Alert! ਬਿਨਾਂ OTP WhatsApp ਹੈਕ, ਬੈਂਕ ਖਾਤਿਆਂ ਤੋਂ ਵੀ ਨਿਕਲ ਰਹੇ ਨੇ ਪੈਸੇ
Tuesday, Dec 23, 2025 - 07:55 PM (IST)
ਵੈੱਬ ਡੈਸਕ: ਸਾਇਬਰ ਠੱਗ ਲੋਕਾਂ ਨੂੰ ਠੱਗਣ ਲਈ ਲਗਾਤਾਰ ਨਵੇਂ ਤਰੀਕੇ ਅਪਣਾ ਰਹੇ ਹਨ। ਹੁਣ ਠੱਗਾਂ ਨੇ WhatsApp ਯੂਜ਼ਰਾਂ ਨੂੰ ਨਿਸ਼ਾਨਾ ਬਣਾਉਂਦਿਆਂ ਇੱਕ ਐਸਾ ਤਰੀਕਾ ਅਪਣਾਇਆ ਹੈ, ਜਿਸ 'ਚ ਨਾ ਤਾਂ OTP ਦੀ ਲੋੜ ਪੈਂਦੀ ਹੈ ਤੇ ਨਾ ਹੀ ਪਾਸਵਰਡ ਦੀ। ਇਸ ਮਾਮਲੇ ਨੂੰ ਲੈ ਕੇ ਚੰਡੀਗੜ੍ਹ ਪੁਲਸ ਨੇ ਲੋਕਾਂ ਲਈ ਅਲਰਟ ਜਾਰੀ ਕਰਦੇ ਹੋਏ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਪੁਲਸ ਮੁਤਾਬਕ, ਇਸ ਤਰੀਕੇ ਨਾਲ ਸਿਰਫ਼ WhatsApp ਅਕਾਊਂਟ ਹੀ ਹੈਕ ਨਹੀਂ ਹੋ ਰਹੇ, ਸਗੋਂ ਪੀੜਤਾਂ ਦੇ ਬੈਂਕ ਖਾਤਿਆਂ ਤੋਂ ਵੀ ਰਕਮ ਕੱਢੀ ਜਾ ਰਹੀ ਹੈ।
ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਚਿਤਾਵਨੀ ਭਾਰਤ ਸਰਕਾਰ ਦੀ ਸਾਇਬਰ ਸੁਰੱਖਿਆ ਏਜੰਸੀ CERT-In ਵੱਲੋਂ ਸਾਹਮਣੇ ਆਈ ਗੰਭੀਰ ਜਾਣਕਾਰੀ ਤੋਂ ਬਾਅਦ ਜਾਰੀ ਕੀਤੀ ਗਈ ਹੈ। ਇਸ ਨਵੇਂ ਤਰੀਕੇ ਨੂੰ “ਘੋਸਟ ਪੇਅਰਿੰਗ ਸਕੈਮ” (Ghost Pairing Scam) ਕਿਹਾ ਜਾ ਰਿਹਾ ਹੈ, ਜਿਸ ਵਿੱਚ ਸਾਇਬਰ ਅਪਰਾਧੀ WhatsApp ਦੇ Linked Devices ਫੀਚਰ ਦਾ ਗਲਤ ਇਸਤੇਮਾਲ ਕਰ ਰਹੇ ਹਨ। ਚੰਡੀਗੜ੍ਹ ਪੁਲਸ ਅਨੁਸਾਰ, ਇਸ ਸਕੈਮ ਵਿੱਚ ਹੈਕਰ ਯੂਜ਼ਰ ਦੀ ਜਾਣਕਾਰੀ ਤੋਂ ਬਿਨਾਂ ਹੀ ਉਸਦਾ WhatsApp ਅਕਾਊਂਟ ਆਪਣੇ ਡਿਵਾਈਸ ਨਾਲ ਲਿੰਕ ਕਰ ਲੈਂਦੇ ਹਨ। ਇੱਕ ਵਾਰ ਅਕਾਊਂਟ ਲਿੰਕ ਹੋ ਜਾਣ ਤੋਂ ਬਾਅਦ, ਠੱਗਾਂ ਨੂੰ ਪੂਰੀ ਚੈਟ, ਸੰਪਰਕ ਸੂਚੀ ਅਤੇ ਨਿੱਜੀ ਜਾਣਕਾਰੀ ਤੱਕ ਪਹੁੰਚ ਮਿਲ ਜਾਂਦੀ ਹੈ, ਜਿਸ ਦੀ ਮਦਦ ਨਾਲ ਉਹ ਠੱਗੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ।
ਪੁਲਸ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਨਿਯਮਿਤ ਤੌਰ ‘ਤੇ WhatsApp ਦੀਆਂ ਸੈਟਿੰਗਾਂ 'ਚ ਜਾ ਕੇ Linked Devices ਦੀ ਜਾਂਚ ਕਰਦੇ ਰਹਿਣ। ਜੇਕਰ ਕੋਈ ਅਣਜਾਣ ਜਾਂ ਸ਼ੱਕੀ ਡਿਵਾਈਸ ਲਿੰਕ ਦਿੱਸੇ ਤਾਂ ਤੁਰੰਤ ਉਸ ਨੂੰ ਹਟਾਇਆ ਜਾਵੇ ਤੇ ਇਸ ਦੀ ਜਾਣਕਾਰੀ ਸਾਇਬਰ ਹੈਲਪਲਾਈਨ ਜਾਂ ਨਜ਼ਦੀਕੀ ਪੁਲਸ ਥਾਣੇ ਨੂੰ ਦਿੱਤੀ ਜਾਵੇ। ਨਾਲ ਹੀ ਅਣਜਾਣ ਲਿੰਕਾਂ ‘ਤੇ ਕਲਿੱਕ ਕਰਨ ਅਤੇ ਸ਼ੱਕੀ ਕਾਲਾਂ ਜਾਂ ਸੁਨੇਹਿਆਂ ਤੋਂ ਦੂਰ ਰਹਿਣ ਦੀ ਅਪੀਲ ਵੀ ਕੀਤੀ ਗਈ ਹੈ।
ਪੁਲਸ ਮੁਤਾਬਕ ਇਸ ਦੌਰਾਨ ਸਭ ਤੋਂ ਪਹਿਲਾਂ ਸਾਇਬਰ ਠੱਗ WhatsApp ‘ਤੇ ਯੂਜ਼ਰ ਨੂੰ ਇੱਕ ਫੋਟੋ ਭੇਜਦੇ ਹਨ ਅਤੇ ਸੁਨੇਹਾ ਕਰਦੇ ਹਨ ਕਿ “ਕੀ ਇਹ ਤੁਹਾਡੀ ਫੋਟੋ ਹੈ?” ਜਾਂ “ਜਲਦੀ ਆਪਣੀ ਵੀਡੀਓ ਵੇਖੋ।” ਜਿਵੇਂ ਹੀ ਯੂਜ਼ਰ ਉਸ ਲਿੰਕ ‘ਤੇ ਕਲਿੱਕ ਕਰਦਾ ਹੈ, ਇੱਕ ਨਕਲੀ WhatsApp ਜਾਂ Facebook ਵਰਗਾ ਦਿਖਣ ਵਾਲਾ ਪੇਜ ਖੁੱਲ੍ਹਦਾ ਹੈ, ਜਿਸ ‘ਤੇ “Verify to continue” ਲਿਖਿਆ ਹੁੰਦਾ ਹੈ। ਜਦੋਂ ਯੂਜ਼ਰ ਉੱਥੇ ਆਪਣਾ ਮੋਬਾਈਲ ਨੰਬਰ ਦਰਜ ਕਰਦਾ ਹੈ, ਤਦੋਂ ਉਸਦਾ WhatsApp ਅਕਾਊਂਟ ਹੈਕ ਹੋ ਜਾਂਦਾ ਹੈ।
