ਸ਼ਰਧਾਲੂਆਂ ਲਈ ਅਹਿਮ ਖ਼ਬਰ, ਇਸ ਦਿਨ ਤੋਂ ਸ਼ੁਰੂ ਹੋ ਰਹੀ ਹੈ ਅਮਰਨਾਥ ਯਾਤਰਾ
Sunday, Mar 27, 2022 - 04:34 PM (IST)
ਜੰਮੂ (ਭਾਸ਼ਾ)- ਦੱਖਣੀ ਕਸ਼ਮੀਰ ਹਿਮਾਲਿਆ 'ਚ 3,880 ਮੀਟਰ ਦੀ ਉੱਚਾਈ 'ਤੇ ਸਥਿਤ ਅਮਰਨਾਥ ਮੰਦਰ ਦੀ ਸਾਲਾਨਾ ਤੀਰਥ ਯਾਤਰਾ 30 ਜੂਨ ਤੋਂ ਸ਼ੁਰੂ ਹੋਣ ਵਾਲੀ ਹੈ। ਇਕ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। 43 ਦਿਨਾ ਤੀਰਥ ਯਾਤਰਾ ਨੂੰ ਤੈਅ ਕਰਨ ਦਾ ਫ਼ੈਸਲਾ ਉੱਪ ਰਾਜਪਾਲ ਮਨੋਜ ਸਿਨਹਾ ਦੀ ਪ੍ਰਧਾਨਗੀ 'ਚ ਸ਼੍ਰੀ ਅਮਰਨਾਥ ਜੀ ਸ਼ਰਾਇਨ ਬੋਰਡ ਦੀ ਬੈਠਕ 'ਚ ਲਿਆ ਗਿਆ। ਸਿਨਹਾ ਨੇ ਟਵੀਟ ਕਰ ਕੇ ਲਿਖਿਆ,''ਅੱਜ ਸ਼੍ਰੀ ਅਮਰਨਾਥ ਜੀ ਸ਼ਰਾਇਨ ਬੋਰਡ ਦੀ ਬੈਠਕ ਦੀ ਪ੍ਰਧਾਨਗੀ ਕੀਤੀ। 43 ਦਿਨਾ ਪਵਿੱਤਰ ਤੀਰਥ ਯਾਤਰਾ 30 ਜੂਨ ਨੂੰ ਸਾਰੇ ਕੋਰੋਨਾ ਪ੍ਰੋਟੋਕਾਲ ਨਾਲ ਸ਼ੁਰੂ ਹੋਵੇਗੀ ਅਤੇ ਪਰੰਪਰਾ ਅਨੁਸਾਰ ਰੱਖੜੀ ਵਾਲੇ ਦਿਨ ਖ਼ਤਮ ਹੋਵੇਗੀ। ਆਉਣ ਵਾਲੀ ਯਾਤਰਾ 'ਤੇ ਵੀ ਅਸੀਂ ਵੱਖ-ਵੱਖ ਮੁੱਦਿਆਂ 'ਤੇ ਚਰਚਾ ਕੀਤੀ।''
ਇਸ ਵਿਚ ਅਧਿਕਾਰਤ ਸੂਤਰਾਂ ਨੇ ਕਿਹਾ ਕਿ ਸ਼੍ਰੀ ਅਮਰਨਾਥ ਸ਼ਰਾਇਨ ਬੋਰਡ ਅਪ੍ਰੈਲ ਮਹੀਨੇ ਤੀਰਥ ਯਾਤਰੀਆਂ ਲਈ ਆਨਲਾਈਨ ਰਜਿਸਟਰੇਸ਼ਨ ਸ਼ੁਰੂ ਕਰੇਗਾ ਅਤੇ ਹਰ ਦਿਨ ਲਗਭਗ 20 ਹਜ਼ਾਰ ਤੀਰਥ ਯਾਤਰੀ ਅਧਿਕਾਰਤ ਵੈੱਬਸਾਈਟ 'ਤੇ ਆਪਣਾ ਰਜਿਸਟਰੇਸ਼ਨ ਕਰਵਾ ਸਕਦੇ ਹਨ। ਇਕ ਅਧਿਕਾਰੀ ਨੇ ਦੱਸਿਆ ਕਿ ਵਾਹਨਾਂ ਅਤੇ ਤੀਰਥ ਯਾਤਰੀਆਂ ਲਈ ਆਰ.ਐੱਫ.ਆਈ.ਡੀ. ਆਧਾਰਤ ਟਰੈਕਿੰਗ ਵੀ ਕੀਤੀ ਜਾਵੇਗੀ। ਸ਼੍ਰੀ ਅਮਰਨਾਥ ਸ਼ਰਾਇਨ ਬੋਰਡ ਵਲੋਂ ਰਾਮਬਨ ਜ਼ਿਲ੍ਹੇ ਦੇ ਚੰਦਰਕੋਟ 'ਚ 3200 ਤੋਂ ਵਧ ਤੀਰਥ ਯਾਤਰੀਆਂ ਦੀ ਸਮਰੱਥਾ ਵਾਲਾ ਇਕ ਯਾਤਰੀ ਨਿਵਾਸ ਬਣਾਇਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਕੋਰੋਨਾ ਮਹਾਮਾਰੀ ਕਾਰਨ ਤੀਰਥ ਯਾਤਰਾ 2 ਸਾਲ ਲਈ ਮੁਲਤਵੀ ਰਹੀ ਸੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