Alert ! ਜਲਦੀ ਕਰ ਲਓ ਜ਼ਰੂਰੀ ਕੰਮ, ਮਾਰਚ ਮਹੀਨੇ 13 ਦਿਨ ਨਹੀਂ ਖੁੱਲਣਗੇ ਬੈਂਕ

Monday, Mar 02, 2020 - 05:58 PM (IST)

ਨਵੀਂ ਦਿੱਲੀ — ਜੇਕਰ ਤੁਹਾਨੂੰ ਬੈਂਕ ਨਾਲ ਸਬੰਧਿਤ ਜ਼ਰੂਰੀ ਕੰਮ ਹਨ ਤਾਂ ਇਸ ਮਹੀਨੇ ਤੁਹਾਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦਰਅਸਲ ਮਾਰਚ ਦੇ ਮਹੀਨੇ 'ਚ 13 ਦਿਨ ਬੈਂਕਾਂ ਵਿਚ ਕੰਮ ਨਹੀਂ ਹੋਵੇਗਾ ਅਜਿਹੇ 'ਚ ਜ਼ਰੂਰੀ ਕੰਮ ਪਹਿਲ ਦੇ ਆਧਾਰ 'ਤੇ ਕਰ ਲੈਣਾ ਸਹੀ ਰਹੇਗਾ। 

ਦਰਅਸਲ ਬੈਂਕ ਕਰਮਚਾਰੀਆਂ ਦੀ ਪ੍ਰਸਤਾਵਿਤ ਤਿੰਨ ਦਿਨਾਂ ਹੜਤਾਲ ਇਸ ਮਹੀਨੇ ਮੁਲਤਵੀ ਕਰ ਦਿੱਤੀ ਗਈ ਹੈ। ਇਸ ਦੇ ਬਾਵਜੂਦ ਇਸ ਮਹੀਨੇ ਹੋਲੀ, ਗੁੜੀ ਪੜਵਾ, ਸਰਹੁਲ ਅਤੇ ਉਗਾਡੀ ਵਰਗੇ ਤਿਉਹਾਰਾਂ ਅਤੇ 5 ਐਤਵਾਰ ਆਉਣ ਦੇ ਕਾਰਨ ਵੱਖ-ਵੱਖ ਖੇਤਰਾਂ ਦੇ ਬੈਂਕ ਕੁਲ ਮਿਲਾ ਕੇ 13 ਦਿਨ ਲਈ ਬੰਦ ਰਹਿਣਗੇ। ਅਜਿਹੀ ਸਥਿਤੀ ਵਿਚ ਜੇ ਤੁਹਾਡੇ ਕੋਲ ਮਾਰਚ ਵਿਚ ਬੈਂਕ ਨਾਲ ਸਬੰਧਤ ਕੋਈ ਕੰਮ ਹਨ, ਤਾਂ ਆਪਣੀ ਯੋਜਨਾ ਬਣਾ ਕੇ ਜ਼ਰੂਰੀ ਕੰਮ ਸਮੇਂ 'ਤੇ ਪੂਰੇ ਕਰ ਲੈਣੇ ਚਾਹੀਦੇ ਹਨ। 

ਇਸ ਕਾਰਨ ਮੁਲਤਵੀ ਹੋਈ ਹੜਤਾਲ

ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਦੇਰ ਸ਼ਾਮ ਬੈਂਕ ਕਰਮਚਾਰੀਆਂ ਦੀ 11 ਮਾਰਚ ਤੋਂ ਪ੍ਰਸਤਾਵਿਤ ਤਿੰਨ ਦਿਨਾਂ ਹੜਤਾਲ ਮੁਲਤਵੀ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਬੈਂਕਾਂ ਵਲੋਂ ਤਨਖਾਹ ਵਾਧੇ ਦੀ ਪੇਸ਼ਕਸ਼ ਨੂੰ 12.5 ਪ੍ਰਤੀਸ਼ਤ ਤੋਂ ਵਧਾ ਕੇ 15 ਪ੍ਰਤੀਸ਼ਤ ਕਰਨ ਦੇ ਫੈਸਲੇ ਦੇ ਬਾਅਦ ਬੈਂਕ ਕਰਮਚਾਰੀਆਂ ਦੀਆਂ ਯੂਨੀਅਨਾਂ ਅਤੇ ਅਧਿਕਾਰੀਆਂ ਨੇ ਹੜਤਾਲ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ।

ਕੁਝ ਮੰਗਾਂ 'ਤੇ ਅਜੇ ਵੀ ਅਧੂਰੀਆਂ

Indian Bank's Association (IBA) ਨੇ ਸ਼ਨੀਵਾਰ ਨੂੰ ਕਿਹਾ ਕਿ ਪੰਜ ਦਿਨ ਦੇ ਕੰਮਕਾਜੀ ਹਫਤੇ, ਛੁੱਟੀਆਂ ਅਤੇ ਹੋਰ ਮੁੱਦਿਆਂ 'ਤੇ ਅਜੇ ਚਰਚਾ ਜਾਰੀ ਰਹੇਗੀ। ਜੇਕਰ ਬੈਂਕ ਕਰਮਚਾਰੀਆਂ ਦੀ ਇਹ ਪ੍ਰਸਤਾਵਿਤ ਹੜਤਾਲ ਅਮਲ 'ਚ ਆਉਂਦੀ ਤਾਂ ਕਈ ਇਲਾਕਿਆਂ ਵਿਚ ਬੈਂਕ ਲਗਾਤਾਰ 8 ਦਿਨ ਬੰਦ ਰਹਿੰਦੇ। ਇਸ ਦੇ ਨਤੀਜੇ ਵਜੋਂ ਬੈਂਕ ਨਾਲ ਸਬੰਧਿਤ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਦੀ ਪੂਰੀ ਸੰਭਾਵਨਾ ਹੋਣੀ ਸੀ।

