21 ਸੂਬਿਆਂ ’ਚ 2029 ਤੋਂ ਪਹਿਲਾਂ ਲਾਗੂ ਕਰਾਂਗੇ ਇਕਸਾਰ ਸਿਵਲ ਕੋਡ : ਅਮਿਤ ਸ਼ਾਹ
Monday, Sep 14, 2026 - 11:40 AM (IST)
ਮੁੰਬਈ (ਏਜੰਸੀ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਕਿਹਾ ਕਿ 21 ਸੂਬਿਆਂ ਦੀ ਭਾਜਪਾ ਅਗਵਾਈ ਵਾਲੀ ਰਾਸ਼ਟਰੀ ਜਨਤੰਤਰਿਕ ਗੱਠਜੋੜ (ਰਾਜਗ) ਦੀਆਂ ਸਰਕਾਰਾਂ 2029 ਤੋਂ ਪਹਿਲਾਂ ਇਕਸਾਰ ਸਿਵਲ ਕੋਡ (ਯੂ.ਸੀ.ਸੀ.) ਲਾਗੂ ਕਰਨਗੀਆਂ। ਸ਼ਾਹ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕੇਂਦਰ ਸਰਕਾਰ ਦੀਆਂ ਪਿਛਲੇ 12 ਸਾਲਾਂ ਦੀਆਂ ਪ੍ਰਾਪਤੀਆਂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਭਾਜਪਾ ਦੀ 25 ਸਾਲਾਂ ਦੀ ਯਾਤਰਾ ਦਾ ਜ਼ਿਕਰ ਕੀਤਾ।
ਸ਼ਾਹ ਨੇ ਕਿਹਾ,“ਤਿੰਨ ਤਲਾਕ ਨੂੰ ਖਤਮ ਕਰ ਕੇ ਮੁਸਲਿਮ ਔਰਤਾਂ ਨੂੰ ਬਰਾਬਰ ਅਧਿਕਾਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਭਾਰਤੀ ਨਿਆਂ ਸੰਹਿਤਾ ਦੇ ਜ਼ਰੀਏ ਦੇਸ਼ ਦੀ ਅਪਰਾਧਿਕ ਨਿਆਂ ਪ੍ਰਣਾਲੀ ਨੂੰ ਮਜ਼ਬੂਤ ਕੀਤਾ ਹੈ ਅਤੇ ਦਾਅਵਾ ਕੀਤਾ ਕਿ ਕਈ ਸੂਬਿਆਂ ’ਚ ਇਕ ਸਾਲ ’ਚ ਦੋਸ਼-ਸਿੱਧੀ ਦਰ ’ਚ 30 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ।
ਰਾਸ਼ਟਰੀ ਸੁਰੱਖਿਆ ਦੇ ਮੁੱਦੇ ’ਤੇ ਸ਼ਾਹ ਨੇ ਕਿਹਾ ਕਿ ਆਰਟੀਕਲ 370 ਅਤੇ 35ਏ ਨੂੰ ਬਿਨਾਂ ਇਕ ਬੂੰਦ ਖੂਨ ਵਹਾਏ ਜਾਂ ਇਕ ਗੋਲੀ ਚਲਾਏ ਖਤਮ ਕੀਤਾ ਗਿਆ ਅਤੇ ਦਾਅਵਾ ਕੀਤਾ ਕਿ ਕਸ਼ਮੀਰ ਹੁਣ ਭਾਰਤ ਨਾਲ ਪੂਰੀ ਤਰ੍ਹਾਂ ਇਕ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ 5 ਦਹਾਕਿਆਂ ਤੋਂ ਜਾਰੀ ਨਕਸਲਵਾਦ ਨੂੰ ਖਤਮ ਕੀਤਾ ਹੈ ਅਤੇ ਦੇਸ਼ ਦੇ ਉੱਤਰ-ਪੂਰਬੀ ਖੇਤਰ ’ਚ 14 ਤੋਂ ਵੱਧ ਸ਼ਾਂਤੀ ਸਮਝੌਤਿਆਂ ’ਤੇ ਦਸਤਖ਼ਤ ਕੀਤੇ ਹਨ।’’ ਸ਼ਾਹ ਨੇ ਕਿਹਾ ਕਿ ਸਰਜੀਕਲ ਸਟ੍ਰਾਈਕ, ਹਵਾਈ ਹਮਲੇ ਅਤੇ ਆਪ੍ਰੇਸ਼ਨ ਸਿੰਧੂਰ ਨੇ ਅੱਤਵਾਦ ਨੂੰ ‘ਬਿਲਕੁਲ ਬਰਦਾਸ਼ਤ ਨਾ ਕਰਨ ਦੀ ਨੀਤੀ’ ਸਥਾਪਤ ਕੀਤੀ ਹੈ।
ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਭਾਰਤ ਨੂੰ ਭ੍ਰਿਸ਼ਟਾਚਾਰ, ਜਾਤੀਵਾਦ ਅਤੇ ਪਰਿਵਾਰਵਾਦੀ ਰਾਜਨੀਤੀ ਦੀਆਂ ਬੁਰਾਈਆਂ ਤੋਂ ਦੂਰ ਲਿਜਾ ਕੇ ‘ਕਾਰਜਕੁਸ਼ਲਤਾ ਪ੍ਰਦਰਸ਼ਨ ਆਧਾਰਿਤ ਰਾਜਨੀਤੀ’ ਦੇ ਇਕ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ ਹੈ। ਇਸ ਦੌਰਾਨ ਅਮਿਤ ਸ਼ਾਹ ਨੇ ਐਤਵਾਰ ਨੂੰ ਕਿਹਾ ਕਿ ਦੇਸ਼ ਦੇ ਇਤਿਹਾਸ ਅਤੇ ਗਿਆਨ ਨੂੰ ਨਿਵੇਸ਼ਵਾਦੀ ਪ੍ਰਭਾਵ ਤੋਂ ਮੁਕਤ ਕਰਨ ਦਾ ਮਤਲਬ ਬੀਤੇ ਸਮੇਂ ਨੂੰ ਖਤਮ ਕਰਨਾ ਨਹੀਂ, ਸਗੋਂ ‘ਭਾਰਤੀ ਨਜ਼ਰੀਏ ਤੋਂ ਇਤਿਹਾਸਕ ਸੱਚਾਈ ਨੂੰ ਪ੍ਰਮਾਣਿਕ ਤਰੀਕੇ ਨਾਲ ਦੁਨੀਆ ਦੇ ਸਾਹਮਣੇ ਪੇਸ਼ ਕਰਨਾ ਹੈ।’
ਦੇਸ਼ ਤੋਂ ਘੁਸਪੈਠੀਆਂ ਨੂੰ ਬਾਹਰ ਕੱਢਾਂਗੇ
ਗੈਰ-ਕਾਨੂੰਨੀ ਬੰਗਲਾਦੇਸ਼ੀ ਘੁਸਪੈਠੀਆਂ ਅਤੇ ਮੁੰਬਈ ਵਰਗੇ ਸ਼ਹਿਰਾਂ ’ਚ ਉਨ੍ਹਾਂ ਦੀ ਪਛਾਣ ਕੀਤੇ ਜਾਣ ਬਾਰੇ ਪੁੱਛੇ ਜਾਣ ’ਤੇ ਅਮਿਤ ਸ਼ਾਹ ਨੇ ਕਿਹਾ ਕਿ ਸਰਕਾਰ ਉਨ੍ਹਾਂ ਦੀ ਪਛਾਣ ਕਰਨ ਲਈ ਵਰਤੇ ਜਾਣ ਵਾਲੇ ਤਰੀਕਿਆਂ ਦਾ ਖੁਲਾਸਾ ਨਹੀਂ ਕਰੇਗੀ। ਉਨ੍ਹਾਂ ਵਿਅੰਗ ਕੱਸਦਿਆਂ ਕਿਹਾ, ‘‘ਤੁਸੀਂ ਗ੍ਰਹਿ ਮੰਤਰੀ ਨੂੰ ਕਹਿ ਰਹੇ ਹੋ ਕਿ ਉਹ ਤਰੀਕਿਆਂ ਨੂੰ ਜਨਤਕ ਕਰ ਦੇਣ ਅਤੇ ਤੁਹਾਨੂੰ ਦੱਸ ਦੇਣ ਕਿ ਇਹ ਕਿਵੇਂ ਕੀਤਾ ਜਾਵੇਗਾ। ਫਿਰ ਅਸੀਂ ਉਨ੍ਹਾਂ ਨੂੰ ਕਿਵੇਂ ਫੜਾਂਗੇ? ਉਨ੍ਹਾਂ ਨੂੰ ਵੀ ਪਤਾ ਲੱਗ ਜਾਵੇਗਾ।’’
ਉਨ੍ਹਾਂ ਕਿਹਾ, ‘‘ਮੈਂ ਆਪਣੇ ਸੰਕਲਪ ਨੂੰ ਦੁਹਰਾਉਂਦਾ ਹਾਂ ਕਿ ਅਸੀਂ ਇਸ ਦੇਸ਼ ਦੇ ਇਕ-ਇਕ ਘੁਸਪੈਠੀਏ ਦੀ ਪਛਾਣ ਕਰਾਂਗੇ ਅਤੇ ਇਕ-ਇਕ ਕਰ ਕੇ ਉਨ੍ਹਾਂ ਨੂੰ ਦੇਸ਼ ਤੋਂ ਬਾਹਰ ਭੇਜਾਂਗੇ।’’ ਸਰਕਾਰ ਦੀ ਨਸ਼ੀਲੇ ਪਦਾਰਥ-ਰੋਕੂ ਮੁਹਿੰਮ ’ਤੇ ਸ਼ਾਹ ਨੇ ਕਿਹਾ ਕਿ ਉਨ੍ਹਾਂ ਨੇ ਹਾਲ ਹੀ ’ਚ ‘ਨਸ਼ਾ ਮੁਕਤ ਭਾਰਤ ਮੁਹਿੰਮ’ ਸ਼ੁਰੂ ਕੀਤੀ ਹੈ ਅਤੇ ਇਸ ਮੁਹਿੰਮ ਤਹਿਤ ਹਰ ਸੂਬੇ ਦਾ ਦੌਰਾ ਕਰਨਗੇ। ਸ਼ਾਹ ਨੇ ਕਿਹਾ, ‘‘ਇਹ ਯਕੀਨੀ ਤੌਰ ’ਤੇ ਜ਼ਮੀਨੀ ਪੱਧਰ ਤੱਕ ਪਹੁੰਚੇਗਾ ਅਤੇ ਭਾਰਤ ਨਸ਼ੀਲੇ ਪਦਾਰਥਾਂ ਦੇ ਖਿਲਾਫ ਜਿੱਤ ਹਾਸਲ ਕਰੇਗਾ।’’
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
