ਅਮਿਤ ਸ਼ਾਹ ਦਾ ਸੰਦੇਸ਼ : ਹੁਣ ਹੋਰ ਬੈਸਾਖੀਆਂ ਨਹੀਂ
Friday, Nov 07, 2025 - 12:36 AM (IST)
ਨੈਸ਼ਨਲ ਡੈਸਕ- ਭਾਵੇਂ ਅਮਿਤ ਸ਼ਾਹ ਨੇ ਬੀਤੇ ਦਿਨੀਂ ਮੁੰਬਈ ’ਚ ਲੋਕਲ ਬਾਡੀਜ਼ ਚੋਣਾਂ ਬਾਰੇ ਗੱਲ ਕੀਤੀ ਹੋਵੇ ਪਰ ਉਨ੍ਹਾਂ ਦਾ ਅਸਲ ਸੰਦੇਸ਼ ਮਹਾਰਾਸ਼ਟਰ ਤੋਂ ਕਿਤੇ ਅੱਗੇ ਤੱਕ ਗਿਆ। ਇਹ ਸੰਦੇਸ਼ ਭਾਜਪਾ ਦੇ ਹਰ ਉਸ ਖੇਤਰੀ ਸਾਥੀ ਲਈ ਸੀ ਜੋ ਅਜੇ ਵੀ ਮੰਨਦਾ ਹੈ ਕਿ ਰਾਜਗ ’ਚ ਉਸ ਦਾ ਦਬਦਬਾ ਹੈ। ਸ਼ਾਹ ਨੇ ਆਪਣੇ ਜਾਣੇ–ਪਛਾਣੇ ਅੰਦਾਜ਼ ’ਚ ਕਿਹਾ ਕਿ ਮਹਾਰਾਸ਼ਟਰ ’ਚ ਭਾਜਪਾ ਨੂੰ ਹੁਣ ਕਿਸੇ ‘ਬੈਸਾਖੀਆਂ’ ਦੀ ਲੋੜ ਨਹੀਂ, ਜਦਕਿ ਉਨ੍ਹਾਂ ਨੇ ‘ਟ੍ਰਿਪਲ ਇੰਜਣ’ ਵਾਲੀ ਸਰਕਾਰ ਬਣਾਉਣ ਦੀ ਵਕਾਲਤ ਕੀਤੀ। ਪਾਰਟੀ ਦੇ ਇਕ ਪ੍ਰੋਗਰਾਮ ’ਚ ਕੀਤੀ ਗਈ ਇਹ ਟਿੱਪਣੀ ਇਸ ਗੱਲ ਦਾ ਸੰਕੇਤ ਸੀ ਕਿ ਸਹਿਯੋਗੀਆਂ ’ਤੇ ਨਿਰਭਰਤਾ ਦੇ ਦਿਨ ਹੁਣ ਮੁੱਕ ਗਏ ਹਨ। ਉਨ੍ਹਾਂ ਕਿਹਾ ਕਿ ਭਾਜਪਾ ਆਪਣੇ ਦਮ ’ਤੇ ਸਥਾਨਕ ਚੋਣਾਂ ਲੜਨ ਲਈ ਤਿਆਰ ਹੈ, ਇਹ ਉਨ੍ਹਾਂ ਲੋਕਾਂ ਲਈ ਇਕ ਸਪੱਸ਼ਟ ਸੁਨੇਹਾ ਹੈ ਜੋ ਮਾਅਨੇ ਰੱਖਦੇ ਹਨ। ਇਹ ਵੱਖਰੀ ਗੱਲ ਹੈ ਕਿ ‘ਮਹਾਯੁਤੀ’ ਦੇ ਸਹਿਯੋਗੀ ਕਈ ਨਗਰ ਪਾਲਿਕਾਵਾਂ ’ਚ ਮਿਲ ਕੇ ਚੋਣਾਂ ਲੜਨਗੇ।