13 ਦਿਨ ਬੰਦ ਰਹਿਣਗੇ ਬੈਂਕ

Chapchar Kut ਮਿਜ਼ੋਰਮ 'ਚ ਮਨਾਇਆ ਜਾਣ ਵਾਲਾ ਤਿਓਹਾਰ ਹੈ। ਫਸਲ ਕੱਟਣ ਦੇ ਬਾਅਦ ਸੂਬੇ ਦੇ ਲੋਕ ਇਸ ਤਿਓਹਾਰ ਨੂੰ ਮਨਾਉਂਦੇ ਹਨ। ਇਸ ਕਾਰਨ ਏਜਲ ਖੇਤਰ ਦੇ ਬੈਂਕ 6 ਮਾਰਚ ਨੂੰ ਬੰਦ ਰਹਿਣਗੇ। ਇਸ ਤੋਂ ਬਾਅਦ 9 ਮਾਰਚ ਨੂੰ ਹੋਲਿਕਾ ਦਹਿਨ ਦੇ ਮੌਕੇ 'ਤੇ ਦੇਹਰਾਦੂਨ, ਗੁਆਹਾਟੀ, ਹੈਦਰਾਬਾਦ, ਜੰਮੂ, ਕਾਨਪੁਰ, ਕੋਲਕਾਤਾ, ਲਖਨਊ ਅਤੇ ਰਾਂਚੀ ਖੇਤਰ ਦੇ ਬੈਂਕਾਂ ਵਿਚ ਕੰਮਕਾਜ ਨਹੀਂ ਹੋਵੇਗਾ। 

10 ਮਾਰਚ ਨੂੰ ਜ਼ਿਆਦਾਤਰ ਬੈਂਕਾਂ ਵਿਚ ਰਹੇਗੀ ਛੁੱਟੀ

ਇਸ ਸਾਲ ਹੋਲੀ 10 ਮਾਰਚ ਨੂੰ ਮਨਾਈ ਜਾਏਗੀ। ਇਸ ਕਾਰਨ 10 ਮਾਰਚ ਨੂੰ ਬਹੁਤੇ ਖੇਤਰਾਂ 'ਚ ਬੈਂਕ ਬੰਦ ਰਹਿਣ ਵਾਲੇ ਹਨ। ਪਟਨਾ ਖੇਤਰ ਵਿਚ ਹੋਲੀ ਦੇ ਅਗਲੇ ਦਿਨ ਯਾਨੀ ਕਿ 11 ਮਾਰਚ ਨੂੰ ਵੀ ਛੁੱਟੀ ਰਹੇਗੀ। ਗੁੜੀ ਪੜਵਾ ਤਿਓਹਾਰ ਮਹਾਰਾਸ਼ਟਰ ਵਿਚ 25 ਮਾਰਚ ਨੂੰ ਮਨਾਇਆ ਜਾਵੇਗਾ। ਉਸੇ ਦਿਨ ਵੱਖ ਵੱਖ ਸੂਬਿਆਂ ਵਿਚ ਉਗਾਦੀ, ਤੇਲਗੂ ਨਵੇਂ ਸਾਲ, ਪਹਿਲੇ ਨੌਰਾਤੇ ਦੇ ਮੌਕੇ ਬੇਲਾਪੁਰ, ਬੰਗਲੁਰੂ, ਚੇਨਈ, ਹੈਦਰਾਬਾਦ, ਇੰਫਾਲ, ਜੰਮੂ, ਮੁੰਬਈ, ਨਾਗਪੁਰ, ਪਣਜੀ ਅਤੇ ਸ਼੍ਰੀਨਗਰ ਖੇਤਰਾਂ 'ਚ ਬੈਂਕ ਬੰਦ ਰਹਿਣਗੇ। ਇਸੇ ਤਰ੍ਹਾਂ ਰਾਂਚੀ ਖੇਤਰ ਦੇ ਬੈਂਕ 27 ਮਾਰਚ ਨੂੰ ਸਰਹੁਲ ਦੇ ਮੌਕੇ ਤੇ ਬੰਦ ਰਹਿਣਗੇ।

ਇਸ ਮਹੀਨੇ ਮਿਲਣਗੀਆਂ 5 ਐਤਾਵਰ ਦੀ ਛੁੱਟੀਆਂ

ਮਾਰਚ ਵਿਚ 1,8,15,22 ਅਤੇ 29 ਤਾਰੀਖ ਨੂੰ ਐਤਵਾਰ ਹੋਣ ਦੇ ਕਾਰਨ ਬੈਂਕਾਂ ਵਿਚ ਛੁੱਟੀ ਰਹੇਗੀ। ਇਸ ਦੇ ਨਾਲ ਹੀ 14 ਮਾਰਚ ਅਤੇ 28 ਮਾਰਚ ਨੂੰ ਦੂਜਾ ਸ਼ਨੀਵਾਰ ਹੋਣ ਦੇ ਕਾਰਨ ਬੈਂਕ ਬੰਦ ਰਹਿਣ ਵਾਲੇ ਹਨ।


Related News