ਓ ਤੇਰੀ! AI ਨੂੰ ਡਾਕਟਰ ਸਮਝ ਲੋਕ ਖੁਦ ਕਰ ਰਹੇ ਗੰਭੀਰ ਬੀਮਾਰੀਆਂ ਦਾ ਇਲਾਜ, ਫਿਰ ਜਾਨ ਬਚਾਉਣ ਲਈ...
Friday, Sep 12, 2025 - 07:41 AM (IST)

ਨਵੀਂ ਦਿੱਲੀ (ਇੰਟ) – ਭਾਰਤ ਵਿਚ ਲੋਕਾਂ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਨੂੰ ਡਾਕਟਰ ਸਮਝ ਕੇ ਆਪਣੀਆਂ ਬੀਮਾਰੀਆਂ ਨਾਲ ਸਬੰਧਤ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ ਹਨ। ਉਹ ਏ. ਆਈ. ਟੂਲ ਨੂੰ ਆਪਣੀ ਬੀਮਾਰੀ ਬਾਰੇ ਦੱਸਦੇ ਹਨ ਅਤੇ ਏ. ਆਈ. ਉਨ੍ਹਾਂ ਨੂੰ ਬੀਮਾਰੀ ਨਾਲ ਸਬੰਧਤ ਦਵਾਈ ਲੈਣ ਦੀ ਸਲਾਹ ਦਿੰਦਾ ਹੈ। ਨਤੀਜੇ ਵਜੋਂ ਬਹੁਤ ਸਾਰੇ ਅਜਿਹੇ ਲੋਕਾਂ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਜਾਣਾ ਪਿਆ, ਜਿੱਥੇ ਡਾਕਟਰਾਂ ਲਈ ਉਨ੍ਹਾਂ ਦੀ ਜਾਨ ਬਚਾਉਣਾ ਇਕ ਚੁਣੌਤੀ ਬਣ ਗਿਆ ਸੀ। ਸਿਹਤ ਮਾਹਿਰਾਂ ਨੇ ਇਸ ਨੂੰ ਇਕ ਗੰਭੀਰ ਸਮੱਸਿਆ ਦੱਸਦੇ ਹੋਏ ਲੋਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਏ. ਆਈ. ਨੂੰ ਡਾਕਟਰ ਸਮਝ ਕੇ ਦਵਾਈਆਂ ਦੀ ਵਰਤੋਂ ਨਾ ਕਰੋ, ਇਸ ਨਾਲ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ।
ਇਹ ਵੀ ਪੜ੍ਹੋ : ਤਿਉਹਾਰਾਂ ਦੇ ਮੌਕੇ ਬੱਸਾਂ 'ਚ ਸਫ਼ਰ ਕਰਨ ਵਾਲੇ ਲੋਕਾਂ ਲਈ ਵੱਡੀ ਖ਼ਬਰ
