''ਮਾਨ'' ਸਰਕਾਰ ਦੇ ਮੰਤਰੀ ਨੂੰ 2 ਸਾਲ ਦੀ ਕੈਦ, ਦੋਸ਼ੀ ਠਹਿਰਾਏ ਜਾਣ ਮਗਰੋਂ ਸੰਸਦ ਤੋਂ ਅਯੋਗ ਕਰਾਰ ਦਿੱਤੇ ਗਏ ਇਹ ਮੰਤਰੀ

Thursday, Dec 21, 2023 - 06:34 PM (IST)

ਨਵੀਂ ਦਿੱਲੀ- ਪੰਜਾਬ ਦੀ ਭਗਵੰਤ ਮਾਨ ਸਰਕਾਰ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ 2 ਸਾਲ ਦੀ ਸਜ਼ਾ ਸੁਣਾਈ ਗਈ ਹੈ। ਪਰਿਵਾਰਕ ਲੜਾਈ-ਝਗੜੇ ਕਾਰਨ ਅਮਨ ਦੇ ਜੀਜਾ ਨੇ 2008 'ਚ ਉਨ੍ਹਾਂ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ। ਅਰੋੜਾ ਦੀ ਆਪਣੇ ਜੀਜਾ ਰਾਜਿੰਦਰ ਦੀਪਾ ਨਾਲ ਲੜਾਈ ਚੱਲ ਰਹੀ ਸੀ। ਜਿਸ ਦੇ ਤਹਿਤ ਸੁਨਾਮ ਦੀ ਜ਼ਿਲ੍ਹਾ ਅਦਾਲਤ ਨੇ ਇਹ ਸਜ਼ਾ ਸੁਣਾਈ ਹੈ।

ਇਹ ਵੀ ਪੜ੍ਹੋ- ਵੱਡੀ ਖ਼ਬਰ : ਮਾਨ ਸਰਕਾਰ ਦੇ ਮੰਤਰੀ ਨੂੰ 2 ਸਾਲ ਦੀ ਸਜ਼ਾ, ਜਾਣੋ ਪੂਰਾ ਮਾਮਲਾ (ਵੀਡੀਓ)

ਦੱਸ ਦੇਈਏ ਕਿ ਅਮਨ ਅਰੋੜਾ ਹੀ ਨਹੀਂ ਕਈ ਅਜਿਹੇ ਭਾਰਤੀ ਸੰਸਦ ਮੈਂਬਰ ਹਨ, ਜੋ ਦੋਸ਼ੀ ਠਹਿਰਾਏ ਜਾਣ ਮਗਰੋਂ ਅਯੋਗ ਠਹਿਰਾਏ ਗਏ ਹਨ। ਜਿਨ੍ਹਾਂ 'ਚ ਤਾਮਿਲਨਾਡੂ ਦੀ ਮੁਖ ਮੰਤਰੀ ਜੈਲਲਿਤਾ, ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ, ਉੱਤਰ ਪ੍ਰਦੇਸ਼ ਦੇ ਵਿਧਾਇਕ ਆਜ਼ਮ ਖਾਨ, ਲਕਸ਼ਦੀਪ ਦੇ ਸੰਸਦ ਮੈਂਬਰ ਪੀ. ਪੀ. ਮੁਹੰਮਦ ਫੈਜ਼ਲ, ਭਾਜਪਾ ਦੇ ਬਿਹਾਰ ਤੋਂ ਵਿਧਾਇਕ ਅਨਿਲ ਕੁਮਾਰ ਸੈਣੀ, ਭਾਜਪਾ ਦੇ ਉੱਤਰ ਪ੍ਰਦੇਸ਼ ਤੋਂ ਵਿਧਾਇਕ ਵਿਕਰਮ ਸਿੰਘ ਸੈਣੀ, ਹਰਿਆਣਾ ਦੇ ਵਿਧਾਇਕ ਪਰਦੀਪ ਚੌਧਰੀ, ਉੱਤਰ ਪ੍ਰਦੇਸ਼ ਦੇ ਵਿਧਾਇਕ ਕੁਲਦੀਪ ਸਿੰਘ ਸੈਂਗਰ, ਉੱਤਰ ਪ੍ਰਦੇਸ਼ ਤੋਂ ਵਿਧਾਇਕ ਅਬਦੁੱਲਾ ਆਜ਼ਮ ਖਾਨ ਅਤੇ ਬਿਹਾਰ ਤੋਂ ਵਿਧਾਇਕ ਅਨੰਤ ਸਿੰਘ ਦੀ ਮੈਂਬਰਸ਼ਿਪ ਅਦਾਲਤ ਵਲੋਂ ਸਜ਼ਾ ਸੁਣਾਏ ਜਾਣ ਤੋਂ ਬਾਅਦ ਖ਼ਤਮ ਕਰ ਦਿੱਤੀ ਗਈ ਸੀ। ਜਾਣਕਾਰਾਂ ਦੇ ਮੁਤਾਬਕ ਹੁਣ ਅਮਨ ਅਰੋੜਾ ਦੇ ਮਾਮਲੇ ’ਚ ਵੀ ਫੈਸਲੇ ਦੀ ਕਾਪੀ ਆਉਣ ਤੋਂ ਬਾਅਦ ਵਿਧਾਨ ਸਭਾ ਸਪੀਕਰ ਇਸ ਮਾਮਲੇ ’ਚ ਕੋਈ ਢੁੱਕਵਾਂ ਫੈਸਲਾ ਲੈ ਸਕਦੇ ਹਨ।

