2029 ਤੋਂ ਪਹਿਲਾਂ ਭਾਜਪਾ ਸ਼ਾਸਿਤ ਸੂਬਿਆਂ ''ਚ ਲਾਗੂ ਹੋਵੇਗਾ UCC : ਅਮਿਤ ਸ਼ਾਹ
Sunday, Sep 13, 2026 - 06:02 PM (IST)
ਨੈਸ਼ਨਲ ਡੈਸਕ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੰਕੇਤ ਦਿੱਤਾ ਹੈ ਕਿ 2029 ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ (ਭਾਜਪਾ) ਸ਼ਾਸਿਤ ਸੂਬਿਆਂ 'ਚ ਸਮਾਨ ਨਾਗਰਿਕ ਸੰਹਿਤਾ (ਯੂਸੀਸੀ) ਲਾਗੂ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਪਾਰਟੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮਦਿਨ ਦੇ ਮੌਕੇ 'ਤੇ ਦੇਸ਼ ਭਰ ਵਿੱਚ ਇੱਕ ਮਹੀਨਾ ਲੰਬਾ 'ਸੇਵਾ ਸੰਕਲਪ ਅਭਿਆਨ' ਚਲਾਉਣ ਦੀ ਯੋਜਨਾ ਬਣਾਈ ਹੈ।
ਇਹ 'ਸੇਵਾ ਸੰਕਲਪ ਅਭਿਆਨ' 17 ਸਤੰਬਰ ਨੂੰ ਪ੍ਰਧਾਨ ਮੰਤਰੀ ਮੋਦੀ ਦੇ ਜਨਮਦਿਨ ਤੋਂ ਸ਼ੁਰੂ ਹੋ ਕੇ 17 ਅਕਤੂਬਰ ਤੱਕ ਚਲਾਇਆ ਜਾਵੇਗਾ। ਇਸ ਅਭਿਆਨ ਵਿੱਚ ਕੇਵਲ ਭਾਜਪਾ ਹੀ ਨਹੀਂ, ਸਗੋਂ ਇਸ ਦੇ ਐਨਡੀਏ (NDA) ਸਹਿਯੋਗੀ ਦਲ, ਵੱਖ-ਵੱਖ ਸਵੈ-ਇੱਛੁਕ ਸੰਸਥਾਵਾਂ (ਐਨਜੀਓ) ਅਤੇ ਆਮ ਨਾਗਰਿਕ ਵੀ ਵੱਡੀ ਗਿਣਤੀ ਵਿੱਚ ਹਿੱਸਾ ਲੈਣਗੇ। ਪਹਿਲਾਂ ਭਾਜਪਾ ਵਲੋਂ 17 ਸਤੰਬਰ ਤੋਂ 2 ਅਕਤੂਬਰ ਤੱਕ ਜਾਂ ਇੱਕ ਹਫ਼ਤੇ ਲਈ ਹੀ 'ਸੇਵਾ ਸਪਤਾਹ' ਮਨਾਇਆ ਜਾਂਦਾ ਸੀ, ਪਰ ਇਸ ਵਾਰ ਇਸ ਦੀ ਮਿਆਦ ਵਧਾ ਕੇ ਪੂਰਾ ਇੱਕ ਮਹੀਨਾ ਕਰ ਦਿੱਤੀ ਗਈ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ 7 ਅਕਤੂਬਰ 2026 ਨੂੰ ਨਰਿੰਦਰ ਮੋਦੀ ਦੇ ਮੁੱਖ ਮੰਤਰੀ ਅਤੇ ਪ੍ਰਧਾਨ ਮੰਤਰੀ ਵਜੋਂ ਲਗਾਤਾਰ ਜਨਤਕ ਸੇਵਾ ਦੇ 25 ਸਾਲ ਪੂਰੇ ਹੋ ਰਹੇ ਹਨ।
ਅਮਿਤ ਸ਼ਾਹ ਅਨੁਸਾਰ ਇਸ ਅਭਿਆਨ ਦਾ ਦਾਇਰਾ ਰਾਸ਼ਟਰੀ ਪੱਧਰ ਤੋਂ ਲੈ ਕੇ ਸਥਾਨਕ ਪੱਧਰ ਤੱਕ ਵਿਆਪਕ ਰੱਖਿਆ ਗਿਆ ਹੈ। ਇਸ ਅਭਿਆਨ ਨੂੰ ਦੇਸ਼ ਦੇ ਹਰੇਕ ਰਾਜ, ਕੇਂਦਰ ਸ਼ਾਸਿਤ ਪ੍ਰਦੇਸ਼, ਪ੍ਰਸ਼ਾਸਨਿਕ ਇਕਾਈ, ਜ਼ਿਲ੍ਹੇ, ਲੋਕ ਸਭਾ ਹਲਕੇ, ਵਿਧਾਨ ਸਭਾ ਹਲਕੇ ਅਤੇ ਹਰੇਕ ਪੋਲਿੰਗ ਬੂਥ ਤੱਕ ਲੈ ਕੇ ਜਾਣ ਦੀ ਯੋਜਨਾ ਬਣਾਈ ਗਈ ਹੈ। ਇਸ ਤਰ੍ਹਾਂ ਇੱਕ ਪਾਸੇ 2029 ਤੋਂ ਪਹਿਲਾਂ ਯੂਸੀਸੀ ਲਾਗੂ ਕਰਨ ਦਾ ਸੰਕੇਤ ਭਾਜਪਾ ਦੇ ਵੱਡੇ ਸਿਆਸੀ ਏਜੰਡੇ ਨਾਲ ਜੁੜਿਆ ਹੋਇਆ ਹੈ, ਉੱਥੇ ਹੀ ਦੂਜੇ ਪਾਸੇ ਇੱਕ ਮਹੀਨੇ ਦੇ ਸੇਵਾ ਅਭਿਆਨ ਰਾਹੀਂ ਪਾਰਟੀ ਸੰਗਠਨ ਅਤੇ ਆਮ ਜਨਤਾ ਨੂੰ ਆਪਸ ਵਿੱਚ ਜੋੜਨ ਦਾ ਯਤਨ ਕੀਤਾ ਜਾ ਰਿਹਾ ਹੈ।