ਮੋਢੇ ਦੇ ਦਰਦ ਦੀ ਬੇਵਜ੍ਹਾ ਦਵਾਈ ਖਾਂਦਾ ਰਿਹਾ ਸ਼ਖਸ
ਭਾਰਤ ਵਿਚ ਇੰਟਰਨੈੱਟ ਦੀ ਵਰਤੋਂ ਕਰਨ ਵਾਲੇ ਲੋਕਾਂ ਨੇ ਏ. ਆਈ. ਨੂੰ ਡਾਕਟਰ ਸਮਝ ਕੇ ਆਪਣੀਆਂ ਛੋਟੀਆਂ-ਛੋਟੀਆਂ ਬੀਮਾਰੀਆਂ ਲਈ ਵੀ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ ਹਨ। ਉਦਾਹਰਣ ਵਜੋਂ ਇਕ ਵਿਅਕਤੀ ਨੂੰ ਜਿਮ ਜਾਂਦੇ ਸਮੇਂ ਮੋਢੇ ’ਚ ਦਰਦ ਮਹਿਸੂਸ ਹੋਇਆ ਪਰ ਉਹ ਕਈ ਦਿਨਾਂ ਤੱਕ ਹਸਪਤਾਲ ’ਚ ਜਾਂ ਕਿਸੇ ਵੀ ਡਾਕਟਰ ਕੋਲ ਨਹੀਂ ਗਿਆ। ਉਸ ਨੇ ਕੰਪਿਊਟਰ ਚਾਲੂ ਕੀਤਾ ਅਤੇ ਏ. ਆਈ. ਟੂਲ ਨੂੰ ਆਪਣੇ ਦਰਦ ਬਾਰੇ ਦੱਸਣਾ ਸ਼ੁਰੂ ਕਰ ਦਿੱਤਾ। ਏ. ਆਈ. ਟੂਲ ਨੇ ਜਵਾਬ ਦਿੱਤਾ ਕਿ ਇਹ ਬਰਸਾਈਟਿਸ ਹੋ ਸਕਦਾ ਹੈ, ਜੋ ਮੋਢੇ ਦੇ ਜੋੜ ਦੀ ਇਕ ਆਮ ਸੋਜ਼ਿਸ਼ ਹੈ। ਏ. ਆਈ. ਨੇ ਸੁਝਾਅ ਦਿੱਤਾ ਕਿ ਉਸ ਨੂੰ ਦਰਦ ਨਿਵਾਰਕ ਦਵਾਈ ਲੈਣੀ ਚਾਹੀਦੀ ਹੈ। 51 ਸਾਲਾ ਵਿਅਕਤੀ, ਜੋ ਨਿਯਮਿਤ ਤੌਰ ’ਤੇ ਕਸਰਤ ਕਰਦਾ ਸੀ, ਨੂੰ ਯਕੀਨ ਹੋ ਗਿਆ ਕਿ ਇਹ ਸਹੀ ਨਿਦਾਨ ਸੀ ਅਤੇ ਉਸ ਨੇ ਦਰਦ ਨਿਵਾਰਕ ਦਵਾਈ ਲੈਣੀ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ : ਕੱਢ ਲਓ ਰਜਾਈਆਂ ਕੰਬਲ, ਇਸ ਵਾਰ ਪਵੇਗੀ ਕੜਾਕੇ ਦੀ ਠੰਡ! ਹੋ ਗਈ ਵੱਡੀ ਭਵਿੱਖਬਾਣੀ
ਦਿਲ ਦਾ ਦੌਰਾ ਪੈਣ ਦਾ ਸੀ ਖ਼ਤਰਾ
