ਖੇਤੀਬਾੜੀ ਬਿੱਲ ਕਿਸਾਨਾਂ ਦੇ ਰੱਖਿਆ ਕਵਚ, ਵਿਰੋਧ ਕਰਨ ਵਾਲੇ ਦੇ ਰਹੇ ਵਿਚੌਲਿਆਂ ਦਾ ਸਾਥ : PM ਮੋਦੀ

09/18/2020 2:30:38 PM

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਦੇਸ਼ ਦੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਲੋਕ ਸਭਾ 'ਚ ਪਾਸ ਖੇਤੀਬਾੜੀ ਸੰਬੰਧੀ ਬਿੱਲ ਉਨ੍ਹਾਂ ਲਈ ਰੱਖਿਆ ਕਵਚ ਦਾ ਕੰਮ ਕਰਨਗੇ। ਉਨ੍ਹਾਂ ਨੇ ਕਿਹਾ ਕਿ ਨਵੇਂ ਪ੍ਰਬੰਧ ਲਾਗੂ ਹੋਣ ਕਾਰਨ ਉਹ ਆਪਣੀ ਫਸਲ ਨੂੰ ਦੇਸ਼ ਦੇ ਕਿਸੇ ਵੀ ਬਜ਼ਾਰ 'ਚ ਆਪਣੀ ਮਨਚਾਹੀ ਕੀਮਤ 'ਤੇ ਵੇਚ ਸਕਣਗੇ। ਪ੍ਰਧਾਨ ਮੰਤਰੀ ਨੇ ਵਿਰੋਧੀ ਪਾਰਟੀਆਂ, ਖਾਸ ਕਰ ਕੇ ਕਾਂਗਰਸ 'ਤੇ, ਦੋਸ਼ ਲਗਾਇਆ ਕਿ ਉਹ ਇਨ੍ਹਾਂ ਬਿੱਲਾਂ ਦਾ ਵਿਰੋਧ ਕਰ ਕੇ ਕਿਸਾਨਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਵਿਚੌਲਿਆਂ ਨਾਲ ਕਿਸਾਨਾਂ ਦੀ ਕਮਾਈ ਨੂੰ ਵਿਚ ਹੀ ਲੁੱਟਣ ਵਾਲਿਆਂ ਦਾ ਸਾਥ ਦੇ ਰਹੀ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਗੁੰਮਰਾਹ ਨਾ ਹੋਣ ਅਤੇ ਚੌਕਸ ਰਹਿਣ। ਮੋਦੀ ਨੇ ਇਹ ਗੱਲਾਂ ਸ਼ੁੱਕਰਵਾਰ ਨੂੰ 'ਇਤਿਹਾਸਕ' ਕੋਸੀ ਰੇਲ ਮਹਾਸੇਤੂ ਨੂੰ ਰਾਸ਼ਟਰ ਨੂੰ ਸਮਰਪਿਤ ਕਰਨ ਅਤੇ ਬਿਹਾਰ ਦੇ ਰੇਲ ਯਾਤਰੀਆਂ ਦੀ ਸਹੂਲਤਾਂ ਲਈ 12 ਰੇਲ ਪ੍ਰਾਜੈਕਟਾਂ ਦਾ ਸ਼ੁੱਭ ਆਰੰਭ ਕਰਨ ਤੋਂ ਬਾਅਦ ਆਪਣੇ ਸੰਬੋਧਨ 'ਚ ਕਹੀਆਂ।

ਬਿੱਲ ਕਿਸਾਨਾਂ ਲਈ ਰੱਖਿਆ ਕਵਚ
