ਦਿੱਲੀ ’ਚ ਮਹਿੰਗੀ ਹੋ ਸਕਦੀ ਹੈ ਸ਼ਰਾਬ, ਨਵੀਂ ਆਬਕਾਰੀ ਨੀਤੀ ਜਲਦ ਹੋਵੇਗੀ ਲਾਗੂ

10/31/2021 3:43:48 AM

ਨਵੀਂ ਦਿੱਲੀ – ਦਿੱਲੀ ਸਰਕਾਰ ਦੀ ਨਵੀਂ ਆਬਕਾਰੀ ਨੀਤੀ ਤਹਿਤ 17 ਨਵੰਬਰ ਤੋਂ ਨਿੱਜੀ ਦੁਕਾਨਾਂ ਦੇ ਖੁੱਲ੍ਹਣ ਕਾਰਨ ਸ਼ਰਾਬ 8 ਤੋਂ 9 ਫੀਸਦੀ ਮਹਿੰਗੀ ਹੋ ਸਕਦੀ ਹੈ। ਦਿੱਲੀ ਸਰਕਾਰ ਦੇ ਆਬਕਾਰੀ ਵਿਭਾਗ ਨੇ ਵੀਰਵਾਰ ਨੂੰ ਇਕ ਆਦੇਸ਼ ’ਚ ਕਿਹਾ ਸੀ ਕਿ ਸਾਰੇ ਤਰ੍ਹਾਂ ਦੀ ਸ਼ਰਾਬ ਦੀਆਂ ਥੋਕ ਕੀਮਤਾਂ ’ਚ 8 ਤੋਂ 9 ਫੀਸਦੀ ਦਾ ਵਾਧਾ ਹੋਣ ਦੀ ਸੰਭਾਵਨਾ ਹੈ। ਆਬਕਾਰੀ ਵਿਭਾਗ ਫਿਲਹਾਲ ਦਿੱਲੀ ’ਚ ਰਜਿਸਟਰਡ ਹੋਣ ਵਾਲੇ ਸ਼ਰਾਬ ਦੇ ਬ੍ਰਾਂਡਾਂ ਦਾ ਵੱਧ ਤੋਂ ਵੱਧ ਪ੍ਰਚੂਨ ਮੁੱਲ (ਐੱਮ. ਆਰ. ਪੀ.) ਤੈਅ ਕਰਨ ਦੀ ਪ੍ਰਕਿਰਿਆ ’ਚ ਹੈ। ਇਸ ਸਬੰਧ ’ਚ ਇਕ ਸ਼ਰਾਬ ਕਾਰੋਬਾਰੀ ਨੇ ਕਿਹਾ ਕਿ ਥੋਕ ਮੁੱਲ ’ਚ ਵਾਧੇ ਨਾਲ ਸ਼ਰਾਬ ਦੀਆਂ ਕੀਮਤਾਂ ’ਚ ਘੱਟ ਤੋਂ ਘੱਟ 5 ਤੋਂ 10 ਫੀਸਦੀ ਦਾ ਵਾਧਾ ਹੋ ਸਕਦਾ ਹੈ।

ਹਾਲਾਂਕਿ ਕੀਮਤਾਂ ਕਿੰਨੀਆਂ ਵਧਣਗੀਆਂ ਇਹ 2021-22 ਲਈ ਆਬਕਾਰੀ ਨੀਤੀ ਮੁਤਾਬਕ ਨਵੀਂ ਪ੍ਰਚੂਨ ਪ੍ਰਣਾਲੀ ਦੇ ਲਾਗੂ ਹੋਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ। ਆਬਕਾਰੀ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਇਸ ਬਾਰੇ ਫਿਲਹਾਲ ਕੋਈ ਜਾਣਕਾਰੀ ਦੇਣ ਤੋਂ ਨਾਂਹ ਕਰ ਦਿੱਤੀ। ਹੁਕਮ ਮੁਤਾਬਕ ਨਵੀਂ ਆਬਕਾਰੀ ਨੀਤੀ 2021-22 ’ਚ ਆਬਕਾਰੀ ਫੀਸ ਅਤੇ ਮੁੱਲ ਵਾਧਾ ਟੈਕਸ (ਵੈਟ) ਨੂੰ ਲਾਈਸੈਂਸ ਫੀਸ ’ਚ ਜੋੜ ਦਿੱਤਾ ਗਿਆ ਹੈ। ਥੋਕ ਮੁੱਲ ’ਤੇ ਇਕ-ਇਕ ਫੀਸਦੀ ਦੀ ਦਰ ਨਾਲ ਆਬਕਾਰੀ ਟੈਕਸ ਅਤੇ ਵੈਟ ਲਗਾਇਆ ਜਾਵੇਗਾ, ਜਿਸ ਦੇ ਆਧਾਰ ’ਤੇ ਪ੍ਰਚੂਨ ਵਿਕ੍ਰੇਤਾਵਾਂ ਕੋਲ ਸ਼ਰਾਬ ਸਪਲਾਈ ਦੀ ਕੀਮਤ ਕੱਢੀ ਜਾਵੇਗੀ। ਹੁਕਮ ’ਚ ਕਿਹਾ ਗਿਆ ਕਿ ਨਵੀਂ ਆਬਕਾਰੀ ਨੀਤੀ 2021-22 ਦੇ ਤਹਿਤ ਭਾਰਤੀ ਅਤੇ ਵਿਦੇਸ਼ੀ ਸ਼ਰਾਬ ਦੀ ਲਾਗਤ ’ਚ ਸ਼ਾਮਲ ਸੋਧੇ ਮਾਪਦੰਡਾਂ ਕਾਰਨ ਥੋਕ ਮੁੱਲ ’ਚ ਲਗਭਗ 8-9 ਫੀਸਦੀ ਦਾ ਵਾਧਾ ਹੋਣ ਦੀ ਸੰਭਾਵਨਾ ਹੈ। ਹੁਕਮ ਮੁਤਾਬਕ ਇਸ ਦਾ ਸ਼ਰਾਬ ਦੀਆਂ ਹੋਰ ਸ਼੍ਰੇਣੀਆਂ ’ਤੇ ਵੀ ਇਸ ਤਰ੍ਹਾਂ ਦਾ ਪ੍ਰਭਾਵ ਪੈ ਸਕਦਾ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
 


Inder Prajapati

Content Editor

Related News