ਸਰਕਾਰ ਦੇ ਲਿਖਤੀ ਪ੍ਰਸਤਾਵ 'ਤੇ ਕਿਸਾਨ ਕਰਨਗੇ ਚਰਚਾ, ਸ਼ਾਮ ਤੱਕ ਸਭ ਹੋ ਜਾਵੇਗਾ ਸਾਫ਼ : ਰਾਕੇਸ਼ ਟਿਕੈਤ

12/09/2020 11:28:04 AM

ਨਵੀਂ ਦਿੱਲੀ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਬੁੱਧਵਾਰ ਨੂੰ ਹੋਈ ਬੈਠਕ ਨੂੰ ਸਕਾਰਾਤਮਕ ਦੱਸਦੇ ਹੋਏ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਕਿ ਅੱਜ ਸਰਕਾਰ ਦੇ ਪ੍ਰਸਤਾਵ ਤੋਂ ਬਾਅਦ ਕਿਸਾਨ ਆਪਸ 'ਚ ਚਰਚਾ ਕਰਨਗੇ। ਅਜਿਹੇ 'ਚ ਉਮੀਦ ਹੈ ਕਿ ਸ਼ਾਮ ਤੱਕ ਸਭ ਕੁਝ ਸਾਫ਼ ਹੋ ਜਾਵੇਗਾ। ਰਾਕੇਸ਼ ਟਿਕੈਤ ਅਨੁਸਾਰ, ਬੁੱਧਵਾਰ ਨੂੰ ਉਨ੍ਹਾਂ ਦੀ ਅਮਿਤ ਸ਼ਾਹ ਨਾਲ ਲੰਬੀ ਗੱਲ ਹੋਈ। ਜਿਸ ਤੋਂ ਬਾਅਦ ਹੁਣ ਪਹਿਲੀ ਵਾਰ ਸਰਕਾਰ ਕੋਈ ਲਿਖਤੀ ਪ੍ਰਸਤਾਵ ਦੇ ਰਹੀ ਹੈ, ਅਸੀਂ ਹਾਂ ਜਾਂ ਨਾ ਦੀ ਸਟੇਜ ਤੋਂ ਅੱਗੇ ਵਧੇ ਹਾਂ। ਰਾਕੇਸ਼ ਅਨੁਸਾਰ, ਹੁਣ ਸਰਕਾਰ ਦੇ ਨਾਲ ਹੋਣ ਵਾਲੀ 6ਵੇਂ ਦੌਰ ਦੀ ਬੈਠਕ ਨਹੀਂ ਹੋਵੇਗੀ, ਸਿਰਫ਼ ਲਿਖਤੀ ਪ੍ਰਸਤਾਵ 'ਤੇ ਕਿਸਾਨ ਚਰਚਾ ਕਰਨਗੇ।

ਇਹ ਵੀ ਪੜ੍ਹੋ : ਸ਼ਾਹ ਨਾਲ ਬੈਠਕ ਤੋਂ ਬਾਅਦ ਅਸੰਤੁਸ਼ਟ ਦਿਖੇ ਕਿਸਾਨ ਆਗੂ, ਹੁਣ ਲਿਖਤੀ ਪ੍ਰਸਤਾਵ ਦਾ ਇੰਤਜ਼ਾਰ