ਵੀਡੀਓ ਕਾਨਫਰੈਂਸ ਨਾਲ ਆਯੋਜਿਤ ਇਸ ਸਮਾਰੋਹ 'ਚ ਬਿਹਾਰ ਦੇ ਰਾਜਪਾਲ ਫਾਗੂ ਚੌਹਾਨ, ਮੁੱਖ ਮੰਤਰੀ ਨਿਤੀਸ਼ ਕੁਮਾਰ, ਉੱਪ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ, ਕੇਂਦਰੀ ਮੰਤਰੀ ਪੀਊਸ਼ ਗੋਇਲ, ਰਵੀਸ਼ੰਕਰ ਪ੍ਰਸਾਦ, ਗਿਰੀਰਾਜ ਸਿੰਘ ਅਤੇ ਨਿਤਿਆਨੰਦ ਰਾਏ ਨੇ ਵੀ ਹਿੱਸਾ ਲਿਆ। ਮੋਦੀ ਨੇ ਕਿਹਾ ਕਿ ਕੱਲ ਵਿਸ਼ਵਕਰਮਾ ਜਯੰਤੀ ਦੇ ਦਿਨ ਲੋਕ ਸਭਾ 'ਚ ਇਤਿਹਾਸਕ ਖੇਤੀਬਾੜੀ ਸੁਧਾਰ ਬਿੱਲ ਪਾਸ ਕੀਤੇ ਗਏ ਹਨ। ਕਿਸਾਨ ਅਤੇ ਗਾਹਕ ਦਰਮਿਆਨ ਜੋ ਬਿਚੌਲੇ ਹੁੰਦੇ ਹਨ, ਜੋ ਕਿਸਾਨਾਂ ਦੀ ਕਮਾਈ ਦਾ ਵੱਡਾ ਹਿੱਸਾ ਖ਼ੁਦ ਲੈ ਲੈਂਦੇ ਹਨ, ਉਨ੍ਹਾਂ ਤੋਂ ਬਚਾਉਣ ਲਈ ਇਹ ਬਿੱਲ ਲਿਆਏ ਜਾਣੇ ਬਹੁਤ ਜ਼ਰੂਰੀ ਸਨ। ਇਹ ਬਿੱਲ ਕਿਸਾਨਾਂ ਲਈ ਰੱਖਿਆ ਕਵਚ ਬਣ ਕੇ ਆਏ ਹਨ।''

ਕਿਸਾਨਾਂ ਨੂੰ ਗੁੰਮਰਾਹ ਕਰ ਰਿਹਾ ਵਿਰੋਧੀ ਧਿਰ
ਉਨ੍ਹਾਂ ਨੇ ਕਿਹਾ ਕਿ ਜੋ ਲੋਕ ਦਹਾਕਿਆਂ ਤੱਕ ਸੱਤਾ 'ਚ ਰਹੇ ਹਨ ਅਤੇ ਦੇਸ਼ 'ਤੇ ਰਾਜ ਕੀਤਾ ਹੈ, ਉਹ ਲੋਕ ਕਿਸਾਨਾਂ ਨੂੰ ਇਸ ਵਿਸ਼ੇ 'ਤੇ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਉਨ੍ਹਾਂ ਨਾਲ ਝੂਠ ਬੋਲ ਰਹੇ ਹਨ। ਉਨ੍ਹਾਂ ਨੇ ਕਿਹਾ,''ਜਿਸ ਏ.ਪੀ.ਐੱਮ.ਸੀ. ਐਕਟ ਨੂੰ ਲੈ ਕੇ ਹੁਣ ਇਹ ਲੋਕ ਰਾਜਨੀਤੀ ਕਰ ਰਹੇ ਹਨ, ਖੇਤੀਬਾੜੀ ਮਾਰਕੀਟ ਦੇ ਪ੍ਰਬੰਧਾਂ 'ਚ ਤਬਦੀਲੀ ਦਾ ਵਿਰੋਧ ਕਰ ਰਹੇ ਹਨ, ਉਸੇ ਤਬਦੀਲੀ ਦੀ ਗੱਲ ਇਨ੍ਹਾਂ ਲੋਕਾਂ ਨੇ ਆਪਣੇ ਐਲਾਨ ਪੱਤਰ 'ਚ ਵੀ ਲਿਖੀ ਸੀ ਪਰ ਹੁਣ ਜਦੋਂ ਐੱਨ.