ਪੰਜਾਬ ''ਚ ਆ ਰਿਹਾ ਤੂਫ਼ਾਨ! 23 ਸੂਬਿਆਂ ''ਚ ਅਲਰਟ ਜਾਰੀ, ਕਈ ਥਾਈਂ ਸਕੂਲਾਂ ''ਚ ਛੁੱਟੀ ਦਾ ਐਲਾਨ
Monday, Jul 27, 2026 - 08:13 PM (IST)
ਨੈਸ਼ਨਲ ਡੈਸਕ: ਭਾਰਤੀ ਮੌਸਮ ਵਿਭਾਗ ਨੇ 28 ਜੁਲਾਈ 2026 ਲਈ ਪੰਜਾਬ, ਦਿੱਲੀ, ਹਰਿਆਣਾ, ਯੂਪੀ ਅਤੇ ਬਿਹਾਰ ਸਮੇਤ ਦੇਸ਼ ਦੇ 23 ਰਾਜਾਂ ਵਿਚ ਭਾਰੀ ਬਾਰਿਸ਼ ਤੇ ਹਨੇਰੀ-ਤੂਫ਼ਾਨ ਦਾ ਅਲਰਟ ਜਾਰੀ ਕੀਤਾ ਹੈ। ਮੌਸਮ ਵਿਗਿਆਨੀਆਂ ਅਨੁਸਾਰ ਬੰਗਾਲ ਦੀ ਖਾੜੀ ਵਿਚ ਬਣੇ 'ਡੀਪ ਡਿਪਰੈਸ਼ਨ' ਅਤੇ ਹੋਰ ਮੌਸਮੀ ਪ੍ਰਣਾਲੀਆਂ ਕਾਰਨ ਮੌਨਸੂਨ ਇਕ ਵਾਰ ਫਿਰ ਸਰਗਰਮ ਹੋ ਰਿਹਾ ਹੈ।
ਵਿਭਾਗ ਮੁਤਾਬਕ, ਭਲਕੇ ਪੰਜਾਬ ਅਤੇ ਹਰਿਆਣਾ ਵਿਚ ਭਾਰੀ ਬਾਰਿਸ਼ ਦੀ ਸੰਭਾਵਨਾ ਹੈ। ਦਿੱਲੀ-ਐੱਨ.ਸੀ.ਆਰ. ਵਿਚ ਤੇਜ਼ ਹਵਾਵਾਂ ਅਤੇ ਗਰਜ-ਚਮਕ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ, ਜਿਸ ਲਈ 'ਯੈਲੋ ਅਲਰਟ' ਜਾਰੀ ਕੀਤਾ ਗਿਆ ਹੈ। ਦਿੱਲੀ ਵਿਚ ਤਾਪਮਾਨ 25 ਡਿਗਰੀ ਤੋਂ 33 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦਾ ਅਨੁਮਾਨ ਹੈ। ਇਸੇ ਤਰ੍ਹਾਂ ਯੂ.ਪੀ. ਦੇ ਪੂਰਬੀ ਅਤੇ ਪੱਛਮੀ ਜ਼ਿਲ੍ਹਿਆਂ ਵਿਚ 29 ਜੁਲਾਈ ਤੱਕ ਭਾਰੀ ਬਾਰਿਸ਼ ਹੋਣ ਦੀ ਉਮੀਦ ਹੈ। ਬਿਹਾਰ ਵਿਚ ਵੀ ਮੌਨਸੂਨ ਪੂਰੀ ਤਰ੍ਹਾਂ ਸਰਗਰਮ ਰਹੇਗਾ ਅਤੇ ਕਈ ਥਾਵਾਂ 'ਤੇ ਵਿਆਪਕ ਬਾਰਿਸ਼ ਹੋਵੇਗੀ।
ਓਡੀਸ਼ਾ 'ਚ ਕਈ ਥਾਈਂ ਛੁੱਟੀ ਦਾ ਐਲਾਨ
ਓਡੀਸ਼ਾ ਵਿਚ ਬਹੁਤ ਭਾਰੀ ਬਾਰਿਸ਼ ਦੇ ਖ਼ਤਰੇ ਨੂੰ ਦੇਖਦੇ ਹੋਏ ਕੁਝ ਜ਼ਿਲ੍ਹਿਆਂ ਲਈ 'ਰੈੱਡ ਅਲਰਟ' ਜਾਰੀ ਕੀਤਾ ਗਿਆ ਹੈ ਅਤੇ ਸਾਵਧਾਨੀ ਵਜੋਂ ਚਾਰ ਜ਼ਿਲ੍ਹਿਆਂ (ਜਗਤਸਿੰਘਪੁਰ, ਸੋਨਪੁਰ, ਮਯੂਰਭੰਜ ਅਤੇ ਕੇਂਦਰਪਾੜਾ) ਵਿੱਚ ਸਕੂਲ ਬੰਦ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਰਾਜਸਥਾਨ, ਹਿਮਾਚਲ ਪ੍ਰਦੇਸ਼, ਗੁਜਰਾਤ, ਮੱਧ ਪ੍ਰਦੇਸ਼, ਮਹਾਰਾਸ਼ਟਰ (ਕੋਂਕਣ ਅਤੇ ਗੋਆ) ਅਤੇ ਕਰਨਾਟਕ ਦੇ ਕਈ ਹਿੱਸਿਆਂ ਵਿੱਚ ਵੀ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਬਾਰਿਸ਼ ਅਤੇ ਬਿਜਲੀ ਗਰਜਣ ਦੌਰਾਨ ਸਾਵਧਾਨ ਰਹਿਣ।
