ਸਾਈਕਲ ''ਤੇ ਲੰਬਾ ਪੈਂਡਾ ਤੈਅ ਕਰਨ ਵਾਲੀ ਜੋਤੀ ਦੀ ਮਦਦ ਕਰੇਗਾ AIBEA

05/24/2020 1:37:14 PM

ਹੈਦਰਾਬਾਦ (ਵਾਰਤਾ)— ਅਖਿਲ ਭਾਰਤੀ ਬੈਂਕ ਕਰਮਚਾਰੀ ਸੰਘ (ਏ. ਆਈ. ਬੀ. ਈ. ਏ.) ਨੇ ਬੀਮਾਰ ਪਿਤਾ ਨੂੰ ਸਾਈਕਲ 'ਤੇ ਬਿਠਾ ਕੇ 1200 ਕਿਲੋਮੀਟਰ ਦਾ ਸਫਰ ਤੈਅ ਕਰਨ ਵਾਲੀ 15 ਸਾਲ ਦੀ ਜੋਤੀ ਕੁਮਾਰੀ ਅਤੇ ਉਸ ਦੇ 4 ਭੈਣ-ਭਰਾਵਾਂ ਦੀ ਪੜ੍ਹਾਈ ਦਾ ਪੂਰਾ ਖਰਚ ਚੁੱਕਣ ਦੀ ਪੇਸ਼ਕਸ਼ ਕੀਤੀ ਹੈ। ਏ. ਆਈ. ਬੀ. ਈ. ਏ. ਦੇ ਜਨਰਲ ਸਕੱਤਰ ਸੀ. ਵੈਂਕਟਾਚਲਮ ਨੇ ਐਤਵਾਰ ਨੂੰ ਟਵਿੱਟਰ 'ਤੇ ਇਹ ਐਲਾਨ ਕੀਤਾ। ਵੈਂਕਟਾਚਲਮ ਨੇ ਕਿਹਾ ਕਿ ਜੋਤੀ ਦਾ ਪਰਿਵਾਰ ਬਹੁਤ ਗਰੀਬ ਹੈ ਅਤੇ ਉਸ ਦੇ ਦੋ ਛੋਟੇ ਭਰਾ ਅਤੇ ਦੋ ਭੈਣਾਂ ਹਨ। ਅਸੀਂ ਉਨ੍ਹਾਂ ਦੀ ਆਰਥਿਕ ਸਥਿਤੀ ਦਾ ਅੰਦਾਜ਼ਾ ਲਾ ਸਕਦੇ ਹਾਂ। ਏ. ਆਈ. ਬੀ. ਈ. ਏ. ਦੇ ਅਧਿਕਾਰੀਆਂ ਨਾਲ ਚਰਚਾ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਹੈ ਕਿ ਜੋਤੀ ਅਤੇ ਉਸ ਦੇ ਚਾਰੋਂ ਭੈਣ-ਭਰਾਵਾਂ ਦੀ ਪੜ੍ਹਾਈ ਦਾ ਪੂਰਾ ਖਰਚਾ ਚੁੱਕੇਗਾ ਅਤੇ ਪਰਿਵਾਰ ਦੀ ਇੱਛਾ ਮੁਤਾਬਕ ਕੋਈ ਹੋਰ ਵਿੱਤੀ ਮਦਦ ਕਰੇਗਾ। ਏ. ਆਈ. ਬੀ. ਈ. ਏ. ਨੇ ਇਸ ਸਬੰਧ ਵਿਚ ਬਿਹਾਰ ਦੇ ਸੂਬਾਈ ਬੈਂਕ ਕਰਮਚਾਰੀ ਸੰਘ ਦੇ ਜਨਰਲ ਸਕੱਤਰ ਅਨਿਰੁੱਧ ਕੁਮਾਰ ਨੂੰ ਚਿੱਠੀ ਲਿਖ ਕੇ ਜੋਤੀ ਦੇ ਪਰਿਵਾਰ ਨਾਲ ਸੰਪਰਕ ਕਰਨ ਲਈ ਕਿਹਾ ਹੈ। 