ਡੀ.ਏ ਸਰਕਾਰ ਨੇ ਇਹ ਤਬਦੀਲੀ ਕਰ ਦਿੱਤੀ ਹੈ ਤਾਂ ਇਹ ਲੋਕ ਇਸ ਦਾ ਵਿਰੋਧ ਕਰਨ 'ਤੇ ਉਤਰ ਆਏ ਹਨ। ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਸਰਕਾਰ ਵਲੋਂ ਕਿਸਾਨਾਂ ਨੂੰ ਐੱਮ.ਐੱਸ.ਪੀ. (ਘੱਟੋ-ਘੱਟ ਸਮਰਥਨ ਮੁੱਲ) ਦਾ ਲਾਭ ਨਹੀਂ ਦਿੱਤਾ ਜਾਵੇਗਾ। ਇਹ ਵੀ ਮਨਗੜ੍ਹਤ ਗੱਲਾਂ ਕਹੀਆਂ ਜਾ ਰਹੀਆਂ ਹਨ ਕਿ ਕਿਸਨਾਂ ਤੋਂ ਚਾਵਲ-ਕਣਕ ਆਦਿ ਦੀ ਖਰੀਦ ਸਰਕਾਰ ਵਲੋਂ ਨਹੀਂ ਕੀਤੀ ਜਾਵੇਗੀ। ਇਹ ਬਿਲਕੁੱਲ ਝੂਠ ਹੈ, ਗਲਤ ਹੈ, ਕਿਸਾਨਾਂ ਨੂੰ ਧੋਖਾ ਹੈ।''

ਰਾਜਗ ਸ਼ਾਸਨ 'ਚ ਕਿਸਾਨਾਂ ਲਈ ਕੀਤਾ ਗਿਆ ਜ਼ਿਆਦਾ ਕੰਮ
ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਕਿਸਾਨਾਂ ਨੂੰ ਐੱਮ.ਐੱਸ.ਪੀ. ਦੇ ਮਾਧਿਅਮ ਨਾਲ ਉੱਚਿਤ ਮੁੱਲ ਦਿਵਾਉਣ ਲਈ ਵਚਨਬੱਧ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰੀ ਖਰੀਦ ਵੀ ਪਹਿਲੇ ਦੀ ਤਰ੍ਹਾਂ ਜਾਰੀ ਰਹੇਗੀ, ਕੋਈ ਵੀ ਵਿਅਕਤੀ ਆਪਣਾ ਉਤਪਾਦ ਦੁਨੀਆ 'ਚ ਕਿਤੇ ਵੀ ਵੇਚ ਸਕਦਾ ਹੈ। ਜਿੱਥੇ ਚਾਹੇ ਉੱਥੇ ਵੇਚ ਸਕਦਾ ਹੈ। ਮੋਦੀ ਨੇ ਕਿਹਾ ਕਿ ਕਿਸਾਨਾਂ ਲਈ ਜਿੰਨਾ ਰਾਜਗ ਸ਼ਾਸਨ 'ਚ ਪਿਛਲੇ 6 ਸਾਲਾਂ 'ਚ ਕੀਤਾ ਗਿਆ ਹੈ, ਓਨਾ ਪਹਿਲੇ ਕਦੇ ਨਹੀਂ ਕੀਤਾ ਗਿਆ। ਉਨ੍ਹਾਂ ਨੇ ਕਿਹਾ,''ਮੈਂ ਅੱਜ ਦੇਸ਼ ਦੇ ਕਿਸਾਨਾਂ ਨੂੰ ਇਕ ਗੱਲ ਦੱਸਣਾ ਚਾਹੁੰਦਾ ਹਾਂ। ਸੰਦੇਸ਼ ਦੇਣਾ ਚਾਹੁੰਦਾ ਹਾਂ। ਤੁਸੀਂ ਕਿਸੇ ਵੀ ਤਰ੍ਹਾਂ ਦੇ ਭਰਮ 'ਚ ਨਾ ਪਵੋ। ਇਨ੍ਹਾਂ ਲੋਕਾਂ ਤੋਂ ਦੇਸ਼ ਦੇ ਕਿਸਾਨਾਂ ਨੂੰ ਚੌਕਸ ਰਹਿਣਾ ਜ਼ਰੂਰੀ ਹੈ, ਅਜਿਹੇ ਲੋਕਾਂ ਤੋਂ ਸਾਵਧਾਨ ਰਹੋ, ਜਿਨ੍ਹਾਂ ਨੇ ਦਹਾਕਿਆਂ ਤੱਕ ਦੇਸ਼ 'ਤੇ ਰਾਜ ਕੀਤਾ ਅਤੇ ਜੋ ਅੱਜ ਕਿਸਾਨਾਂ ਨਾਲ ਝੂਠ ਬੋਲ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਬਿੱਲਾਂ ਦਾ ਵਿਰੋਧ ਕਰਨ ਵਾਲੇ ਕਿਸਾਨਾਂ ਨੂੰ ਕਈ ਬੰਧਨਾਂ 'ਚ ਜਕੜ ਕੇ ਰੱਖਣਾ ਚਾਹੁੰਦੇ ਹਨ।''

21ਵੀਂ ਸਦੀ 'ਚ ਭਾਰਤ ਦਾ ਕਿਸਾਨ ਬੰਧਨਾਂ 'ਚ ਨਹੀਂ ਰਹੇਗਾ
ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿਸਾਨਾਂ ਨੂੰ ਆਪਣੀ ਪੈਦਾਵਾਰ ਕਿਤੇ ਵੀ ਕਿਸੇ ਨੂੰ ਵੀ ਵੇਚਣ ਦੀ ਆਜ਼ਾਦੀ ਦੇਣਾ ਬਹੁਤ ਇਤਿਹਾਸਕ ਕਦਮ ਹੈ। ਉਨ੍ਹਾਂ ਨੇ ਕਿਹਾ,''21ਵੀਂ ਸਦੀ 'ਚ ਭਾਰਤ ਦਾ ਕਿਸਾਨ ਬੰਧਨਾਂ 'ਚ ਨਹੀਂ ਰਹੇਗਾ। ਭਾਰਤ ਦਾ ਕਿਸਾਨਾ ਖੁੱਲ੍ਹ ਕੇ ਖੇਤੀ ਕਰੇਗਾ। ਜਿੱਥੇ ਮਨ ਹੋਵੇਗਾ, ਆਪਣੀ ਪੈਦਾਵਾਰ ਵੇਚੇਗਾ। ਜਿੱਥੇ ਜ਼ਿਆਦਾ ਪੈਸਾ ਮਿਲੇਗਾ, ਉੱਥੇ ਵੇਚੇਗਾ। ਕਿਸੇ ਵਿਚੌਲੇ ਦਾ ਮੋਹਤਾਜ ਨਹੀਂ ਰਹੇਗਾ। ਇਹ ਦੇਸ਼ ਦੀ ਜ਼ਰੂਰਤ ਹੈ ਅਤੇ ਸਮੇਂ ਦੀ ਮੰਗ ਵੀ ਹੈ।'' ਲੋਕ ਸਭਾ ਨੇ ਵੀਰਵਾਰ ਨੂੰ ਖੇਤੀਬਾੜੀ ਪੈਦਾਵਾਰ ਵਪਾਰ ਅਤੇ ਵਪਾਰਕ (ਤਰੱਕੀ ਅਤੇ ਸਹੂਲਤ) ਬਿੱਲ, ਕਿਸਾਨੀ (ਮਜ਼ਬੂਤੀਕਰਨ ਅਤੇ ਸੁਰੱਖਿਆ) ਕੀਮਤ ਭਰੋਸਾ ਸਮਝੌਤਾ ਅਤੇ ਖੇਤੀਬਾੜੀ ਸੇਵਾ 'ਤੇ ਕਰਾਰ ਬਿੱਲ ਪਾਸ ਕਰ ