ਕੋਰੋਨਾ ਮਰੀਜ਼ ਕੋਲ 9 ਘੰਟੇ ਬਾਅਦ ਪੁੱਜੀ ਐਂਬੂਲੈਂਸ, ਪਰਿਵਾਰ ਦਾ ਦੋਸ਼- ਪੂਰੀ ਰਾਤ ਨਹੀਂ ਦਿੱਤਾ ਖਾਣਾ

05/02/2020 2:34:22 PM

ਨਵੀਂ ਦਿੱਲੀ (ਭਾਸ਼ਾ)— ਸਥਾਨਕ ਪ੍ਰਸ਼ਾਸਨ ਦੇ ਤਮਾਮ ਦਾਅਵਿਆਂ ਦੇ ਬਾਵਜੂਦ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਲੋਕਾਂ ਦੀਆਂ ਮੁਸ਼ਕਲਾਂ ਘੱਟ ਨਹੀਂ ਹੋ ਰਹੀਆਂ। ਰੋਹਿਣੀ ਦੇ ਵਿਜੇ ਵਿਹਾਰ ਇਲਾਕੇ ਵਿਚ ਰਹਿਣ ਵਾਲੇ 54 ਸਾਲਾ ਇਕ ਵਿਅਕਤੀ ਦੇ ਕੋਰੋਨਾ ਵਾਇਰਸ ਤੋਂ ਪੀੜਤ ਪਾਏ ਜਾਣ ਤੋਂ ਬਾਅਦ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਜਿਨ੍ਹਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਉਹ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲ੍ਹਣ ਲਈ ਕਾਫੀ ਹੈ। ਵਿਜੇ ਵਿਹਾਰ 'ਚ ਰਹਿਣ ਵਾਲੇ ਬਘੇਲ ਪਰਿਵਾਰ ਨੂੰ ਉਨ੍ਹਾਂ ਦੇ ਇਕ ਸੀਨੀਅਰ ਮੈਂਬਰ ਦੇ ਕੋਰੋਨਾ ਪੀੜਤ ਹੋਣ ਦਾ ਪਤਾ ਬੁੱਧਵਾਰ ਦੀ ਸਵੇਰ ਨੂੰ ਲੱਗਿਆ। ਕੋਰੋਨਾ ਦੇ ਖੌਫ ਤੋਂ ਇਲਾਵਾ ਪਰਿਵਾਰ ਨੂੰ ਜਾਂਚ ਰਿਪੋਰਟ ਦੇ ਨਤੀਜੇ 'ਤੇ ਹੈਰਾਨੀ ਇਸ ਗੱਲ ਦੀ ਸੀ ਕਿ ਪੀੜਤ ਮੈਂਬਰ ਟਾਈਫਾਇਡ ਦੇ ਇਲਾਜ ਲਈ ਨੇੜੇ ਦੇ ਸਰਕਾਰੀ ਹਸਪਤਾਲ ਵਿਚ ਭਰਤੀ ਸੀ। ਉਨ੍ਹਾਂ ਦੇ ਬੇਟੇ ਰਿਸ਼ੀਕੇਸ਼ ਬਘੇਲ ਮੁਤਾਬਕ ਉਨ੍ਹਾਂ ਨੂੰ 25 ਅਪ੍ਰੈਲ ਨੂੰ ਟਾਇਫਾਈਡ ਦੇ ਇਲਾਜ ਲਈ ਨੇੜੇ ਦੇ ਸਰਕਾਰੀ ਹਸਪਤਾਲ ਭਰਤੀ ਕੀਤਾ ਗਿਆ ਸੀ। ਹਸਪਤਾਲ ਨੇ ਦੋ ਦਿਨ ਬਾਅਦ ਅਚਾਨਕ ਉਨ੍ਹਾਂ ਨੂੰ ਛੁੱਟੀ ਦਿੰਦੇ ਹੋਏ ਉਨ੍ਹਾਂ ਨੂੰ ਕਿਸੇ ਸਰਕਾਰੀ ਹਸਪਤਾਲ ਵਿਚ ਕੋਰੋਨਾ ਦੀ ਜਾਂਚ ਕਰਾਉਣ ਨੂੰ ਕਿਹਾ।

