ਐਂਬੂਲੈਂਸ ਨਹੀਂ ਮਿਲੀ ਤਾਂ ਬੀਮਾਰ ਪਤਨੀ ਨੂੰ ਰੇਹੜੀ ''ਤੇ ਹਸਪਤਾਲ ਲੈ ਕੇ ਪੁੱਜਾ ਪਤੀ

Sunday, Jun 23, 2019 - 05:01 PM (IST)

ਐਂਬੂਲੈਂਸ ਨਹੀਂ ਮਿਲੀ ਤਾਂ ਬੀਮਾਰ ਪਤਨੀ ਨੂੰ ਰੇਹੜੀ ''ਤੇ ਹਸਪਤਾਲ ਲੈ ਕੇ ਪੁੱਜਾ ਪਤੀ

ਮੇਰਠ (ਭਾਸ਼ਾ)— ਉੱਤਰ ਪ੍ਰਦੇਸ਼ ਦੇ ਮੇਰਠ ਡਿਵੀਜ਼ਨ ਨਾਲ ਲੱਗਦੇ ਸ਼ਾਮਲੀ ਦੇ ਸਿਹਤ ਕੇਂਦਰ 'ਚ ਮਹਿਲਾ ਨੂੰ ਇਲਾਜ ਤਾਂ ਮਿਲ ਗਿਆ ਪਰ ਘਰੋਂ ਹਸਪਤਾਲ ਜਾਣ ਅਤੇ ਆਉਣ ਲਈ ਉਸ ਨੂੰ ਐਂਬੂਲੈਂਸ ਦੀ ਸਹੂਲਤ ਮੁਹੱਈਆ ਨਹੀਂ ਕਰਵਾਈ ਗਈ। ਜਿਸ ਕਾਰਨ ਪਰਿਵਾਰ ਵਾਲਿਆਂ ਮਹਿਲਾ ਨੂੰ ਰੇਹੜੀ ਤੋਂ ਹੀ ਹਸਪਤਾਲ ਲੈ ਕੇ ਪਹੁੰਚੇ। ਮਿਲੀ ਜਾਣਕਾਰੀ ਮੁਤਾਬਕ ਸ਼ਾਮਲੀ ਦੇ ਮੁਹੱਲਾ ਪੰਸਾਰੀਆਂ ਵਾਸੀ ਬੌਬੀ ਦੀ ਪਤਨੀ ਅੰਜੂ ਨੂੰ ਪਿਛਲੇ ਕੁਝ ਸਮੇਂ ਪਹਿਲਾਂ ਪੈਰਾਲਾਈਸਿਸ ਹੋ ਗਿਆ ਸੀ। ਬੌਬੀ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਸ਼ੁੱਕਰਵਾਰ ਨੂੰ ਪਤਨੀ ਦੀ ਹਾਲਤ ਖਰਾਬ ਹੋਣ 'ਤੇ ਉਹ ਉਸ ਨੂੰ ਰੇਹੜੀ 'ਚ ਮੰਜੀ ਸਮੇਤ ਲੈ ਕੇ ਹਸਪਤਾਲ ਪੁੱਜਾ। ਉੱਥੇ ਡਾਕਟਰਾਂ ਨੇ ਉਸ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਮੰਜੀ 'ਤੇ ਲੇਟੇ ਹੋਏ ਉਸ ਦੇ ਲੱਕ 'ਚ ਜ਼ਖਮ ਹੋ ਗਏ ਸਨ, ਜਿਸ ਕਾਰਨ ਉਸ ਨੂੰ ਦਰਦ ਹੋ ਰਹੀ ਸੀ। ਡਾਕਟਰਾਂ ਦਾ ਕਹਿਣਾ ਹੈ ਕਿ ਉਸ ਦਾ ਇਲਾਜ ਕੀਤਾ ਗਿਆ ਅਤੇ ਦਵਾਈ ਦੇ ਕੇ ਭੇਜ ਦਿੱਤਾ ਗਿਆ। ਇਸ ਦੌਰਾਨ ਹਸਪਤਾਲ ਵਲੋਂ ਉਸ ਨੂੰ ਐਂਬੂਲੈਂਸ ਦੀ ਸਹੂਲਤ ਉਪਲੱਬਧ ਨਹੀਂ ਕਰਵਾਈ ਗਈ, ਜਿਸ ਕਾਰਨ ਉਸ ਦੇ ਪਤੀ ਨੂੰ ਰੇਹੜੀ 'ਚ ਹੀ ਲੈ ਕੇ ਹਸਪਤਾਲ ਤੋਂ ਜਾਣਾ ਪਿਆ।

ਦੂਜੇ ਪਾਸੇ ਹਸਪਤਾਲ ਦੇ ਡਾਕਟਰ ਰਮੇਸ਼ ਚੰਦਰਾ ਨੇ ਐਂਬੂਲੈਂਸ ਨਾ ਮਿਲਣ ਦੀ ਗੱਲ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਮਰੀਜ਼ ਦੇ ਪਰਿਵਾਰ ਵਲੋਂ ਐਂਬੂਲੈਂਸ ਨਹੀਂ ਮੰਗੀ ਗਈ। ਜੇਕਰ ਪਰਿਵਾਰ ਵਾਲੇ ਕਹਿੰਦੇ ਤਾਂ ਤੁਰੰਤ ਐਂਬੂਲੈਂਸ ਦੀ ਸਹੂਲਤ ਉਪਲੱਬਧ ਕਰਵਾਈ ਜਾਂਦੀ। ਮਾਮਲਾ ਮੀਡੀਆ 'ਚ ਪੁੱਜਣ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਲਈ ਸ਼ਨੀਵਾਰ ਨੂੰ ਸੀਨੀਅਰ ਡਾਕਟਰ ਕੇ. ਪੀ. ਸਿੰਘ ਅਤੇ ਐੱਸ. ਡੀ. ਐੱਮ. ਸਦਰ ਹਸਪਤਾਲ ਪੁੱਜੇ ਅਤੇ ਡਿਊਟੀ 'ਤੇ ਤਾਇਨਾਤ ਡਾਕਟਰਾਂ ਅਤੇ ਹੋਰ ਕਰਮਚਾਰੀਆਂ ਦੇ ਬਿਆਨ ਲਏ ਗਏ। ਡਾਕਟਰ ਦਾ ਕਹਿਣਾ ਹੈ ਕਿ ਪੀੜਤ ਪੱਖ ਨੇ ਦੱਸਿਆ ਕਿ ਉਨ੍ਹਾਂ ਨੇ ਐਂਬੂਲੈਂਸ ਨੂੰ ਕਾਲ ਨਹੀਂ ਕੀਤੀ ਸੀ, ਉਹ ਖੁਦ ਹੀ ਰੇਹੜੀ 'ਚ ਮਰੀਜ਼ ਨੂੰ ਲੈ ਕੇ ਗਏ ਸਨ।


author

Tanu

Content Editor

Related News