ਖੇਤੀ ਬਿੱਲ ’ਤੇ ਰਾਜ ਸਭਾ ’ਚ ਜ਼ੋਰਦਾਰ ਹੰਗਾਮਾ; ਸੰਸਦ ਮੈਂਬਰਾਂ ਨੇ ਰੂਲ ਬੁੱਕ ਪਾੜੀ, ਮਾਈਕ ਤੋੜਿਆ

Sunday, Sep 20, 2020 - 06:37 PM (IST)

ਨਵੀਂ ਦਿੱਲੀ— ਰਾਜ ਸਭਾ ’ਚ ਪੇਸ਼ ਹੋਏ ਖੇਤੀ ਬਿੱਲ ਨੂੰ ਲੈ ਕੇ ਤਿੱਖੀ ਬਹਿਸ ਦਰਮਿਆਨ ਹੰਗਾਮਾ ਹੋ ਗਿਆ। ਵਿਰੋਧੀ ਦਲਾਂ ਦੇ ਸੰਸਦ ਮੈਂਬਰਾਂ ਨੇ ਨਾਅਰੇਬਾਜ਼ੀ ਕੀਤੀ। ਵਿਰੋਧੀ ਦਲ ਦੇ ਸੰਸਦ ਮੈਂਬਰ ਇਸ ਬਿੱਲ ਨੂੰ ਕਾਲਾ ਕਾਨੂੰਨ ਦੱਸ ਰਹੇ ਹਨ ਅਤੇ ਇਸ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਹਨ। ਇਸ ਦੌਰਾਨ ਉਹ ਸੰਸਦ ਦੀ ਮਰਿਆਦਾ ਹੀ ਭੁੱਲ ਗਏ। ਉੱਪ ਚੇਅਰਮੈਨ ਦੀ ਕੁਰਸੀ ਤੱਕ ਪਹੁੰਚ ਗਏ ਅਤੇ ਉਨ੍ਹਾਂ ਤੋਂ ਬਿੱਲ ਨੂੰ ਖੋਹਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਟੀ. ਐੱਸ.  ਸੀ. ਸੰਸਦ ਮੈਂਬਰ ਡੇਰੇਕ ਓ ਬਰਾਇਨ ਨੇ ਉੱਪ ਚੇਅਰਮੈਨ ਦੇ ਸਾਹਮਣੇ ਰੂਲ ਬੁੱਕ ਪਾੜ ਦਿੱਤੀ। ਇਸ ਤੋਂ ਇਲਾਵਾ ਵਿਰੋਧੀ ਦਲ ਦੇ ਸੰਸਦ ਮੈਂਬਰਾਂ ਵਲੋਂ ਮਾਈਕ ਵੀ ਤੋੜਿਆ ਗਿਆ।

ਰਾਜ ਸਭਾ ’ਚ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਖੇਤੀ ਬਿੱਲ ’ਤੇ ਬੋਲਦਿਆਂ ਕਿਹਾ ਕਿ ਘੱਟੋ-ਘੱਟ ਸਮਰਥਨ ਮੁੱਲ ਦਾ ਇਸ ਬਿੱਲ ਨਾਲ ਕੋਈ ਵੀ ਲੈਣਾ-ਦੇਣਾ ਨਹੀਂ ਹੈ। ਘੱਟੋ-ਘੱਟ ਸਮਰਥਨ ਮੁੱਲ ’ਤੇ ਖਰੀਦ ਹੋ ਰਹੀ ਸੀ ਅਤੇ ਆਉਣ ਵਾਲੇ ਸਮੇਂ ’ਚ ਵੀ ਹੋਵੇਗੀ। ਇਸ ਵਿਚ ਕਿਸੇ ਨੂੰ ਕੋਈ ਕਿਸੇ ਤਰ੍ਹਾਂ ਦੇ ਸ਼ੰਕਾ ਦੀ ਜ਼ਰੂਰਤ ਨਹੀਂ ਹੈ। ਤੋਮਰ ਦੇ ਇਸ ਜਵਾਬ ਤੋਂ ਅਸੰਤੁਸ਼ਟ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਵੇਲ ’ਚ ਪਹੁੰਚ ਗਏ। ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਨੇ ਕਿਹਾ ਕਿ ਇਸ ਬਿੱਲ ਜ਼ਰੀਏ ਕਿਸਾਨਾਂ ਨੂੰ ਪੂੰਜੀਪਤੀਆਂ ਦੇ ਹੱਥਾਂ ’ਚ ਸੌਂਪਣ ਦਾ ਕੰਮ ਕੀਤਾ ਜਾ ਰਿਹਾ ਹੈ। ਇਹ ਇਕ ਕਾਲਾ ਕਾਨੂੰਨ ਹੈ। ਰਾਜ ਸਭਾ ਦਾ ਸਮਾਂ 1 ਵਜੇ ਹੈ ਪਰ ਸਰਕਾਰ ਚਾਹੁੰਦੀ ਹੈ ਕਿ ਇਸ ਬਿੱਲ ਨੂੰ ਅੱਜ ਹੀ ਪਾਸ ਕੀਤਾ ਜਾਵੇ। ਇਸ ਦਰਮਿਆਨ ਹੰਗਾਮਾ ਹੋ ਗਿਆ ਸੰਸਦ ਮੈਂਬਰਾਂ ਨੇ ਉੱਪ ਚੇਅਰਮੈਨ ਦੇ ਆਸਨ ਦੇ ਸਾਹਮਣੇ ਲੱਗੇ ਮਾਈਕ ਨੂੰ ਤੋੜ ਦਿੱਤਾ। ਵਿਰੋਧੀ ਦਲਾਂ ਦੇ ਹੰਗਾਮੇ ਤੋਂ ਬਾਅਦ ਰਾਜ ਸਭਾ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ। 


Tanu

Content Editor

Related News