ਅਮਰਨਾਥ ਯਾਤਰਾ: ਸਿਨਹਾ ਨੇ ਸ਼ਰਧਾਲੂਆਂ ਦੇ ਪਹਿਲੇ ਜਥੇ ਨੂੰ ਕੀਤਾ ਰਵਾਨਾ, ਲੱਗੇ ਬਾਬਾ ਬਰਫ਼ਾਨੀ ਦੇ ਜੈਕਾਰੇ
Wednesday, Jun 29, 2022 - 10:22 AM (IST)
ਜੰਮੂ- ਜੰਮੂ-ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ ਬੁੱਧਵਾਰ ਯਾਨੀ ਕਿ ਅੱਜ ਸਵੇਰੇ ਜੰਮੂ ਸ਼ਹਿਰ ਦੇ ਭਗਵਤੀ ਨਗਰ ਆਧਾਰ ਕੈਂਪ ਤੋਂ ਸਾਲਾਨਾ ਅਮਰਨਾਥ ਯਾਤਰਾ ਲਈ ਤੀਰਥ ਯਾਤਰੀਆਂ ਦੇ ਪਹਿਲੇ ਜਥੇ ਨੂੰ ਰਵਾਨਾ ਕੀਤਾ। 'ਬਮ ਬਮ ਭੋਲੇ' ਅਤੇ ‘ਜੈ ਬਰਫ਼ਾਨੀ ਬਾਬਾ ਦੀ’ ਦੇ ਜੈਕਾਰੇ ਲਾਉਂਦੇ ਹੋਏ ਤੀਰਥ ਯਾਤਰੀ ਸਖ਼ਤ ਸੁਰੱਖਿਆ ਦਰਮਿਆਨ ਵਾਹਨਾਂ ’ਚ ਸਵਾਰ ਹੋ ਕੇ ਭਗਵਤੀ ਨਗਰ ਆਧਾਰ ਕੈਂਪ ਤੋਂ ਰਵਾਨਾ ਹੋਏ। ਪਵਿੱਤਰ ਗੁਫ਼ਾ ’ਚ ਬਾਬਾ ਬਰਫ਼ਾਨੀ ਦੇ ਦਰਸ਼ਨਾਂ ਲਈ 43 ਦਿਨਾਂ ਯਾਤਰਾ 11 ਅਗਸਤ ਨੂੰ ਰੱਖੜੀ ਮੌਕੇ ਸਮਾਪਤ ਹੋਵੇਗੀ।
ਇਹ ਵੀ ਪੜ੍ਹੋ- ਪੜ੍ਹੋ ਅਮਰਨਾਥ ਦੀ ਪਵਿੱਤਰ ਗੁਫ਼ਾ ਨਾਲ ਸਬੰਧ ਕਹਾਣੀ, ਮੁਸਲਿਮ ਕਰਦੇ ਨੇ ਹਿੰਦੂ ਤੀਰਥ ਯਾਤਰੀਆਂ ਦੀ ਮਦਦ
ਜੰਮੂ ਦੇ ਮੇਅਰ ਚੰਦਰ ਮੋਹਨ ਗੁਪਤਾ, ਭਾਜਪਾ ਪਾਰਟੀ ਦੇ ਆਗੂ ਦੇਵਿੰਦਰ ਰਾਣਾ, ਮੁੱਖ ਸਕੱਤਰ ਡਾ. ਅਰੁਣ ਕੁਮਾਰ ਮਹਿਤਾ ਸਮੇਤ ਕਈ ਰਾਜ ਨੇਤਾ ਅਤੇ ਅਧਿਕਾਰੀਆਂ ਨਾਲ ਉੱਪ ਰਾਜਪਾਲ ਨੇ ਤੀਰਥ ਯਾਤਰੀਆਂ ਨੂੰ ਕਸ਼ਮੀਰ ਦੇ ਦੋਹਾਂ ਆਧਾਰ ਕੈਂਪਾਂ ਤੱਕ ਲੈ ਕੇ ਜਾਣ ਵਾਲੀਆਂ ਬੱਸਾਂ ਅਤੇ ਹੋਰ ਵਾਹਨਾਂ ਦੇ ਕਾਫ਼ਿਲੇ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਰਾਜਸਥਾਨ ਦੇ ਬਾੜਮੇਰ ਤੋਂ ਆਏ ਇਕ ਤੀਰਥ ਯਾਤਰੀ ਦਲੀਪ ਸਿੰਘ ਨੇ ਕਿਹਾ ਕਿ ਕੋਈ ਡਰ ਨਹੀਂ ਹੈ, ਕੋਈ ਖ਼ਤਰਾ ਨਹੀਂ ਹੈ ਸਿਰਫ਼ ਗੁਫ਼ਾ ਤੱਕ ਜਲਦੀ ਪਹੁੰਚਣ ਅਤੇ ਭਗਵਾਨ ਸ਼ਿਵ ਦੇ ਦਰਸ਼ਨ ਕਰਨ ਦਾ ਜਨੂੰਨ ਹੈ।
ਇਹ ਵੀ ਪੜ੍ਹੋ- ਅਮਰਨਾਥ ਯਾਤਰਾ: ਜੰਮੂ ਸਰਕਾਰ ਦੀ ਤਿਆਰੀ, 1 ਹਜ਼ਾਰ ਟਨ ਕੂੜੇ ਨੂੰ ਇੰਦੌਰ ਦੇ ਵਲੰਟੀਅਰ ਕਰਨਗੇ ਨਿਪਟਾਰਾ
ਓਧਰ ਅਧਿਕਾਰੀਆਂ ਨੇ ਦੱਸਿਆ ਕਿ ਜੰਮੂ ਸ਼ਹਿਰ ’ਚ 5 ਹਜ਼ਾਰ ਤੋਂ ਵੱਧ ਸੁਰੱਖਿਆ ਕਰਮੀਆਂ ਦੀ ਤਾਇਨਾਤੀ ਨਾਲ ਆਧਾਰ ਕੈਂਪਾਂ, ਠਹਿਰਨ ਦੇ ਸਥਾਨ, ਰਜਿਸਟ੍ਰੇਸ਼ਨ ਅਤੇ ਟੋਕਨ ਕੇਂਦਰਾਂ ਦੇ ਆਲੇ-ਦੁਆਲੇ ਬਹੁ-ਪੱਧਰੀ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਯਾਤਰਾ 30 ਜੂਨ ਨੂੰ ਦੱਖਣੀ ਕਸ਼ਮੀਰ ਦੇ ਪਹਿਲਗਾਮ ਵਿਚ 48 ਕਿਲੋਮੀਟਰ ਦੇ ਨੁਨਵਾਨ ਮਾਰਗ ਅਤੇ ਮੱਧ ਕਸ਼ਮੀਰ ਦੇ ਗਾਂਦੇਰਬਲ ’ਚ 14 ਕਿਲੋਮੀਟਰ ਦੇ ਬਾਲਟਾਲ ਮਾਰਗ ਤੋਂ ਸ਼ੁਰੂ ਹੋਵੇਗੀ। ਅਧਿਕਾਰੀਆਂ ਮੁਤਾਬਕ ਸਾਲਾਨਾ ਅਮਰਨਾਥ ਯਾਤਰਾ ਲਈ ਹੁਣ ਤੱਕ ਤਿੰਨ ਲੱਖ ਤੋਂ ਵੱਧ ਸ਼ਰਧਾਲੂਆਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ।
ਇਹ ਵੀ ਪੜ੍ਹੋ- ਇਹ ਹੈ ਦੁਨੀਆ ਦੀ ਸਭ ਤੋਂ ਅਨੋਖੀ ਝੀਲ, ਜਿੱਥੇ ਤੈਰਦੇ ਹਨ ਨੋਟ ਅਤੇ ਦਿੱਸਦਾ ਹੈ ਖ਼ਜ਼ਾਨਾ!