PunjabKesari

ਆਪਣੀ ਸਮੱਸਿਆ ਦਾ ਹੱਲ ਚਾਹੁੰਦਾ ਹੈ ਕਿਸਾਨ
ਰਾਕੇਸ਼ ਟਿਕੈਤ ਨੇ ਦੱਸਿਆ ਕਿ ਕਿਸਾਨ ਸੰਗਠਨਾਂ 'ਚ ਕੁਝ ਦਲ ਨਰਮ ਹਨ ਤਾਂ ਕੁਝ ਗਰਮ, ਅਜਿਹੇ 'ਚ ਹਰ ਕਿਸੇ ਨੂੰ ਨਾਲ ਲੈ ਕੇ ਚੱਲਣਾ ਪਵੇਗਾ। ਕਿਸਾਨ ਗੱਲਬਾਤ ਚਾਹੁੰਦਾ ਹੈ ਅਤੇ ਆਪਣੀ ਸਮੱਸਿਆ ਦਾ ਹੱਲ ਚਾਹੁੰਦਾ ਹੈ। ਹਾਲਾਂਕਿ ਕਿਸਾਨ ਨੇਤਾ ਸੁਖਵਿੰਦਰ ਸਿੰਘ ਦਾ ਕਹਿਣਾ ਹੈ ਕਿ ਸਰਕਾਰ ਦੇ ਪ੍ਰਸਤਾਵ 'ਚ ਕੁਝ ਨਵਾਂ ਨਿਕਲਣ ਵਾਲਾ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਕੁਝ ਦੇਣ ਵਾਲੀ ਨਹੀਂ ਹੈ ਪਰ ਸਾਡੀਆਂ ਵੀ ਮੰਗਾਂ ਤਿੰਨੋਂ ਕਾਨੂੰਨਾਂ ਨੂੰ ਵਾਪਸ ਕਰਨਾ, ਐੱਮ.ਐੱਸ.ਪੀ. ਨੂੰ ਲੈ ਕੇ ਗਾਰੰਟੀ ਕਾਨੂੰਨ ਬਣਾਉਣਾ ਹੈ। ਸੁਖਵਿੰਦਰ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਕਾਨੂੰਨਾਂ ਨੂੰ ਵਾਪਸ ਨਹੀਂ ਕਰਦੀ ਹੈ, ਉਦੋਂ ਤੱਕ ਸਾਡਾ ਅੰਦੋਲਨ ਜਾਰੀ ਰਹੇਗਾ। ਇਕ ਹੋਰ ਕਿਸਾਨ ਨੇਤਾ ਜਸਵੀਰ ਸਿੰਘ ਦਾ ਕਹਿਣਾ ਹੈ ਕਿ ਦੇਖਦੇ ਹਾਂ ਸਰਕਾਰ ਕੀ ਪ੍ਰਸਤਾਵ ਭੇਜਦੀ ਹੈ, ਉਸ ਤੋਂ ਬਾਅਦ ਕਿਸਾਨ ਨੇਤਾਵਾਂ ਦੀ ਬੈਠਕ ਹੋਵੇਗੀ। ਜਿਸ 'ਚ ਅੱਗੇ ਦੀ ਰਣਨੀਤੀ ਤੈਅ ਹੋਵੇਗੀ ਪਰ ਇੰਨਾ ਤੈਅ ਹੈ ਕਿ ਤਿੰਨੋਂ ਕਾਨੂੰਨਾਂ ਨੂੰ ਵਾਪਸ ਅਤੇ ਐੱਮ.ਐੱਸ.ਪੀ. ਨੂੰ ਲੈ ਕੇ ਕਾਨੂੰਨ ਤੋਂ ਘੱਟ 'ਚ ਅਸੀਂ ਮੰਨਣ ਵਾਲੇ ਨਹੀਂ ਹਾਂ। ਦੱਸਣਯੋਗ ਹੈ ਕਿ ਮੰਗਲਵਾਰ ਨੂੰ ਭਾਰਤ ਬੰਦ ਤੋਂ ਬਾਅਦ ਕਰੀਬ ਇਕ ਦਰਜਨ ਨੇਤਾਵਾਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਇਸ ਬੈਠਕ ਤੋਂ ਬਾਅਦ ਤੈਅ ਹੋਇਆ ਸੀ ਕਿ ਸਰਕਾਰ ਲਿਖਤੀ ਪ੍ਰਸਤਾਵ ਭੇਜੇਗੀ ਅਤੇ 6ਵੇਂ ਦੌਰ ਦੀ ਬੈਠਕ ਰੱਦ ਹੋ ਗਈ ਹੈ।

ਇਹ ਵੀ ਪੜ੍ਹੋ : ਕਿਸਾਨਾਂ ਦੀ ਅਮਿਤ ਸ਼ਾਹ ਨਾਲ ਬੈਠਕ ਵੀ ਬੇਸਿੱਟਾ, ਬਿੱਲ ਵਾਪਸ ਲੈਣ ਨੂੰ ਤਿਆਰ ਨਹੀਂ ਸਰਕਾਰ

ਨੋਟ : ਸਰਕਾਰ ਦੇ ਲਿਖਤੀ ਪ੍ਰਸਤਾਵ ਨਾਲ ਕੀ ਨਿਕਲੇਗਾ ਕੋਈ ਹੱਲ, ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


DIsha

Content Editor

Related News