ਇਕ ਜ਼ਮਾਨੇ ’ਚ ਭਾਜਪਾ ਸ਼ਿਵਸੈਨਾ ਦੇ ਸਮਰਥਨ ’ਤੇ ਨਿਰਭਰ ਸੀ। ਹੁਣ ਉਹ ਜ਼ਮਾਨਾ ਬੀਤ ਚੁੱਕਾ ਹੈ। ਸ਼ਿਵਸੈਨਾ ’ਚ ਫੁੱਟ ਤੋਂ ਬਾਅਦ, ਚੋਣ ਕਮਿਸ਼ਨ ਨੇ ਸ਼ਿੰਦੇ ਧੜੇ ਨੂੰ ਮਾਨਤਾ ਦੇ ਦਿੱਤੀ, ਜੋ ਭਾਜਪਾ ਦੇ ਨਾਲ ਆਰਾਮ ਨਾਲ ਬੈਠੀ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ’ਚ ਭਾਜਪਾ ਲੋੜੀਂਦੀਆਂ 145 ’ਚੋਂ 132 ਸੀਟਾਂ ਜਿੱਤ ਕੇ ਅਤੇ 93 ਫੀਸਦੀ ‘ਸਟ੍ਰਾਈਕ ਰੇਟ’ ਨਾਲ ਇਕੱਲਿਆਂ ਹੀ ਬਹੁਮਤ ਦੇ ਨੇੜੇ ਪਹੁੰਚ ਗਈ ਸੀ। ਸਹਿਯੋਗੀਆਂ ਤੋਂ ਬਿਨਾਂ ਵੀ ਉਹ ਸਰਕਾਰ ਬਣਾ ਸਕਦੀ ਸੀ। ਸ਼ਾਹ ਦੀ ਇਹ ਟਿੱਪਣੀ ਇਕ ਸਾਲ ਬਾਅਦ ਇਕ ਸਪੱਸ਼ਟ ਚਿਤਾਵਨੀ ਵਜੋਂ ਆਈ ਹੈ-ਭਾਜਪਾ ਆਪਣੇ ਸਹਿਯੋਗੀਆਂ ਤੋਂ ਬਿਨਾਂ ਵੀ ਕੰਮ ਚਲਾ ਸਕਦੀ ਹੈ।
ਮਹਾਰਾਸ਼ਟਰ ਤੋਂ ਮਿਲੇ ਇਸ ਸੰਦੇਸ਼ ਦੀ ਗੂੰਜ ਹੋਰ ਸੂਬਿਆਂ ’ਚ ਵੀ ਸੁਣਾਈ ਦੇ ਰਹੀ ਹੈ। ਬਿਹਾਰ ਅਤੇ ਝਾਰਖੰਡ ’ਚ ਭਾਜਪਾ ਨੇ ਆਪਣੇ ਸਹਿਯੋਗੀਆਂ ਨਾਲੋਂ ਨਾਤਾ ਤੋੜਨ ਦੀ ਕੋਸ਼ਿਸ਼ ਕੀਤੀ ਹੈ ਪਰ ਅਜੇ ਤੱਕ ਸਫ਼ਲ ਨਹੀਂ ਹੋਈ ਪਰ ਅਮਿਤ ਸ਼ਾਹ ਦਾ ਬਿਆਨ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਇਹ ਕੋਸ਼ਿਸ਼ ਜਾਰੀ ਹੈ। ਉਨ੍ਹਾਂ ਨੇ ਇਕ ਵਾਰ ਫਿਰ ਸਪੱਸ਼ਟ ਕੀਤਾ ਕਿ ਰਾਜਗ ਨਿਤੀਸ਼ ਕੁਮਾਰ ਦੀ ਅਗਵਾਈ ’ਚ ਚੋਣਾਂ ਲੜ ਰਿਹਾ ਹੈ ਪਰ ਮੁੱਖ ਮੰਤਰੀ ਅਹੁਦੇ ’ਤੇ ਅੰਤਿਮ ਫੈਸਲਾ ਚੋਣਾਂ ਤੋਂ ਬਾਅਦ ਸਾਰੇ ਵਿਧਾਇਕਾਂ ਵੱਲੋਂ ਇਕੱਠਿਆਂ ਬੈਠ ਕੇ ਲਿਆ ਜਾਵੇਗਾ। ਸੰਦੇਸ਼ ਬਿਲਕੁਲ ਸਪੱਸ਼ਟ ਹੈ-ਸਹਿਯੋਗੀ ਪਾਰਟੀਆਂ ਆਪਣਾ ਰਾਹ ਖੁਦ ਤੈਅ ਕਰਨ ਲਈ ਆਜ਼ਾਦ ਹਨ।