PunjabKesari

ਗਲੋਬਲ ਮਹਾਮਾਰੀ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਦੇ ਪ੍ਰਸਾਰ ਨੂੰ ਕੰਟਰੋਲ ਕਰਨ ਲਈ ਲਾਗੂ ਦੇਸ਼ ਵਿਆਪੀ ਲਾਕਡਾਊਨ ਕਾਰਨ ਪ੍ਰਵਾਸੀ ਮਜ਼ਦੂਰਾਂ ਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਜੋਤੀ ਕੁਮਾਰੀ ਦੀ ਕਹਾਣੀ ਵੀ ਕੁਝ ਅਜਿਹੀ ਹੀ ਹੈ। ਜੋਤੀ ਨੇ ਮੁਸ਼ਕਲਾਂ ਨਾਲ ਭਰੇ ਸਮੇਂ ਵਿਚ ਸਾਹਸ ਅਤੇ ਮਜ਼ਬੂਤ ਇੱਛਾ ਸ਼ਕਤੀ ਦੀ ਅਨੋਖੀ ਮਿਸਾਲ ਪੇਸ਼ ਕੀਤੀ ਹੈ। ਮੀਡੀਆ ਰਿਪੋਰਟ ਮੁਤਾਬਕ ਬਿਹਾਰ ਦੇ ਰਹਿਣ ਵਾਲੇ ਮੋਹਨ ਪਾਸਵਾਨ ਗੁਰੂਗ੍ਰਾਮ 'ਚ ਰਹਿ ਕੇ ਡਰਾਈਵਰ ਦਾ ਕੰਮ ਕਰਦੇ ਸਨ। ਹਾਲ ਹੀ 'ਚ ਇਕ ਹਾਦਸੇ 'ਚ ਉਨ੍ਹਾਂ ਨੂੰ ਸੱਟ ਲੱਗ ਗਈ ਅਤੇ ਉਹ ਕੰਮ ਨਹੀਂ ਕਰ ਸਕਦੇ ਸਨ। ਉਨ੍ਹਾਂ ਦੀ ਮਦਦ ਲਈ ਉਨ੍ਹਾਂ ਦੀ ਧੀ ਜੋਤੀ ਵੀ ਬਿਹਾਰ ਤੋਂ ਗੁਰੂਗ੍ਰਾਮ ਆਈ।

PunjabKesari

ਇਸ ਦਰਮਿਆਨ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਨੂੰ ਫੈਲਣ ਤੋਂ ਰੋਕਣ ਲਈ ਲਾਕਡਾਊਨ ਲੱਗ ਗਿਆ ਅਤੇ ਪਿਓ-ਧੀ ਗੁਰੂਗ੍ਰਾਮ 'ਚ ਹੀ ਫਸ ਗਏ। ਮੋਹਨ ਦੇ ਮਕਾਨ ਮਾਲਕ ਨੇ ਉਨ੍ਹਾਂ 'ਤੇ ਮਕਾਨ ਖਾਲੀ ਕਰਨ ਦਾ ਦਬਾਅ ਪਾਇਆ। ਬੀਮਾਰ ਮੋਹਨ ਨੂੰ ਰੋਟੀ ਲਈ ਆਪਣੀਆਂ ਦਵਾਈਆਂ ਛੱਡਣੀਆਂ ਪਈਆਂ। ਮੋਹਨ ਦੀ ਪਤਨੀ ਬਿਹਾਰ ਵਿਚ ਆਂਗਨਵਾੜੀ ਵਿਚ ਕੰਮ ਕਰਦੀ ਹੈ। ਪਤੀ ਅਤੇ ਧੀ ਦੀ ਮਦਦ ਲਈ ਉਨ੍ਹਾਂ ਨੇ ਆਪਣੇ ਗਹਿਣੇ ਗਿਰਵੀ ਰੱਖ ਕੇ ਕੁਝ ਪੈਸੇ ਭੇਜੇ, ਜਿਸ ਦੀ ਮਦਦ ਨਾਲ ਜੋਤੀ ਨੇ ਇਕ ਸਾਈਕਲ ਖਰੀਦੀ ਅਤੇ ਆਪਣੇ ਬੀਮਾਰ ਪਿਤਾ ਨੂੰ ਸਾਈਕਲ 'ਤੇ ਹੀ ਬਿਠਾ ਕੇ ਪਿੰਡ ਜਾਣ ਦਾ ਫੈਸਲਾ ਕੀਤਾ। ਜੋਤੀ ਨੇ ਬੀਮਾਰ ਪਿਤਾ ਨੂੰ ਸਾਈਕਲ 'ਤੇ ਬੈਠਾ ਕੇ ਗੁਰੂਗ੍ਰਾਮ ਤੋਂ ਚੱਲਣਾ ਸ਼ੁਰੂ ਕੀਤਾ ਅਤੇ ਕਰੀਬ 8 ਤੋਂ 10 ਦਿਨਾਂ ਵਿਚ 1200 ਕਿਲੋਮੀਟਰ ਦਾ ਸਫਰ ਤੈਅ ਕਰਨ ਤੋਂ ਬਾਅਦ ਬਿਹਾਰ ਦੇ ਦਰਭੰਗਾ ਜ਼ਿਲੇ ਵਿਚ ਆਪਣੇ ਪਿੰਡ ਸਿਰਹੂੱਲੀ ਪਹੁੰਚੀ। ਓਧਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਧੀ ਇਵਾਂਕਾ ਟਰੰਪ ਨੇ ਟਵੀਟ ਕਰ ਕੇ ਜੋਤੀ ਦੇ ਸਾਹਸ ਅਤੇ ਜਜ਼ਬੇ ਦੀ ਸ਼ਲਾਘਾ ਕੀਤੀ ਹੈ।


Tanu

Content Editor

Related News