ਫਾਇਰ ਬ੍ਰਿਗੇਡ ਮੁਲਾਜ਼ਮਾਂ ਨੂੰ ਜਾਨ ਖਤਰੇ ''ਚ ਪਾਉਣ ਦੇ ਮਿਲਦੇ ਨੇ ਸਿਰਫ 4 ਰੁਪਏ

Monday, Oct 30, 2017 - 07:20 PM (IST)

ਫਾਇਰ ਬ੍ਰਿਗੇਡ ਮੁਲਾਜ਼ਮਾਂ ਨੂੰ ਜਾਨ ਖਤਰੇ ''ਚ ਪਾਉਣ ਦੇ ਮਿਲਦੇ ਨੇ ਸਿਰਫ 4 ਰੁਪਏ

ਅਹਿਮਦਾਬਾਦ— ਅੱਗ ਲੱਗਣ 'ਤੇ ਜਾਨ ਖਤਰੇ 'ਚ ਪਾਉਣ ਵਾਲੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੂੰ ਰੁਜ਼ਾਨਾ ਜੋਖਿਮ ਭੱਤੇ ਦੇ ਰੂਪ 'ਚ ਸਿਰਫ 3.66 ਰੁਪਏ ਮਿਲ ਰਹੇ ਹਨ। ਉਨ੍ਹਾਂ ਨੂੰ ਜੋਖਿਮ ਭੱਤੇ ਦੇ ਰੂਪ 'ਚ ਸਿਰਫ 110 ਰੁਪਏ ਪ੍ਰਤੀ ਮਹੀਨਾ ਤੇ 24 ਘੰਟੇ ਦੀ ਨੌਕਰੀ ਬਦਲੇ ਸਿਰਫ 215 ਰੁਪਏ ਹੀ ਮਿਲ ਰਹੇ ਹਨ। ਇਸ ਨੂੰ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੂੰ ਦਿੱਤਾ ਜਾਣ ਵਾਲਾ ਵਿਸ਼ੇਸ਼ ਭੱਤਾ ਕਿਹਾ ਜਾਂਦਾ ਹੈ।
550 ਤੋਂ ਜ਼ਿਆਦਾ ਜਵਾਨ ਕਿਸੇ ਵੀ ਗੰਭੀਰ ਸਥਿਤੀ ਦਾ ਸਾਹਮਣਾ ਕਰਨ ਲਈ ਹਰ ਰੋਜ਼ ਆਪਣੀ ਜਾਨ ਜੋਖਿਮ 'ਚ ਪਾਉਂਦੇ ਹਨ। ਉਨ੍ਹਾਂ ਨੂੰ ਹਮੇਸ਼ਾ ਜਾਨ ਦਾ ਖਤਰਾ ਬਣਿਆ ਰਹਿੰਦਾ ਹੈ। ਕਈ ਕੋਸ਼ਿਸ਼ਾਂ ਤੋਂ ਬਾਅਦ ਵੀ, ਜੋਖਿਮ ਭੱਤੇ ਨੂੰ ਵਧਾਉਣ ਦੀ ਉਨ੍ਹਾਂ ਦੀ ਮੰਗ ਨੂੰ ਸਵਿਕਾਰ ਨਹੀਂ ਕੀਤਾ ਗਿਆ ਹੈ। ਉਹ ਸੋਮਵਾਰ ਨੂੰ ਇਕ ਹੋਰ ਕੋਸ਼ਿਸ਼ ਕਰਨ ਜਾ ਰਹੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਵਿਧਾਇਕਾਂ, ਮੰਤਰੀਆਂ ਤੇ ਨਗਰ ਕੌਂਸਲਰਾਂ ਨੂੰ ਬਿਨਾਂ ਕਿਸੇ ਕਠਿਨਾਈ ਦੇ ਲਗਾਤਾਰ ਤਨਖਾਹ 'ਚ ਵਾਧਾ ਮਿਲ ਰਿਹਾ ਹੈ। ਦੂਜੇ ਪਾਸੇ ਆਮ ਨਾਗਰਿਕਾਂ ਨੂੰ ਜਾਨ ਜੋਖਿਮ 'ਚ ਪਾ ਕੇ ਬਚਾਉਣ ਵਾਲੇ ਜਵਾਨਾਂ ਨੂੰ ਨਾਂ ਮਾਤਰ ਹੀ ਭੱਤੇ 'ਚ ਵਾਧਾ ਮਿਲ ਰਿਹਾ ਹੈ। 
5ਵੇਂ ਤਨਖਾਹ ਕਮਿਸ਼ਨ ਦੇ ਲਾਗੂ ਹੋਣ ਤੋਂ ਬਾਅਦ ਉਨ੍ਹਾਂ ਦਾ ਜੋਖਿਮ ਭੱਤਾ 325 ਰੁਪਏ ਪ੍ਰਤੀ ਮਹੀਨਾ ਕੀਤਾ ਗਿਆ ਸੀ। ਇਸ ਤੋਂ ਬਾਅਦ ਦੋ ਤਨਖਾਹ ਕਮਿਸ਼ਨ ਲਾਗੂ ਕੀਤੇ ਜਾ ਚੁੱਕੇ ਹਨ ਪਰ ਫਾਇਰ ਬ੍ਰਿਗੇਡ ਨੂੰ ਇਸ ਦਾ ਕੋਈ ਲਾਭ ਨਹੀਂ ਮਿਲਿਆ। ਇਸ ਦੇ ਬਾਵਜੂਦ ਸਾਰੇ ਫਾਇਰ ਬ੍ਰਿਗੇਡ ਦੇ ਕਰਮਚਾਰੀ ਇਮਾਨਦਾਰੀ ਤੇ ਤਨਦੇਹੀ ਨਾਲ ਆਪਣਾ ਕੰਮ ਕਰ ਰਹੇ ਹਨ। ਦੱਸਣਯੋਗ ਹੈ ਕਿ ਨਾਰੋਦਾ ਇਲਾਕੇ 'ਚ ਇਕ ਗੋਦਾਮ 'ਚ ਲੱਗੀ ਅੱਗ ਨੂੰ ਬੁਝਾਉਣ 'ਚ 10 ਫਾਇਰ ਬ੍ਰਿਗੇਡ ਦੇ ਕਰਮਚਾਰੀ ਜ਼ਖਮੀ ਹੋ ਗਏ ਸਨ। ਸਿਰਫ 10 ਦਿਨ ਪਹਿਲਾਂ ਨਹਿਰੂ ਪੁਲ ਨੇੜੇ ਇਕ ਸ਼ੋਅਰੂਮ 'ਚ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ 'ਚ ਤਿੰਨ ਫਾਇਰ ਬ੍ਰਿਗੇਡ ਦੇ ਕਰਮਚਾਰੀ ਜ਼ਖਮੀ ਹੋ ਗਏ ਸਨ।


Related News