ਛੜੀ ਮੁਬਾਰਕ ਦੇ ਨਾਲ ਅੱਜ ਸੰਪੰਨ ਹੋਵੇਗੀ ਅਮਰਨਾਥ ਯਾਤਰਾ
Sunday, Aug 26, 2018 - 10:19 AM (IST)

ਸ਼੍ਰੀਨਗਰ— ਸਮੁੰਦਰੀ ਸਤ੍ਹਾ ਤੋਂ 3880 ਮੀਟਰ ਦੀ ਉਚਾਈ 'ਤੇ ਸਥਿਤ ਪਵਿੱਤਰ ਸ਼੍ਰੀ ਅਮਰਨਾਥ ਗੁਫਾ ਵਿਖੇ ਬਾਬਾ ਬਰਫਾਨੀ ਦੇ ਦਰਸ਼ਨ ਕਰਵਾਉਣ ਵਾਲੀ ਸਾਲਾਨਾ ਅਮਰਨਾਥ ਯਾਤਰਾ ਸਾਉਣ ਮਹੀਨੇ ਦੀ ਪੂਰਨਮਾਸ਼ੀ ਅਤੇ ਰੱਖੜੀ ਵਾਲੇ ਦਿਨ ਐਤਵਾਰ ਛੜੀ ਮੁਬਾਰਕ ਦੇ ਪਵਿੱਤਰ ਗੁਫਾ ਵਿਚ ਪੁੱਜਣ ਦੇ ਨਾਲ ਹੀ ਸੰਪੰਨ ਹੋ ਜਾਏਗੀ।
ਜਾਣਕਾਰੀ ਮੁਤਾਬਕ ਮਹੰਤ ਦੀਪੇਂਦਰ ਗਿਰੀ ਦੀ ਅਗਵਾਈ ਹੇਠ ਇਹ ਛੜੀ ਮੁਬਾਰਕ ਸ਼੍ਰੀਨਗਰ ਸਥਿਤ ਦਸ਼ਨਾਮੀ ਅਖਾੜਾ ਤੋਂ ਯਾਤਰਾ ਦੇ ਪੌਰਾਣਿਕ ਪਹਿਲਗਾਮ-ਚੰਦਨਵਾੜੀ ਮਾਰਗ ਦੇ ਵੱਖ-ਵੱਖ ਪੜਾਵਾਂ ਤੋਂ ਹੁੰਦੀ ਹੋਈ ਸ਼ਨੀਵਾਰ ਪੰਜਕਰਨੀ ਪੁੱਜੀ। ਐਤਵਾਰ ਨੂੰ ਇਹ ਅਮਰਨਾਥ ਗੁਫਾ ਵਿਖੇ ਪੁੱਜੇਗੀ ਅਤੇ ਹਵਨ ਯੱਗ ਦੇ ਨਾਲ ਹੀ 28 ਜੂਨ ਤੋਂ ਚੱਲ ਰਹੀ ਪਵਿੱਤਰ ਯਾਤਰਾ ਸੰਪੰਨ ਹੋ ਜਾਏਗੀ।
ਦੱਸਿਆ ਜਾ ਰਿਹਾ ਹੈ ਕਿ ਪਿਛਲੇ 2 ਸਾਲਾਂ ਦੇ ਮੁਕਾਬਲੇ ਇਸ ਸਾਲ ਦੀ ਯਾਤਰਾ ਦੌਰਾਨ ਸ਼ਰਧਾਲੂਆਂ ਦੀ ਗਿਣਤੀ ਸ਼ਾਂਤੀ ਵਿਵਸਥਾ ਪੱਖੋਂ ਤੁਲਨਾ ਵਿਚ ਤਸੱਲੀਬਖਸ਼ ਰਹੀ ਹੈ। 60 ਦਿਨਾਂ ਯਾਤਰਾ ਦੇ 59ਵੇਂ ਦਿਨ ਸ਼ਨੀਵਾਰ ਤੱਕ 2 ਲੱਖ 84 ਹਜ਼ਾਰ 500 ਸ਼ਰਧਾਲੂ ਪਵਿੱਤਰ ਗੁਫਾ ਵਿਖੇ ਪੂਜਾ ਅਰਚਨਾ ਕਰ ਚੁੱਕੇ ਸਨ। 2016 ਦੌਰਾਨ 2 ਲੱਖ 20 ਹਜ਼ਾਰ 490 ਅਤੇ ਪਿਛਲੇ ਸਾਲ 2 ਲੱਖ 60 ਹਜ਼ਾਰ 3 ਸ਼ਿਵ ਭਗਤਾਂ ਨੇ ਯਾਤਰਾ ਕੀਤੀ ਸੀ।