ਦੱਸ ਦੇਈਏ ਕਿ ਲੋਕ ਪ੍ਰਤੀਨਿਧਤਾ ਐਕਟ ਦੇ ਅਨੁਸਾਰ ਦੋ ਸਾਲ ਜਾਂ ਇਸ ਤੋਂ ਵੱਧ ਦੀ ਕੈਦ ਦੀ ਸਜ਼ਾ ਵਾਲੇ ਵਿਅਕਤੀ ਨੂੰ ਅਯੋਗ ਠਹਿਰਾਇਆ ਜਾਂਦਾ ਅਤੇ ਸਮਾਂ ਕੱਟਣ ਤੋਂ ਬਾਅਦ ਹੋਰ ਛੇ ਸਾਲਾਂ ਲਈ ਅਯੋਗ ਠਹਿਰਾਇਆ ਜਾਂਦਾ ਹੈ। ਅਪਰਾਧਿਕ ਮਾਮਲਿਆਂ ਵਿਚ ਦੋਸ਼ੀ ਠਹਿਰਾਏ ਜਾਣ ਅਤੇ ਸਜ਼ਾ ਸੁਣਾਏ ਜਾਣ 'ਤੇ ਮੁਅੱਤਲ ਕੀਤੇ ਗਏ ਕੁਝ ਸੰਸਦ ਮੈਂਬਰ ਬਾਰੇ ਵਿਸਥਾਰ ਨਾਲ ਜਾਣਦੇ ਹਾਂ-

ਇਹ ਵੀ ਪੜ੍ਹੋ- ਨਵੇਂ ਅਪਰਾਧਿਕ ਕਾਨੂੰਨਾਂ ਨੂੰ ਲੋਕ ਸਭਾ ਵਲੋਂ ਮਨਜ਼ੂਰੀ, ਹੁਣ ਮੌਬ ਲਿੰਚਿੰਗ ’ਤੇ ਹੋਵੇਗੀ ਫਾਂਸੀ

ਲਾਲੂ ਪ੍ਰਸਾਦ:

ਰਾਸ਼ਟਰੀ ਜਨਤਾ ਦਲ ਦੇ ਸੁਪਰੀਮੋ ਨੂੰ ਸਤੰਬਰ 2013 ਵਿਚ ਚਾਰਾ ਘੁਟਾਲੇ ਦੇ ਮਾਮਲੇ 'ਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਲੋਕ ਸਭਾ ਤੋਂ ਅਯੋਗ ਕਰ ਦਿੱਤਾ ਗਿਆ ਸੀ। ਉਹ ਬਿਹਾਰ ਦੇ ਸਾਰਨ ਤੋਂ ਸੰਸਦ ਮੈਂਬਰ ਸੀ।

ਜੇ ਜੈਲਲਿਤਾ:

