ਪੁਲਸ ਦਾ ਆਧੁਨਿਕੀਕਰਨ : ਗੈਰ-ਰਾਜਗ ਸੂਬਿਆਂ ਪ੍ਰਤੀ ਸ਼ਾਹ ਉਦਾਰ ਕਿਉਂ ?
Sunday, Sep 06, 2026 - 10:46 AM (IST)
ਅਜਿਹਾ ਲੱਗਦਾ ਹੈ ਕਿ ਪੁਲਸ ਦੇ ਆਧੁਨਿਕੀਕਰਨ ਲਈ ਫੰਡ ਜਾਰੀ ਕਰਨ ਦੇ ਮਾਮਲੇ ’ਚ ਕੇਂਦਰੀ ਗ੍ਰਹਿ ਮੰਤਰਾਲਾ ਗੈਰ-ਰਾਜਗ ਸੂਬਿਆਂ ਪ੍ਰਤੀ ਉਦਾਰ ਹੈ। ਕਈ ਲੋਕਾਂ ਨੂੰ ਇਸ ਗੱਲ ’ਤੇ ਹੈਰਾਨੀ ਹੋਈ ਕਿ ਅਮਿਤ ਸ਼ਾਹ ਦੀ ਅਗਵਾਈ ਵਾਲੇ ਗ੍ਰਹਿ ਮੰਤਰਾਲਾ ਨੇ ਤਾਮਿਲਨਾਡੂ, ਤੇਲੰਗਾਨਾ, ਕਰਨਾਟਕ ਤੇ ਕੇਰਲ ਵਰਗੇ ਗੈਰ- ਰਾਜਗ ਸੂਬਿਆਂ ਨੂੰ ਖੁੱਲ੍ਹ ਕੇ ਫੰਡ ਅਲਾਟ ਕੀਤੇ। ‘ਆਪ’ ਦੀ ਅਗਵਾਈ ਵਾਲੇ ਪੰਜਾਬ ਨੂੰ 15.41 ਕਰੋੜ ਰੁਪਏ ਤੇ ਹਰਿਆਣਾ ਨੂੰ ਸਿਰਫ 1.08 ਕਰੋੜ ਰੁਪਏ ਮਿਲੇ।
ਗ੍ਰਹਿ ਮੰਤਰਾਲਾ ਨੇ 2023-24 ਤੋਂ 2025-26 ਤੱਕ 3 ਵਿੱਤੀ ਸਾਲਾਂ ਦੌਰਾਨ ਫੰਡ ਜਾਰੀ ਕੀਤੇ। ਇਸ ਸਮੇਂ ਦੌਰਾਨ ਤਾਮਿਲਨਾਡੂ ਤੇ ਤੇਲੰਗਾਨਾ ਨੂੰ ਕਿਸੇ ਵੀ ਹੋਰ ਭਾਜਪਾ-ਰਾਜਗ ਸ਼ਾਸਿਤ ਸੂਬੇ ਨਾਲੋਂ ਵੱਧ ਫੰਡ ਮਿਲੇ। ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਇਸ 3 ਸਾਲਾਂ ਦੀ ਮਿਆਦ ਦੌਰਾਨ ਮਹਾਰਾਸ਼ਟਰ ਤੇ ਝਾਰਖੰਡ ਨੂੰ ਪੁਲਸ ਦੇ ਆਧੁਨਿਕੀਕਰਨ ਲਈ ਕੋਈ ਪੈਸਾ ਨਹੀਂ ਮਿਲਿਆ।
ਤਾਮਿਲਨਾਡੂ ਨੂੰ ਸਭ ਤੋਂ ਵੱਧ ਕੁੱਲ 84.84 ਕਰੋੜ ਰੁਪਏ ਮਿਲੇ ਜਦੋਂ ਕਿ ਤੇਲੰਗਾਨਾ ਨੂੰ 47.59 ਕਰੋੜ, ਗੁਜਰਾਤ ਨੂੰ 45 ਕਰੋੜ ਤੇ ਛੱਤੀਸਗੜ੍ਹ ਨੂੰ ਵੀ 45 ਕਰੋੜ ਰੁਪਏ ਹੀ ਮਿਲੇ। ਉੱਤਰ-ਪੂਰਬੀ ਸੂਬਿਆਂ ਚੋਂ ਨਾਗਾਲੈਂਡ ਨੂੰ ਸਭ ਤੋਂ ਵੱਧ 83 ਕਰੋੜ ਰੁਪਏ ਮਿਲੇ। ਗ੍ਰਹਿ ਮੰਤਰਾਲਾ ਨੇ ਪਿਛਲੇ 3 ਸਾਲਾਂ ’ਚ ਸੂਬਿਆਂ ਨੂੰ 627.78 ਕਰੋੜ ਰੁਪਏ ਜਾਰੀ ਕੀਤੇ। ਜਾਰੀ ਕੀਤੇ ਗਏ ਫੰਡਾਂ ’ਚੋਂ ਸੂਬਿਆਂ ਨੇ 595 ਕਰੋੜ ਰੁਪਏ ਭਾਵ 95 ਫੀਸਦੀ ਰਕਮ ਦੀ ਵਰਤੋਂ ਕੀਤੀ ਹੈ। ਦੱਸਿਆ ਜਾਂਦਾ ਹੈ ਕਿ ਸੂਬਿਆਂ ਨੂੰ ਖਾਸ ਪ੍ਰਾਜੈਕਟਾਂ ਲਈ ਫੰਡ ਦਿੱਤੇ ਜਾਂਦੇ ਹਨ।