ਜਦੋਂ ਦੋ ਹਫ਼ਤਿਆਂ ਬਾਅਦ ਵੀ ਦਰਦ ਘੱਟ ਨਹੀਂ ਹੋਇਆ ਤਾਂ ਉਹ ਡਾਕਟਰ ਕੋਲ ਗਿਆ। ਮੁੰਬਈ ਦੇ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਵਿਚ ਇੰਟਰਨਲ ਮੈਡੀਸਨ ਅਤੇ ਐਗਜ਼ੀਕਿਊਟਿਵ ਹੈਲਥ ਸਕ੍ਰੀਨਿੰਗ ਕਨਸਲਟੈਂਟ ਡਾ. ਸੰਦੀਪ ਦੋਸ਼ੀ ਨੇ ਮੀਡੀਆ ਨੂੰ ਦੱਸਿਆ ਕਿ ਜਿਵੇਂ ਹੀ ਉਸ ਆਦਮੀ ਨੇ ਮੈਨੂੰ ਆਪਣੀ ਕਸਰਤ ਤੋਂ ਬਾਅਦ ਦਰਦ ਦੇ ਲੱਛਣਾਂ ਬਾਰੇ ਦੱਸਿਆ, ਮੈਨੂੰ ਸ਼ੱਕ ਹੋਇਆ ਕਿ ਇਹ ਕੋਈ ਆਰਥੋਪੈਡਿਕ ਸਮੱਸਿਆ ਨਹੀਂ ਹੈ। ਈ. ਸੀ. ਜੀ. ਦੇ ਨਤੀਜੇ ਅਸਧਾਰਨ ਸਨ ਅਤੇ ਕਾਰਡੀਆਕ ਕੈਥੀਟੇਰਾਈਜ਼ੇਸ਼ਨ ਨਾਲ ਦਰਦ ਹੋਣ ਦੇ ਕਾਰਨ ਬਾਰੇ ਪਤਾ ਲੱਗਿਆ। ਉਸ ਦੀ ਖੱਬੀ ਕੋਰੋਨਰੀ ਧਮਨੀ ’ਚ 95 ਫ਼ੀਸਦੀ ਰੁਕਾਵਟ ਸੀ। ਇਸ ਲਈ ਤੁਰੰਤ ਐਂਜੀਓਪਲਾਸਟੀ ਦੀ ਲੋੜ ਸੀ। ਆਦਮੀ ਨੂੰ ਦਿਲ ਦਾ ਦੌਰਾ ਪੈਣ ਦਾ ਖ਼ਤਰਾ ਸੀ, ਜਿਸ ਦੀ ਉਸ ਨੇ ਕਲਪਨਾ ਵੀ ਨਹੀਂ ਕੀਤੀ ਸੀ। ਇਹ ਸਮੱਸਿਆ ਕੁਝ ਦਿਨਾਂ ਵਿਚ ਹੀ ਹੱਲ ਹੋ ਗਈ।
ਇਹ ਵੀ ਪੜ੍ਹੋ : 'AC ਚਲਾ ਦਿਓ...', 2 ਘੰਟੇ ਗਰਮੀ ਨਾਲ ਹਾਲੋ-ਬੇਹਾਲ ਹੋਏ Air India ਦੇ 200 ਯਾਤਰੀ (ਵੀਡੀਓ)
ਏ. ਆਈ. ਦੀ ਸਲਾਹ ਨਿਕਲੀ ਗਲਤ, ਔਰਤ ਨੂੰ ਸੀ ਕੈਂਸਰ
ਮੀਡੀਆ ਰਿਪੋਰਟ ਵਿਚ ਇਕ 40 ਸਾਲਾ ਔਰਤ ਦਾ ਵੀ ਜ਼ਿਕਰ ਕੀਤਾ ਗਿਆ ਹੈ, ਜਿਸ ਨੇ ਆਪਣੀ ਛਾਤੀ ’ਤੇ ਦਰਦ ਰਹਿਤ ਇਕ ਗੰਢ ਮਹਿਸੂਸ ਕੀਤੀ। ਉਸ ਨੇ ਆਪਣੀ ਚੈਟ ਜੀ. ਪੀ. ਟੀ. ਐਪ ਖੋਲ੍ਹੀ ਅਤੇ ਪੁੱਛਿਆ ਕਿ ਇਹ ਕੀ ਹੋ ਸਕਦਾ ਹੈ। ਐਪ ਨੇ ਕਈ ਸੰਭਾਵਨਾਵਾਂ ਦੱਸੀਆਂ, ਜਿਨ੍ਹਾਂ ਵਿਚ ਅਜਿਹੀਆਂ ਗੰਢਾਂ ਦਾ ਨੁਕਸਾਨ ਰਹਿਤ ਹੋਣਾ ਅਤੇ ਆਪਣੇ-ਆਪ ਠੀਕ ਹੋਣਾ ਸ਼ਾਮਲ ਹੈ। ਔਰਤ ਦੱਸਦੀ ਹੈ ਕਿ ਏ. ਆਈ. ਨੇ ਦੱਸਿਆ ਸੀ ਕਿ ਜੇਕਰ ਗੰਢ ’ਚ ਦਰਦ ਨਹੀਂ ਹੈ ਤਾਂ ਇਹ ਸ਼ਾਇਦ ਨੁਕਸਾਨਦਾਇਕ ਨਹੀਂ ਹੈ। ਇਸ ਨਾਲ ਮੈਨੂੰ ਰਾਹਤ ਮਿਲੀ, ਇਸ ਲਈ ਮੈਂ ਡਾਕਟਰ ਕੋਲ ਨਹੀਂ ਗਈ। ਮੈਂ ਸੋਚਿਆ ਕਿ ਮੈਂ ਬੱਸ ਇੰਤਜ਼ਾਰ ਕਰ ਸਕਦੀ ਹਾਂ। ਨੌਂ ਮਹੀਨਿਆਂ ਬਾਅਦ ਵੀ ਜਦੋਂ ਗੰਢ ਬਣੀ ਰਹੀ ਅਤੇ ਔਰਤ ਦੀ ਚਿੰਤਾ ਵਧ ਗਈ ਤਾਂ ਉਸ ਨੇ ਡਾਕਟਰ ਕੋਲ ਜਾਣ ਦਾ ਫ਼ੈਸਲਾ ਕੀਤਾ।
ਮੈਮੋਗ੍ਰਾਫੀ ਅਤੇ ਬਾਇਓਪਸੀ ਰਿਪੋਰਟਾਂ ਤੋਂ ਪਤਾ ਲੱਗਾ ਕਿ ਉਸ ਨੂੰ ਸਟੇਜ-2 ਛਾਤੀ ਦਾ ਕੈਂਸਰ ਹੈ। ਔਰਤ ਦੇ ਇਲਾਜ ਵਿਚ ਦੇਰੀ ਨੇ ਚੀਜ਼ਾਂ ਨੂੰ ਹੋਰ ਵੀ ਗੁੰਝਲਦਾਰ ਬਣਾ ਦਿੱਤਾ। ਨਵੀਂ ਮੁੰਬਈ ਦੇ ਅਪੋਲੋ ਹਸਪਤਾਲ ਦੇ ਮੈਡੀਕਲ ਓਨਕੋਲੋਜੀ ਸਲਾਹਕਾਰ ਡਾ. ਸਿਧਾਰਥ ਤੁਰਕਰ ਨੇ ਦੱਸਿਆ ਕਿ ਇਸ ਦਾ ਮਤਲਬ ਸੀ ਕਿ ਉਸ ਨੂੰ ਮਹੀਨਿਆਂ ਤੱਕ ਕੀਮੋਥੈਰੇਪੀ ਕਰਵਾਉਣੀ ਪਈ, ਜਿਸ ਤੋਂ ਬਾਅਦ ਸਰਜਰੀ ਅਤੇ ਰੇਡੀਏਸ਼ਨ ਕੀਤੀ ਗਈ, ਕਿਉਂਕਿ ਕੈਂਸਰ ਉਸ ਦੇ ਲਿੰਫ ਨੋਡਸ ਵਿਚ ਫੈਲ ਗਿਆ ਸੀ। ਮਰੀਜ਼ ਲਈ ਸਭ ਤੋਂ ਮੁਸ਼ਕਿਲ ਹਿੱਸਾ ਔਖਾ ਇਲਾਜ ਨਹੀਂ ਸੀ, ਸਗੋਂ ਆਪਣੇ ਸਰੀਰ ਦੇ ਸੰਕੇਤਾਂ ਨੂੰ ਨਜ਼ਰਅੰਦਾਜ਼ ਕਰਨ ਦਾ ਪਛਤਾਵਾ ਸੀ। ਇਸੇ ਕਰ ਕੇ ਸਵੈ-ਨਿਦਾਨ ਬਹੁਤ ਖ਼ਤਰਨਾਕ ਹੈ।
