤ ਕੇਂਦਰੀ ਨੀਮ ਫ਼ੌਜੀ ਫ਼ੋਰਸਾਂ ਦੇ ਸਾਰੇ ਸੇਵਾਦਾਰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਕਵਰ ਕੀਤਾ ਜਾਵੇਗਾ। ਇਹ ਯੋਜਨਾ ਗ੍ਰਹਿ ਮੰਤਰਾਲੇ, ਸਿਹਤ ਮੰਤਰਾਲੇ ਅਤੇ ਰਾਸ਼ਟਰੀ ਸਿਹਤ ਅਥਾਰਟੀ ਦੁਆਰਾ ਸਾਂਝੇ ਤੌਰ 'ਤੇ ਤਿਆਰ ਕੀਤੀ ਗਈ ਹੈ। ਦੱਸਣਯੋਗ ਹੈ ਕਿ ਅਮਿਤ ਸ਼ਾਹ ਨੇ ਇਸ ਸਾਲ ਜਨਵਰੀ 'ਚ ਆਸਾਮ ਤੋਂ ਇਸ ਯੋਜਨਾ ਦਾ ਪਾਇਲਟ ਪ੍ਰਾਜੈਕਟ ਸ਼ੁਰੂ ਕੀਤਾ ਸੀ। ਇਸ ਤੋਂ ਬਾਅਦ ਦਸੰਬਰ ਤੱਕ ਆਜ਼ਾਦੀ ਦੇ ਅੰਮ੍ਰਿਤ ਸਮਾਗਮ ਤਹਿਤ 7.5 ਲੱਖ ਕਾਰਡ ਸੌਂਪਣ ਦੀ ਤਿਆਰੀ ਕੀਤੀ ਗਈ ਪਰ ਬਾਅਦ 'ਚ ਇਸ ਨੂੰ ਵਧਾ ਕੇ ਸਾਰੇ 35 ਲੱਖ ਜਵਾਨਾਂ ਨੂੰ ਦੇਣ ਦਾ ਫ਼ੈਸਲਾ ਕੀਤਾ ਗਿਆ।


author

DIsha

Content Editor

Related News