ਪਵਿੱਤਰ ਗੁਫਾ 'ਚ ਪੂਜਾ ਦੇ ਨਾਲ ਹੀ ਸਾਲਾਨਾ ਅਮਰਨਾਥ ਯਾਤਰਾ ਸ਼ੁਰੂ
Friday, Jun 29, 2018 - 09:58 AM (IST)

ਜੰਮੂ/ਸ਼੍ਰੀਨਗਰ(ਕਮਲ)— ਅਮਰਨਾਥ ਦੀ ਪਵਿੱਤਰ ਗੁਫਾ ਵਿਚ ਵੀਰਵਾਰ ਪੂਜਾ ਅਰਚਨਾ ਦੇ ਨਾਲ ਹੀ ਸਾਲਾਨਾ ਯਾਤਰਾ ਸ਼ੁਰੂ ਹੋ ਗਈ। ਰਾਜਪਾਲ ਐੱਨ. ਐੱਨ. ਵੋਹਰਾ ਨੇ ਸ਼੍ਰੀ ਅਮਰਨਾਥ ਜੀ ਸ਼ਰਾਈਨ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ, ਫੌਜ, ਨੀਮ ਸੁਰੱਖਿਆ ਫੋਰਸਾਂ, ਜੰਮੂ-ਕਸ਼ਮੀਰ ਪੁਲਸ ਅਤੇ ਸਿਵਲ ਪ੍ਰਸ਼ਾਸਨ ਦੇ ਚੋਟੀ ਦੇ ਅਧਿਕਾਰੀਆਂ ਨਾਲ ਪਵਿੱਤਰ ਗੁਫਾ ਵਿਖੇ ਪੂਜਾ ਕੀਤੀ। ਪਹਿਲੀ ਪੂਜਾ ਵਿਚ ਹਿੱਸਾ ਲੈ ਕੇ ਰਾਜਪਾਲ ਨੇ ਸੂਬੇ ਵਿਚ ਸੁੱਖ-ਸ਼ਾਂਤੀ, ਆਪਸੀ
ਸਦਭਾਵਨਾ ਅਤੇ ਤਰੱਕੀ ਲਈ ਪ੍ਰਾਰਥਨਾ ਕੀਤੀ। ਜੰਮੂ-ਕਸ਼ਮੀਰ ਵਿਧਾਨ ਸਭਾ ਦੇ ਸਪੀਕਰ ਡਾ. ਨਿਰਮਲ ਸਿੰਘ ਨੇ ਵੀ ਪਵਿੱਤਰ ਗੁਫਾ ਵਿਖੇ ਪਹੁੰਚ ਕੇ ਬਾਬਾ ਬਰਫਾਨੀ ਦੇ ਦਰਸ਼ਨ ਕੀਤੇ। ਉਨ੍ਹਾਂ ਸੂਬੇ ਦੀ ਸ਼ਾਂਤੀ, ਤਰੱਕੀ ਅਤੇ ਖੁਸ਼ਹਾਲੀ ਲਈ ਪ੍ਰਾਰਥਨਾ ਕੀਤੀ।
ਸਵੇਰ ਸਮੇਂ ਮੀਂਹ ਕਾਰਨ ਬਾਲਟਾਲ ਅਤੇ ਪਹਿਲਗਾਮ-ਚੰਦਨਵਾੜੀ ਆਧਾਰ ਕੈਂਪ ਵਿਖੇ ਯਾਤਰਾ ਨੂੰ ਰੋਕਣਾ ਪਿਆ ਪਰ ਦੁਪਹਿਰ ਬਾਅਦ ਇਹ ਬਹਾਲ ਹੋ ਗਈ। ਬੁੱਧਵਾਰ ਅੱਧੀ ਰਾਤ ਤੋਂ ਬਾਅਦ ਸ਼ੁਰੂ ਹੋਏ ਮੀਂਹ ਕਾਰਨ ਸ਼ਰਧਾਲੂਆਂ ਨੂੰ ਵੀਰਵਾਰ ਸਵੇਰੇ ਦੋਵਾਂ ਆਧਾਰ ਕੈਂਪਾਂ 'ਤੇ ਰੋਕ ਦਿੱਤਾ ਗਿਆ ਕਿਉਂਕਿ ਮੀਂਹ ਉਸ ਸਮੇਂ ਵੀ ਜਾਰੀ ਸੀ। ਇਸ ਕਾਰਨ ਸ਼ਰਧਾਲੂ ਮਾਯੂਸ ਹੋਏ ਪਰ ਦੁਪਹਿਰ ਸਮੇਂ ਮੌਸਮ ਵਿਚ ਸੁਧਾਰ ਹੋਣ 'ਤੇ ਦੋਵਾਂ ਰਸਤਿਆਂ ਰਾਹੀਂ ਯਾਤਰਾ ਰਵਾਨਾ ਕਰ ਦਿੱਤੀ ਗਈ।