ਇਹ ਵੀ ਪੜ੍ਹੋ : ਕੋਈ ਰਾਹਤ ਨਹੀਂ! 11, 12, 13, 14, 15, 16 ਨੂੰ ਪਵੇਗਾ ਭਾਰੀ ਮੀਂਹ, IMD ਦਾ ਅਲਰਟ ਜਾਰੀ
ਏ. ਆਈ. ਨੂੰ ਡਾਕਟਰ ਸਮਝਣਾ ਵੱਡੀ ਭੁੱਲ
ਡਾਕਟਰਾਂ ਦਾ ਕਹਿਣਾ ਹੈ ਕਿ ਬਹੁਤ ਸਾਰੇ ਗੰਭੀਰ ਤੌਰ ’ਤੇ ਬੀਮਾਰ ਮਰੀਜ਼ਾਂ ਨੇ ਸ਼ੁਰੂਆਤੀ ਚਿਤਾਵਨੀ ਸੰਕੇਤਾਂ ਨੂੰ ਨਜ਼ਰਅੰਦਾਜ਼ ਕਰਨ ਅਤੇ ਏ. ਆਈ. ਤੋਂ ਭਰੋਸਾ ਮਿਲਣ ਤੋਂ ਬਾਅਦ ਅਯੋਗਤਾ ਕਾਰਨ ਆਪਣੀ ਬੀਮਾਰੀ ਨੂੰ ਵਧਦਾ ਦੇਖਿਆ ਹੈ। ਏ. ਆਈ. ਚੈਟਬੋਟ ਦਾ ਆਤਮਵਿਸ਼ਵਾਸ ਨਾਲ ਭਰਿਆ ਗੱਲਬਾਤ ਵਾਲਾ ਲਹਿਜਾ ਮਾਰਗਦਰਸ਼ਨ ਨੂੰ ਅਧਿਕਾਰਤ ਬਣਾਉਂਦਾ ਹੈ ਪਰ ਏ. ਆਈ. ਨੂੰ ਡਾਕਟਰ ਸਮਝਣਾ ਵੱਡੀ ਭੁੱਲ ਹੈ, ਜੋ ਛੋਟੇ ਲੱਛਣਾਂ ਨੂੰ ਡਾਕਟਰੀ ਐਮਰਜੈਂਸੀ ’ਚ ਬਦਲ ਸਕਦਾ ਹੈ। ਗਲੇਨੀਗਲਜ਼ ਹਸਪਤਾਲ ਦੇ ਡਾਇਰੈਕਟਰ ਅਤੇ ਜਨਰਲ ਸਰਜਨ ਡਾ. ਪ੍ਰਸ਼ਾਂਤ ਰਾਓ ਨੇ ਦੱਸਿਆ ਕਿ ਲੱਗਭਗ ਹਰ ਹਫ਼ਤੇ 2-3 ਮਰੀਜ਼ ਉਨ੍ਹਾਂ ਕੋਲ ਦੇਰ ਨਾਲ ਆਉਂਦੇ ਹਨ ਕਿਉਂਕਿ ਉਹ ਆਨਲਾਈਨ ਪੜ੍ਹੀ ਗਈ ਕਿਸੇ ਵੀਚੀਜ਼ ਤੋਂ ਆਸਵੰਦ ਹੋ ਜਾਂਦੇ ਹਨ। ਬਦਕਿਸਮਤੀ ਨਾਲ, ਉਦੋਂ ਤੱਕ ਬਿਮਾਰੀ ਵਧ ਚੁੱਕੀ ਹੁੰਦੀ ਹੈ।
ਇਹ ਵੀ ਪੜ੍ਹੋ : ਜੇਕਰ ਤੁਸੀਂ ਵੀ ਸਵੇਰੇ ਅਲਾਰਮ ਨਾਲ ਉੱਠਦੇ ਹੋ ਤਾਂ ਸਾਵਧਾਨ! ਅਧਿਐਨ 'ਚ ਹੋਇਆ ਹੈਰਾਨੀਜਨਕ ਖੁਲਾਸਾ