AIADMK ਸੁਪਰੀਮੋ ਜੇ. ਜੈਲਲਿਤਾ ਨੂੰ ਸਤੰਬਰ 2014 'ਚ ਤਾਮਿਲਨਾਡੂ ਵਿਧਾਨ ਸਭਾ ਤੋਂ ਅਯੋਗ ਕਰਾਰ ਦਿੱਤਾ ਗਿਆ ਸੀ, ਜਦੋਂ ਉਨ੍ਹਾਂ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਚਾਰ ਸਾਲ ਦੀ ਸਜ਼ਾ ਸੁਣਾਈ ਗਈ ਸੀ। ਆਪਣੀ ਅਯੋਗਤਾ ਦੇ ਸਮੇਂ ਉਹ ਤਾਮਿਲਨਾਡੂ ਦੀ ਮੁੱਖ ਮੰਤਰੀ ਸੀ ਅਤੇ ਉਨ੍ਹਾਂ ਨੂੰ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਸੀ।

ਪੀ ਪੀ ਮੁਹੰਮਦ ਫੈਜ਼ਲ:

ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਲਕਸ਼ਦੀਪ ਦੇ ਸੰਸਦ ਮੈਂਬਰ ਪੀ.ਪੀ.ਮੁਹੰਮਦ ਫੈਸਲ ਨੂੰ ਜਨਵਰੀ 2023 'ਚ ਕਤਲ ਦੀ ਕੋਸ਼ਿਸ਼ ਦੇ ਮਾਮਲੇ 'ਚ 10 ਸਾਲ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਅਯੋਗ ਠਹਿਰਾਇਆ ਗਿਆ ਸੀ। ਹਾਲਾਂਕਿ ਕੇਰਲ ਹਾਈ ਕੋਰਟ ਨੇ ਬਾਅਦ ਵਿਚ ਦੋਸ਼ੀ ਠਹਿਰਾਉਣ ਅਤੇ ਸਜ਼ਾ ਨੂੰ ਮੁਅੱਤਲ ਕਰ ਦਿੱਤਾ। ਸੰਸਦ ਮੈਂਬਰ ਦੇ ਅਨੁਸਾਰ ਲੋਕ ਸਭਾ ਸਕੱਤਰੇਤ ਨੇ ਅਜੇ ਉਨ੍ਹਾਂ ਦੀ ਅਯੋਗਤਾ ਨੂੰ ਰੱਦ ਕਰਨ ਲਈ ਨੋਟੀਫਿਕੇਸ਼ਨ ਜਾਰੀ ਕਰਨਾ ਹੈ।

ਇਹ ਵੀ ਪੜ੍ਹੋ-  ਲੋਕ ਸਭਾ 'ਚ ਗਰਜੇ ਹਰਸਿਮਰਤ ਕੌਰ ਬਾਦਲ, ਬੰਦੀ ਸਿੰਘਾਂ ਦੀ ਰਿਹਾਈ ਸਮੇਤ ਚੁੱਕੇ ਇਹ ਮੁੱਦੇ

ਆਜ਼ਮ ਖਾਨ:

ਸਮਾਜਵਾਦੀ ਪਾਰਟੀ ਦੇ ਨੇਤਾ ਆਜ਼ਮ ਖਾਨ ਨੂੰ ਅਕਤੂਬਰ 2022 'ਚ ਉੱਤਰ ਪ੍ਰਦੇਸ਼ ਵਿਧਾਨ ਸਭਾ ਤੋਂ ਅਯੋਗ ਕਰਾਰ ਦਿੱਤਾ ਗਿਆ ਸੀ, ਜਦੋਂ ਅਦਾਲਤ ਨੇ ਉਸ ਨੂੰ 2019 ਦੇ ਨਫ਼ਰਤ ਵਾਲੇ ਭਾਸ਼ਣ ਦੇ ਇਕ ਕੇਸ 'ਚ ਤਿੰਨ ਸਾਲ ਦੀ ਸਜ਼ਾ ਸੁਣਾਈ ਸੀ। ਉਨ੍ਹਾਂ ਵਿਧਾਨ ਸਭਾ ਵਿਚ ਰਾਮਪੁਰ ਸਦਰ ਦੀ ਨੁਮਾਇੰਦਗੀ ਕੀਤੀ।

ਅਨਿਲ ਕੁਮਾਰ ਸਾਹਨੀ:

ਆਰ. ਜੇ. ਡੀ ਵਿਧਾਇਕ ਅਨਿਲ ਕੁਮਾਰ ਸਾਹਨੀ ਨੂੰ ਧੋਖਾਧੜੀ ਦੇ ਇਕ ਮਾਮਲੇ 'ਚ ਤਿੰਨ ਸਾਲ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਅਕਤੂਬਰ 2022 'ਚ ਬਿਹਾਰ ਵਿਧਾਨ ਸਭਾ ਤੋਂ ਅਯੋਗ ਕਰਾਰ ਦਿੱਤਾ ਗਿਆ ਸੀ। ਉਹ ਕੁਰਹਾਨੀ ਵਿਧਾਨ ਸਭਾ ਸੀਟ ਦੀ ਨੁਮਾਇੰਦਗੀ ਕਰਦੇ ਸਨ। 2012 'ਚ ਸਫ਼ਰ ਕੀਤੇ ਬਿਨਾਂ ਜਾਅਲੀ ਏਅਰ ਇੰਡੀਆ ਦੀਆਂ ਈ-ਟਿਕਟਾਂ ਦੀ ਵਰਤੋਂ ਕਰਕੇ ਯਾਤਰਾ ਭੱਤਾ ਲੈਣ ਦੀ ਕੋਸ਼ਿਸ਼ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਸੀ। ਸਾਹਨੀ ਜੋ ਕਿ ਧੋਖਾਧੜੀ ਦੀ ਕੋਸ਼ਿਸ਼ ਦੇ ਸਮੇਂ ਜੇ.ਡੀ (ਯੂ) ਦੇ ਰਾਜ ਸਭਾ ਮੈਂਬਰ ਸਨ, ਨੇ 23.71 ਲੱਖ ਰੁਪਏ ਦਾ ਦਾਅਵਾ ਪੇਸ਼ ਕੀਤਾ ਸੀ।

ਵਿਕਰਮ ਸਿੰਘ ਸੈਣੀ:

ਭਾਜਪਾ ਵਿਧਾਇਕ ਵਿਕਰਮ ਸਿੰਘ ਸੈਣੀ ਨੂੰ 2013 ਦੇ ਮੁਜ਼ੱਫਰਨਗਰ ਦੰਗਿਆਂ ਦੇ ਇਕ ਕੇਸ 'ਚ ਦੋ ਸਾਲ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਅਕਤੂਬਰ 2022 ਤੋਂ ਉੱਤਰ ਪ੍ਰਦੇਸ਼ ਵਿਧਾਨ ਸਭਾ ਤੋਂ ਅਯੋਗ ਕਰਾਰ ਦਿੱਤਾ ਗਿਆ ਸੀ। ਸੈਣੀ ਮੁਜ਼ੱਫਰਨਗਰ ਦੇ ਖਤੌਲੀ ਤੋਂ ਵਿਧਾਇਕ ਸਨ।

ਇਹ ਵੀ ਪੜ੍ਹੋ- ਕੋਰੋਨਾ ਕਾਰਨ ਦੇਸ਼ 'ਚ ਇਕ ਵਾਰ ਫਿਰ ਵਿਗੜ ਸਕਦੇ ਹਨ ਹਾਲਾਤ, ਸਿਹਤ ਮੰਤਰੀ ਨੇ ਸੂਬਿਆਂ ਨੂੰ ਕੀਤਾ ਅਲਰਟ

ਪ੍ਰਦੀਪ ਚੌਧਰੀ:

ਕਾਂਗਰਸ ਵਿਧਾਇਕ ਪ੍ਰਦੀਪ ਚੌਧਰੀ ਨੂੰ ਜਨਵਰੀ 2021 'ਚ ਹਰਿਆਣਾ ਵਿਧਾਨ ਸਭਾ ਤੋਂ ਅਯੋਗ ਕਰਾਰ ਦਿੱਤਾ ਗਿਆ ਸੀ,  ਜਦੋਂ ਉਨ੍ਹਾਂ ਹਮਲੇ ਦੇ ਮਾਮਲੇ 'ਚ ਤਿੰਨ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ। ਉਹ ਕਾਲਕਾ ਤੋਂ ਵਿਧਾਇਕ ਸਨ।