ਬੁੱਧਵਾਰ ਜੰਮੂ ਤੋਂ ਭਾਰੀ ਜੋਸ਼ ਨਾਲ ਸ਼ਿਵ ਭਗਤਾਂ ਦਾ ਪਹਿਲਾ ਜਥਾ ਦੱਖਣੀ ਕਸ਼ਮੀਰ ਦੇ ਪਹਿਲਗਾਮ-ਨੁਨਵਾਨ ਅਤੇ ਉੱਤਰੀ ਕਸ਼ਮੀਰ ਦੇ ਬਾਲਟਾਲ ਆਧਾਰ ਕੈਂਪ ਲਈ ਰਵਾਨਾ ਹੋਇਆ ਸੀ। ਰਾਤ ਸਮੇਂ ਰਾਜਪਾਲ ਨੇ ਗਰਮਜੋਸ਼ੀ ਨਾਲ ਪਹਿਲੇ ਜਥੇ ਦਾ ਸਵਾਗਤ ਕੀਤਾ ਸੀ ਪਰ ਅੱਧੀ ਰਾਤ ਵੇਲੇ ਅਚਾਨਕ ਸ਼ੁਰੂ ਹੋਈ ਵਰਖਾ ਵੀਰਵਾਰ ਸਵੇਰ ਤੱਕ ਵੀ ਜਾਰੀ ਰਹੀ। ਮੌਸਮ ਵਿਭਾਗ ਨੇ ਪਹਿਲਾਂ ਹੀ ਮੀਂਹ ਪੈਣ ਸਬੰਧੀ ਜਾਣਕਾਰੀ ਦੇ ਦਿੱਤੀ ਸੀ।
ਰਾਜਪਾਲ ਨੇ ਯਾਤਰਾ ਦੇ ਪ੍ਰਬੰਧਾਂ ਦੀ ਕੀਤੀ ਸਮੀਖਿਆ
ਰਾਜਪਾਲ ਐੱਨ. ਐੱਨ. ਵੋਹਰਾ ਨੇ ਯਾਤਰਾ ਕੈਂਪ ਵਿਖੇ ਸ਼ਰਧਾਲੂਆਂ ਲਈ ਕੀਤੇ ਗਏ ਪ੍ਰਬੰਧਾਂ ਦੀ ਸਮੀਖਿਆ ਕੀਤੀ। ਨਾਲ ਹੀ ਫੌਜ, ਨੀਮ ਸੁਰੱਖਿਆ ਫੋਰਸਾਂ, ਪੁਲਸ ਅਤੇ ਸਿਵਲ ਅਧਿਕਾਰੀਆਂ ਨੂੰ ਯਾਤਰਾ ਨੂੰ ਸੁਚਾਰੂ ਬਣਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਯਾਤਰਾ ਦੇ ਸੁਚਾਰੂ ਸੰਚਾਲਨ ਨੂੰ ਯਕੀਨੀ ਬਣਾਉਣ ਲਈ ਪ੍ਰਬੰਧਾਂ ਵਿਚ ਸ਼ਾਮਲ ਸਭ ਵਰਕਰਾਂ ਨੂੰ 24 ਘੰਟੇ ਨਿਗਰਾਨੀ ਕਰਨ ਲਈ ਕਿਹਾ। ਬੇਸ ਕੈਂਪ ਤੋਂ ਲੈ ਕੇ ਗੁਫਾ ਤੱਕ ਸਭ ਕੈਂਪਾਂ ਵਿਚ ਹਰ ਤਰ੍ਹਾਂ ਦੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ। ਲਖਨਪੁਰ ਤੋਂ ਜੰਮੂ-ਬਨਿਹਾਲ, ਬਾਲਟਾਲ ਅਤੇ ਪਹਿਲਗਾਮ ਤੋਂ ਲੈ ਕੇ ਗੁਫਾ ਤੱਕ ਫੌਜ, ਨੀਮ ਸੁਰੱਖਿਆ ਫੋਰਸਾਂ, ਪੁਲਸ ਅਤੇ ਹੋਰ ਟੀਮਾਂ ਤਾਇਨਾਤ ਹਨ। ਰਾਜਪਾਲ ਨੇ ਸ਼ਰਧਾਲੂਆਂ ਨੂੰ ਯਕੀਨ ਦਿਵਾਇਆ ਕਿ ਕਿਸੇ ਨੂੰ ਡਰਨ ਦੀ ਕੋਈ ਲੋੜ ਨਹੀਂ। ਸਭ ਨਿਡਰਤਾ ਨਾਲ ਅਮਰਨਾਥ ਦੀ ਪਵਿੱਤਰ ਗੁਫਾ ਦੇ ਦਰਸ਼ਨ ਕਰਨ।