ਭੋਲੇ ਬਾਬਾ ਦੇ ਭਗਤਾ ਲਈ ਵੱਡੀ ਖ਼ੁਸ਼ਖ਼ਬਰੀ! ਇਸ ਦਿਨ ਤੋਂ ਸ਼ੁਰੂ ਹੋਵੇਗੀ ਅਮਰਨਾਥ ਯਾਤਰਾ
Wednesday, Mar 05, 2025 - 05:49 PM (IST)

ਨੈਸ਼ਨਲ ਡੈਸਕ- ਬਾਬਾ ਬਰਫਾਨੀ ਦੇ ਭਗਤਾ ਲਈ ਵੱਡੀ ਖ਼ੁਸ਼ਖ਼ਬਰੀ ਆਈ ਹੈ। ਇਸ ਸਾਲ ਅਮਰਨਾਥ ਯਾਤਰਾ ਦੀਆਂ ਤਾਰੀਖਾਂ ਦਾ ਐਲਾਨ ਹੋ ਗਿਆ ਹੈ। ਸ਼੍ਰੀ ਮਾਤਾ ਵੈਸ਼ਣੋ ਦੇਵੀ ਸ਼੍ਰਾਈਨ ਬੋਰਡ ਦੀ ਬੈਠਕ 'ਚ ਇਹ ਫੈਸਲਾ ਲਿਆ ਗਿਆ ਹੈ ਕਿ ਅਮਰਨਾਥ ਯਾਤਰਾ 3 ਜੁਲਾਈ ਤੋਂ ਸ਼ੁਰੂ ਹੋ ਕੇ 9 ਅਗਸਤ ਤਕ ਚੱਲੇਗੀ।
ਇਸ ਵਾਰ ਯਾਤਰਾ ਨੂੰ ਹੋਰ ਸੁਰੱਖਿਅਤ ਬਣਾਉਣ ਲਈ ਖ਼ਾਸ ਪ੍ਰਬੰਧ ਕੀਤੇ ਜਾਣਗੇ। ਸ਼ਰਧਾਲੂਆਂ ਦੇ ਰਹਿਣ, ਖਾਣ ਅਤੇ ਸੁਰੱਖਿਆ ਦੀ ਪੂਰੀ ਵਿਵਸਥਾ ਕੀਤੀ ਜਾਵੇਗੀ। ਆਓ ਜਾਣਦੇ ਹਾਂ ਇਸ ਵਾਰ ਦੀ ਅਮਰਨਾਥ ਯਾਤਰਾ ਨਾਲ ਜੁੜੀਆਂ ਜ਼ਰੂਰੀ ਗੱਲਾਂ।
ਆਨਲਾਈਨ ਅਤੇ ਆਫਲਾਈਨ ਰਜਿਸਟ੍ਰੇਸ਼ਨ ਦੀ ਸਹੂਲਤ
ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਯਾਤਰਾ ਲਈ ਆਨਲਾਈਨ ਅਤੇ ਆਫਲਾਈਨ ਦੋਵਾਂ ਤਰ੍ਹਾਂ ਰਜਿਸਟ੍ਰੇਸ਼ਨ ਦੀ ਸਹੂਲਤ ਦਿੱਤੀ ਜਾਵੇਗੀ। ਦੱਸ ਦੇਈਏ ਕਿ ਬੀਤੇ ਸਾਲ ਯਾਨੀ 2024 'ਚ ਪਵਿੱਤਰ ਅਮਰਨਾਥ ਯਾਤਰਾ ਲਈ ਰਜਿਸਟ੍ਰੇਸ਼ਨ 17 ਅਪ੍ਰੈਲ ਤੋਂ ਸ਼ੁਰੂ ਹੋਈ ਸੀ, ਇਸ ਵਾਰ ਵੀ ਇਸੇ ਤਰ੍ਹਾਂ ਦੀ ਪ੍ਰਕਿਰਿਆ ਅਪਣਾਈ ਜਾਵੇਗੀ।
ਬੈਠਕ 'ਚ ਲਏ ਗਏ ਮਹੱਤਵਪੂਰਨ ਫੈਸਲੇ
ਅਮਰਨਾਥ ਸ਼੍ਰਾਈਨ ਬੋਰਡ ਦੇ ਚੇਅਰਮੈਨ ਅਤੇ ਜੰਮੂ-ਕਸ਼ਮੀਰ ਦੇ ਐੱਲ.ਜੀ. ਮਨੋਜ ਸਿਨਹਾ ਦੀ ਅਗਵਾਈ ਹੇਠ ਹੋਏ ਇਸ ਬੈਠਕ 'ਚ ਜੰਮੂ-ਕਸ਼ਮੀਰ ਦੇ ਡੀ.ਜੀ.ਪੀ. ਨਲਿਨ ਪ੍ਰਭਾਤ, ਮੁੱਖ ਸਕੱਤਰ ਅਟਲ ਢੁੱਲੂ ਸਣੇ ਕਈ ਹੋਰ ਵੱਡੇ ਅਧਿਕਾਰੀ ਮੌਜੂਦ ਸਨ। ਸਰਕਾਰ ਅਤੇ ਟਰੱਸਟ ਵੱਲੋਂ ਸੁਰੱਖਿਆ ਨੂੰ ਪਹਿਲ ਦਿੱਤੀ ਜਾਵੇਗੀ ਅਤੇ ਸ਼ਰਧਾਲੂਆਂ ਦੀਆਂ ਸਹੂਲਤਾਂ ਨੂੰ ਵਧਾਇਆ ਜਾਵੇਗਾ।
ਅਰਮਨਾਥ ਗੁਫਾ ਤਕ ਰੋਪਵੇ ਦੀ ਸਹੂਲਤ
ਕੇਂਦਰ ਸਰਕਾਰ ਨੇ ਪਵਿੱਤਰ ਅਮਰਨਾਥ ਗੁਫਾ ਤਕ ਬਾਲਟਾਲ ਤੋਂ ਰੋਪਵੇ ਬਣਾਉਣ ਦੀ ਯੋਜਨਾ ਨੂੰ ਮਨਜ਼ੂਰੀ ਦਿੱਤੀ ਹੈ। ਇਹ ਪ੍ਰਾਜੈਕਟ ਦੇਸ਼ ਭਰ ਦੇ 18 ਧਾਰਮਿਕ ਅਤੇ ਸੈਰ-ਸਪਾਟੇ ਵਾਲੀਆਂ ਥਾਵਾਂ 'ਤੇ ਰੋਪਵੇ ਨਿਰਮਾਣ ਦੇ ਵਿਆਪਕ ਪ੍ਰੋਗਰਾਮ ਦਾ ਹਿੱਸਾ ਹੈ। ਇਸ ਸਮੇਂ ਸ਼ਰਧਾਲੂ 38 ਕਿਲੋਮੀਟਰ ਲੰਬੇ ਪਹਿਲਗਾਮ ਮਾਰਗ ਜਾਂ 13 ਕਿਲੋਮੀਟਰ ਬਾਲਟਾਲ ਮਾਰਗ ਤੋਂ ਪੈਦਲ ਯਾਤਰਾ ਤਕ ਭਗਵਾਨ ਸ਼ਿਵ ਦੇ ਪਵਿੱਤਰ ਹਿਮਲਿੰਗ ਦੇ ਦਰਸ਼ਨ ਕਰਦੇ ਹਨ ਪਰ ਰੋਪਵੇ ਬਣਨ ਤੋਂ ਬਾਅਦ ਯਾਤਰਾ ਜ਼ਿਆਦਾ ਆਸਾਨ ਹੋ ਜਾਵੇਗੀ।