ਬੇਹੱਦ ਖ਼ਾਸ ਹੋਵੇਗਾ 2024 ਦਾ ਗਣਤੰਤਰ ਦਿਵਸ, ਕਰਤਵਯ ਪੱਥ ''ਤੇ ਪਰੇਡ ''ਚ ਦਿਸੇਗੀ ''ਨਾਰੀ ਸ਼ਕਤੀ''
Sunday, May 07, 2023 - 05:05 PM (IST)
ਨਵੀਂ ਦਿੱਲੀ- ਸਾਲ 2024 ਦੇ ਗਣਤੰਤਰ ਦਿਵਸ 'ਤੇ ਇਕ ਨਵਾਂ ਇਤਿਹਾਸ ਬਣਨ ਜਾ ਰਿਹਾ ਹੈ। ਸਰਕਾਰ ਅਗਲੇ ਸਾਲ ਦੇ ਗਣਤੰਤਰ ਦਿਵਸ ਪਰੇਡ 'ਚ ਔਰਤਾਂ ਦੀ ਵੱਧ ਭਾਗੀਦਾਰੀ ਯਕੀਨੀ ਕਰਨ ਦੀ ਯੋਜਨਾ 'ਤੇ ਕੰਮ ਕਰ ਰਹੀ ਹੈ। ਕਰਤਵਯ ਪੱਥ 'ਤੇ ਪਰੇਡ 'ਚ ਸਿਰਫ਼ ਔਰਤਾਂ ਹੀ ਹੋਣਗੀਆਂ। ਦਰਅਸਲ ਬੇਟੀ ਬਚਾਓ-ਬੇਟੀ ਪੜ੍ਹਾਓ ਅਤੇ ਮਹਿਲਾ ਸਸ਼ਕਤੀਕਰਨ ਨੂੰ ਉਜਾਗਰ ਕਰਨ ਲਈ ਸਰਕਾਰ ਸਾਲ 2024 ਦੇ ਗਣਤੰਤਰ ਦਿਵਸ ਸਮਾਰੋਹ ਨੂੰ ਔਰਤਾਂ ਲਈ ਖ਼ਾਸ ਬਣਾਉਣ ਜਾ ਰਹੀ ਹੈ।
ਇਸ ਬਾਬਤ ਮਾਰਚ 'ਚ ਰੱਖਿਆ ਮੰਤਰਾਲੇ ਨੇ ਹਥਿਆਰਬੰਦ ਫੋਰਸ ਅਤੇ ਪਰੇਡ ਵਿਚ ਸ਼ਾਮਲ ਹੋਰ ਸਰਕਾਰੀ ਮੰਤਰਾਲਿਆਂ ਅਤੇ ਵਿਭਾਗਾਂ ਨੂੰ ਇਕ ਚਿੱਠੀ ਲਿਖੀ ਸੀ। ਇਸ ਚਿੱਠੀ 'ਚ ਕਿਹਾ ਗਿਆ ਸੀ ਕਿ ਮਾਰਚ ਕਰਨ ਵਾਲੀਆਂ ਟੁਕੜੀਆਂ, ਬੈਂਡ ਅਤੇ ਝਾਕੀ ਵਿਚ ਸਿਰਫ਼ ਮਹਿਲਾਵਾਂ ਦੀ ਭਾਗੀਦਾਰੀ ਹੋਵੇਗੀ। ਰੱਖਿਆ ਮੰਤਰਾਲੇ ਨੇ ਆਪਣੇ ਨੋਟਿਸ 'ਚ ਵਿਸਥਾਰਪੂਰਵਕ ਵਿਚਾਰ-ਵਟਾਂਦਰੇ ਤੋਂ ਬਾਅਦ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਗਣਤੰਤਰ ਦਿਵਸ 2024 'ਚ ਔਰਤਾਂ ਦੀ ਭਾਗੀਦਾਰੀ ਹੋਵੇਗੀ, ਜਿਸ ਵਿਚ ਦਸਤੇ (ਮਾਰਚਿੰਗ ਅਤੇ ਬੈਂਡ), ਝਾਕੀ ਅਤੇ ਕਰਤਵਯ ਪੱਥ 'ਤੇ ਪਰੇਡ ਦੌਰਾਨ ਪ੍ਰਦਰਸ਼ਨ ਸ਼ਾਮਲ ਹੋਣਗੇ। ਰੱਖਿਆ ਮੰਤਰਾਲਾ ਨੇ ਇਸ ਫ਼ੈਸਲੇ ਬਾਰੇ ਗ੍ਰਹਿ, ਸੰਸਕ੍ਰਿਤੀ ਅਤੇ ਸ਼ਹਿਰੀ ਵਿਕਾਸ ਮੰਤਰਾਲਾ ਸਮੇਤ ਵੱਖ-ਵੱਖ ਮੰਤਰਾਲਿਆਂ ਨੂੰ ਸੂਚਿਤ ਵੀ ਕਰ ਦਿੱਤਾ ਹੈ।
ਦੱਸ ਦੇਈਏ ਕਿ ਰੱਖਿਆ ਫੋਰਸਾਂ ਅਤੇ ਨੀਮ ਫ਼ੌਜੀ ਟੁਕੜੀਆਂ ਦੀਆਂ ਸਾਰੀਆਂ ਸੰਭਾਵਿਤ ਭੂਮਿਕਾਵਾਂ ਵਿਚ ਔਰਤਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਜ਼ਨ ਦੇ ਅਨੁਸਾਰ ਮਹਿਲਾ ਕਮਾਂਡਰਾਂ ਅਤੇ ਡਿਪਟੀ ਕਮਾਂਡਰਾਂ ਨੂੰ ਚੁਣਿਆ ਗਿਆ ਹੈ। ਇਸ ਦੇ ਨਾਲ ਹੀ ਲੜਾਕੂ ਭੂਮਿਕਾਵਾਂ ਵਿਚ ਵੀ ਔਰਤਾਂ ਦੀ ਤਾਇਨਾਤੀ ਪਹਿਲੀ ਵਾਰ ਕੀਤੀ ਗਈ ਹੈ। ਪ੍ਰਧਾਨ ਮੰਤਰੀ ਮੋਦੀ ਦੇ ਮਹੀਨੇਵਾਰੀ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਦੇ 99ਵੇਂ ਐਪੀਸੋਡ ਨੂੰ ਸੰਬੋਧਿਤ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤੀ ਮਹਿਲਾਵਾਂ ਅਤੇ ਉਨ੍ਹਾਂ ਸਸ਼ਕਤੀਕਰਨ ਭਾਰਤ ਦੇ ਵਿਕਾਸ ਨੂੰ ਅੱਗੇ ਵਧਾਉਣ 'ਚ ਵੱਡੀ ਭੂਮਿਕਾ ਨਿਭਾ ਰਿਹਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਨਾਰੀ ਸ਼ਕਤੀ ਅੱਗੇ ਵਧ ਕੇ ਅਗਵਾਈ ਕਰ ਰਹੀ ਹੈ।