ਗੈਸਟ੍ਰਿਕ ਅਲਸਰ ਨੂੰ ਸਮਝਿਆ ਮਾਮੂਲੀ ਦਰਦ
ਫਰੀਦਾਬਾਦ ਦੇ ਅੰਮ੍ਰਿਤਾ ਹਸਪਤਾਲ ਦੇ ਗੈਸਟ੍ਰੋਐਂਟਰੋਲੋਜੀ ਵਿਭਾਗ ਦੇ ਮੁਖੀ ਡਾ. ਭਾਸਕਰ ਨੰਦੀ ਨੇ ਕਿਹਾ ਕਿ ਸਮੱਸਿਆ ਇਹ ਹੈ ਕਿ ਲੋਕ ਏ. ਆਈ. ਦੀ ਸਲਾਹ ਨੂੰ ਨਿਰਪੱਖ ਮੰਨਦੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਇਕ ਮਰੀਜ਼ ਆਇਆ, ਉਸ ਨੂੰ ਏ. ਆਈ. ਨੇ ਸੁਝਾਅ ਦਿੱਤਾ ਸੀ ਕਿ ਉਸ ਨੂੰ ਲਗਾਤਾਰ ਪੇਟ ਦਰਦ ਲਈ ਆਈਬੁਪ੍ਰੋਫ਼ਿਨ ਲੈਣਾ ਚਾਹੀਦਾ ਹੈ। ਗੈਸਟ੍ਰਿਕ ਅਲਸਰ ਦਾ ਉਸ ਦਾ ਇਤਿਹਾਸ ਏ. ਆਈ. ਨੂੰ ਸਪੱਸ਼ਟ ਤੌਰ ’ਤੇ ਪਤਾ ਨਹੀਂ ਸੀ। ਇਕ ਹਫ਼ਤੇ ਦੇ ਅੰਦਰ-ਅੰਦਰ ਉਸ ਨੂੰ ਗੈਸਟ੍ਰੋਇੰਟੇਸਟਾਈਨਲ ਟ੍ਰੈਕਟ ਵਿਚੋਂ ਗੰਭੀਰ ਖੂਨ ਵਹਿਣ ਲੱਗ ਪਿਆ ਅਤੇ ਉਸ ਨੂੰ ਹਸਪਤਾਲ ’ਚ ਦਾਖਲ ਹੋਣਾ ਪਿਆ। ਇਲਾਜ ਹਫ਼ਤਿਆਂ ਤੱਕ ਚੱਲਿਆ, ਜਿਸ ਵਿਚ ਖੂਨ ਚੜ੍ਹਾਉਣਾ ਅਤੇ ਐਂਡੋਸਕੋਪੀ ਸ਼ਾਮਲ ਸੀ। ਡਾ. ਭਾਸਕਰ ਨੰਦੀ ਨੇ ਕਿਹਾ ਕਿ ਜੇ ਉਹ ਹਸਪਤਾਲ ਆਇਆ ਹੁੰਦਾ ਤਾਂ ਮੈਂ ਉਸ ਨੂੰ ਇਕ ਸੁਰੱਖਿਅਤ ਬਦਲ ਦੱਸਦਾ। ਉਸ ਦੀ ਸਮੱਸਿਆ ਨੂੰ ਘੱਟ ਤੋਂ ਘੱਟ ਪ੍ਰੇਸ਼ਾਨੀ ਨਾਲ ਜਲਦੀ ਹੱਲ ਕੀਤਾ ਜਾ ਸਕਦਾ ਸੀ।
ਇਹ ਵੀ ਪੜ੍ਹੋ : ਅਗਲੇ 7 ਦਿਨ ਭਾਰੀ! ਗਰਜ, ਤੇਜ਼ ਹਵਾਵਾਂ ਦੇ ਨਾਲ ਪਵੇਗਾ ਮੀਂਹ, IMD ਵਲੋਂ ਅਲਰਟ ਜਾਰੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।