''ਯਾਤਰੀਆਂ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ..!'' ਟਰਬੂਲੈਂਸ ਹਾਦਸੇ ਮਗਰੋਂ Air India ਨੇ ਜਾਰੀ ਕੀਤਾ ਸਖ਼ਤ ਹੁਕਮ

Thursday, Aug 13, 2026 - 05:15 PM (IST)

''ਯਾਤਰੀਆਂ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ..!'' ਟਰਬੂਲੈਂਸ ਹਾਦਸੇ ਮਗਰੋਂ Air India ਨੇ ਜਾਰੀ ਕੀਤਾ ਸਖ਼ਤ ਹੁਕਮ

ਨਵੀਂ ਦਿੱਲੀ (ਏਜੰਸੀ)- ਏਅਰ ਇੰਡੀਆ ਅਤੇ ਏਅਰ ਇੰਡੀਆ ਐਕਸਪ੍ਰੈੱਸ ਆਪਣੇ ਸਾਰੇ ਪਾਇਲਟਾਂ ਦੇ ਨਸ਼ੀਲੇ ਪਦਾਰਥਾਂ ਦੇ ਸੇਵਨ ਨਾਲ ਸੰਬੰਧਤ ਟੈਸਟ ਕਰਵਾਏਗੀ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਸੂਤਰਾਂ ਨੇ ਦੱਸਿਆ ਕਿ ਇਹ ਕਦਮ ਪਿਛਲੇ ਹਫ਼ਤੇ ਫੁਕੇਟ-ਦਿੱਲੀ ਜਹਾਜ਼ ਦੇ ਮੁੱਖ ਪਾਇਲਟ ਦੀ ਜਾਂਚ 'ਚ ਉਸ ਦੇ ਨਸ਼ੀਲੇ ਪਦਾਰਥਾਂ ਦੇ ਸੇਵਨ ਦੀ ਪੁਸ਼ਟੀ ਹੋਣ ਤੋਂ ਬਾਅਦ ਚੁੱਕਿਆ ਗਿਆ। 

ਟਾਟਾ ਸਮੂਹ ਦੀ ਮਲਕੀਅਤ ਵਾਲੀਆਂ ਦੋਵੇਂ ਏਅਰਲਾਈਨ ਕੰਪਨੀਆਂ 'ਚ ਕੁੱਲ 5,000 ਤੋਂ ਵੱਧ ਪਾਇਲਟ ਹਨ। ਪਾਇਲਟਾਂ ਨੂੰ ਭੇਜੇ ਗਏ ਇਕ ਸੰਦੇਸ਼ 'ਚ ਦੋਵੇਂ ਏਅਰਲਾਈਨਾਂ ਨੇ ਦੱਸਿਆ ਕਿ ਮੌਜੂਦਾ ਨਿਯਮਾਂ ਦੇ ਅਧੀਨ ਪਾਬੰਦੀਸ਼ੁਦਾ ਕਿਸੇ ਵੀ ਪਦਾਰਥ ਜਾਂ ਦਵਾਈ ਦੇ ਸੇਵਨ ਦੀ ਪੂਰੀ ਜਾਂਚ ਕਰਨ ਦਾ ਫੈਸਲਾ ਲਿਆ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਇਹ ਜਾਂਚ ਜ਼ਰੂਰੀ ਹੈ ਅਤੇ ਵੀਰਵਾਰ ਤੋਂ ਸ਼ੁਰੂ ਹੋਵੇਗੀ। ਇਹ ਜਾਂਚ ਗੁਰੂਗ੍ਰਾਮ ਅਕੈਡਮੀ 'ਚ ਸਿਖਲਾਈ ਦੇ ਨਾਲ-ਨਾਲ, ਉਡਾਣ ਤੋਂ ਬਾਅਦ 'ਫਲਾਈਟ ਬ੍ਰੀਫਿੰਗ' ਕੇਂਦਰਾਂ, ਏਅਰਲਾਈਨ ਕੰਪਨੀਆਂ ਦੇ ਦਫ਼ਤਰਾਂ ਜਾਂ ਸੰਬੰਧਤ ਬੇਸ ਵਲੋਂ ਉਪਲੱਬਧ ਕਰਵਾਏ ਗਏ ਸਥਾਨਾਂ 'ਤੇ ਕੀਤੀ ਜਾਵੇਗੀ। 

ਸੂਤਰਾਂ ਨੇ ਦੱਸਿਆ ਕਿ ਯਾਤਰੀਆਂ, ਹਿੱਤਧਾਰਕਾਂ ਅਤੇ ਆਮ ਲੋਕਾਂ ਨੂੰ ਭਰੋਸਾ ਦਿਵਾਉਣ ਦੇ ਨਾਲ-ਨਾਲ ਸੁਰੱਖਿਆ ਦੇ ਉੱਚ ਮਿਆਰਾਂ ਨੂੰ ਯਕੀਨੀ ਕਰਨ ਲਈ ਇਹ ਪਹਿਲੀ ਚੌਕਸੀ ਵਜੋਂ ਕੀਤੀ ਜਾ ਰਹੀ ਹੈ। 4 ਅਗਸਤ ਨੂੰ ਫੁਕੇਟ-ਦਿੱਲੀ ਉਡਾਣ ਸੰਖਿਆ AI2379 ਟਰਬੂਲੈਂਸ (ਹਵਾ ਦੇ ਤੇਜ਼ ਝਟਕੇ) ਕਾਰਨ ਏਅਰਬਸ ਏ320 ਜਹਾਜ਼ ਅਚਾਨਕ 300 ਫੁੱਟ ਹੇਠਾਂ ਆ ਗਿਆ ਸੀ। ਇਸ ਘਟਨਾ 'ਚ ਘੱਟੋ-ਘੱਟ 24 ਲੋਕ ਜ਼ਖ਼ਮੀ ਹੋ ਗਏ ਸਨ। ਜਹਾਜ਼ 'ਚ 137 ਯਾਤਰੀਆਂ ਅਤੇ ਚਾਲਕ ਦਲ ਦੇ 8 ਮੈਂਬਰਾਂ ਸਮੇਤ 145 ਲੋਕ ਸਵਾਰ ਸਨ। ਸੂਤਰਾਂ ਨੇ ਦੱਸਿਆ ਕਿ ਉਡਾਣ ਦੇ ਮੁੱਖ ਪਾਇਲਟ ਦੀ ਜਾਂਚ 'ਚ ਨਸ਼ੀਲੇ ਪਦਾਰਥਾਂ ਦੇ ਸੇਵਨ ਦੀ ਪੁਸ਼ਟੀ ਹੋਈ ਸੀ। ਪਾਇਲਟ ਦੀ ਜਾਂਚ 'ਚ ਗਾਂਜਾ ਦੇ ਸੇਵਨ ਦੀ ਪੁਸ਼ਟੀ ਹੋਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News