ਰਿਸ਼ੀਕੇਸ਼ ਨੇ ਕਿਹਾ ਕਿ ਜਦੋਂ ਅਸੀਂ ਆਪਣੇ ਪਿਤਾ ਨੂੰ ਲੈ ਕੇ ਡਾ. ਬਾਬਾ ਸਾਹਿਬ ਅੰਬੇਡਕਰ ਹਸਪਤਾਲ ਪੁੱਜੇ ਤਾਂ ਦੇਖਿਆ ਕਿ ਉਹ ਕੋਰੋਨਾ ਵਾਇਰਸ ਦੇ ਕੁਝ ਮਾਮਲੇ ਆਉਣ ਤੋਂ ਬਾਅਦ ਬੰਦ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਇਕ ਪ੍ਰਾਈਵੇਟ ਲੈਬ ਤੋਂ ਜਾਂਚ ਕਰਾਉਣੀ ਪਈ, ਜਿਸ ਦੀ ਰਿਪੋਰਟ 30 ਅਪ੍ਰੈਲ ਦੀ ਸਵੇਰ ਨੂੰ ਆਈ, ਜਿਸ ਵਿਚ ਉਨ੍ਹਾਂ ਦੇ ਪਿਤਾ ਦੇ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਦੀ ਪੁਸ਼ਟੀ ਹੋਈ। ਜਾਂਚ ਰਿਪੋਰਟ ਦੇਖ ਕੇ ਪੂਰਾ ਪਰਿਵਾਰ ਹੈਰਾਨ ਰਹਿ ਗਿਆ, ਕਿਉਂਕਿ ਉਨ੍ਹਾਂ ਦੇ ਪਿਤਾ ਹਸਪਤਾਲ ਤੋਂ ਇਲਾਵਾ ਕਿਤੇ ਗਏ ਹੀ ਨਹੀਂ ਸਨ। ਰਿਸ਼ੀ ਨੇ ਕਿਹਾ ਕਿ ਅਸੀਂ ਐਂਬੂਲੈਂਸ ਨੂੰ ਫੋਨ ਕੀਤਾ ਪਰ ਕਰਮਚਾਰੀਆਂ ਨੇ ਮਾਮਲੇ ਬਹੁਤ ਜ਼ਿਆਦਾ ਹੋਣ ਦਾ ਹਵਾਲਾ ਦਿੰਦੇ ਹੋਏ ਤੁਰੰਤ ਗੱਡੀ ਭੇਜਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਕਈ ਥਾਂ ਸ਼ਿਕਾਇਤ ਕਰਨ ਅਤੇ ਮਦਦ ਲਈ ਗੁਹਾਰ ਦੇ ਕਰੀਬ 9 ਘੰਟੇ ਬਾਅਦ ਐਂਬੂਲੈਂਸ ਆਈ।

ਰਿਸ਼ੀ ਬਘੇਲ ਦਾ ਦੋਸ਼ ਹੈ ਕਿ ਉਨ੍ਹਾਂ ਦੇ ਪਿਤਾ ਨੂੰ ਸ਼ਾਮ ਨੂੰ ਐੱਲ. ਐੱਨ. ਜੇ. ਪੀ. ਹਸਪਤਾਲ ਲਿਜਾਇਆ ਗਿਆ ਪਰ ਬੈੱਡ ਨਾਲ ਮਿਲਣ ਕਾਰਨ ਕਰੀਬ 4-5 ਘੰਟੇ ਬੈਠਾ ਕੇ ਰੱਖਿਆ ਗਿਆ ਅਤੇ ਖਾਣਾ ਵੀ ਨਹੀਂ ਦਿੱਤਾ ਗਿਆ। ਉਨ੍ਹਾਂ ਨੂੰ ਅਗਲੇ ਦਿਨ ਸਵੇਰੇ 9 ਵਜੇ ਦੇ ਕਰੀਬ ਚਾਹ ਦਿੱਤੀ ਗਈ ਅਤੇ ਉਦੋਂ ਤੱਕ ਉਨ੍ਹਾਂ ਦਾ ਕੋਈ ਇਲਾਜ ਸ਼ੁਰੂ ਨਹੀਂ ਕੀਤਾ ਗਿਆ। ਉਨ੍ਹਾਂ ਨੇ ਸ਼ਿਕਾਇਤ ਕੀਤੀ ਕਿ ਵੱਡੀਆਂ-ਵੱਡੀਆਂ ਸਹੂਲਤਾਂ ਨਾਲ ਲੈੱਸ ਹੋਣ ਦਾ ਦਾਅਵਾ ਕਰਨ ਵਾਲੀ ਰਾਸ਼ਟਰੀ ਰਾਜਧਾਨੀ ਵਿਚ ਗਲੋਬਲ ਮਹਾਂਮਾਰੀ ਦੌਰਾਨ ਹਾਲਾਤ ਅਜਿਹੇ ਹਨ ਕਿ ਉਨ੍ਹਾਂ ਨੂੰ ਘਰ 'ਚ ਰਹਿਣ ਅਤੇ ਜਾਂਚ ਬਾਰੇ ਕੋਈ ਦਿਸ਼ਾ-ਨਿਰਦੇਸ਼ ਨਹੀਂ ਦਿੱਤੇ ਗਏ ਅਤੇ ਨਾ ਹੀ ਕਿਸੇ ਅਧਿਕਾਰੀ ਨੇ ਉਨ੍ਹਾਂ ਦੇ ਪਰਿਵਾਰ ਦੇ ਖ਼ਬਰ ਲਈ। ਬੇਟੇ ਨੇ ਦੱਸਿਆ ਕਿ ਸਥਾਨਕ ਨਿਗਮ ਕੌਂਸਲਰ ਨੇ ਉਨ੍ਹਾਂ ਦੇ ਘਰ ਨੂੰ ਵਾਇਰਸ ਤੋਂ ਮੁਕਤ ਕਰਾਇਆ। ਉਨ੍ਹਾਂ ਨੇ ਕਿਹਾ ਕਿ ਪਰਿਵਾਰ 'ਚ ਕੁੱਲ 11 ਮੈਂਬਰ ਹਨ, ਜਿਨ੍ਹਾਂ 'ਚ 3 ਬੱਚੇ ਹਨ। ਸਾਰੇ ਲੋਕ ਸਾਵਧਾਨੀ ਦੇ ਤੌਰ 'ਤੇ ਆਪਣੇ ਘਰ ਵਿਚ ਕੈਦ ਹਨ ਪਰ ਦੋ ਦਿਨ ਗੁਜ਼ਰ ਜਾਣ ਤੋਂ ਬਾਅਦ ਅਜੇ ਤੱਕ ਨਾ ਉਨ੍ਹਾਂ ਦੀ ਕੋਈ ਜਾਂਚ ਹੋਈ ਹੈ ਅਤੇ ਨਾ ਹੀ ਕਿਸੇ ਅਧਿਕਾਰੀ ਵਲੋਂ ਉਨ੍ਹਾਂ ਨਾਲ ਕੋਈ ਸੰਪਰਕ ਕੀਤਾ ਗਿਆ। ਹਾਲਾਂਕਿ ਰਿਸ਼ੀ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਦਾ ਇਲਾਜ ਹੁਣ ਸ਼ੁਰੂ ਹੋ ਗਿਆ ਹੈ ਅਤੇ ਉਨ੍ਹਾਂ ਦੀ ਹਾਲਤ 'ਚ ਪਹਿਲਾਂ ਨਾਲੋਂ ਸੁਧਾਰ ਹੈ।


Tanu

Content Editor

Related News