ਕੁਲਦੀਪ ਸਿੰਘ ਸੇਂਗਰ:

ਕੁਲਦੀਪ ਸਿੰਘ ਸੇਂਗਰ ਨੂੰ ਬਲਾਤਕਾਰ ਦੇ ਇਕ ਕੇਸ 'ਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਫਰਵਰੀ 2020 'ਚ ਉੱਤਰ ਪ੍ਰਦੇਸ਼ ਵਿਧਾਨ ਸਭਾ ਤੋਂ ਅਯੋਗ ਕਰਾਰ ਦਿੱਤਾ ਗਿਆ ਸੀ। 

ਅਬਦੁੱਲਾ ਆਜ਼ਮ ਖਾਨ:

ਸਮਾਜਵਾਦੀ ਪਾਰਟੀ ਦੇ ਵਿਧਾਇਕ ਅਬਦੁੱਲਾ ਆਜ਼ਮ ਖਾਨ ਨੂੰ ਫਰਵਰੀ 2023 'ਚ ਉੱਤਰ ਪ੍ਰਦੇਸ਼ ਵਿਧਾਨ ਸਭਾ ਤੋਂ ਅਯੋਗ ਕਰਾਰ ਦਿੱਤਾ ਗਿਆ ਸੀ। ਅਦਾਲਤ ਨੇ ਉਨ੍ਹਾਂ ਨੂੰ 15 ਸਾਲ ਪੁਰਾਣੇ ਇਕ ਕੇਸ 'ਚ ਦੋ ਸਾਲ ਦੀ ਸਜ਼ਾ ਸੁਣਾਈ ਸੀ। ਦੱਸ ਦੇਈਏ ਕਿ ਆਜ਼ਮ ਖ਼ਾਨ ਦੇ ਪੁੱਤਰ ਅਬਦੁੱਲਾ ਆਜ਼ਮ ਖ਼ਾਨ ਦੇ ਖ਼ਿਲਾਫ਼ ਮਾਮਲਾ 31 ਦਸੰਬਰ, 2007 ਨੂੰ ਰਾਮਪੁਰ 'ਚ CRPF ਕੈਂਪ 'ਤੇ ਹਮਲੇ ਤੋਂ ਬਾਅਦ ਪੁਲਸ ਵੱਲੋਂ ਜਾਂਚ ਲਈ ਰੋਕੇ ਜਾਣ ਤੋਂ ਬਾਅਦ ਹਾਈਵੇਅ 'ਤੇ ਧਰਨੇ ਨਾਲ ਸਬੰਧਤ ਹੈ।

ਇਹ ਵੀ ਪੜ੍ਹੋ- ਹੋ ਜਾਓ ਸਾਵਧਾਨ! ਦੇਸ਼ ਦੇ ਇਨ੍ਹਾਂ ਤਿੰਨ ਸੂਬਿਆਂ 'ਚ ਤੇਜ਼ੀ ਨਾਲ ਫੈਲ ਰਿਹਾ ਕੋਰੋਨਾ ਦਾ ਸਬ-ਵੈਰੀਐਂਟ JN.1

ਅਨੰਤ ਸਿੰਘ:

ਆਰ. ਜੇ. ਡੀ ਵਿਧਾਇਕ ਅਨੰਤ ਸਿੰਘ ਨੂੰ ਉਨ੍ਹਾਂ ਦੀ ਰਿਹਾਇਸ਼ ਤੋਂ ਹਥਿਆਰਾਂ ਅਤੇ ਗੋਲਾ ਬਾਰੂਦ ਦੀ ਬਰਾਮਦਗੀ ਨਾਲ ਸਬੰਧਤ ਇਕ ਮਾਮਲੇ 'ਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਜੁਲਾਈ 2022 'ਚ ਬਿਹਾਰ ਵਿਧਾਨ ਸਭਾ ਤੋਂ ਅਯੋਗ ਕਰਾਰ ਦਿੱਤਾ ਗਿਆ ਸੀ। ਸਿੰਘ ਪਟਨਾ ਜ਼ਿਲ੍ਹੇ ਦੇ ਮੋਕਾਮਾ ਤੋਂ ਵਿਧਾਇਕ ਸਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Tanu

Content Editor

Related News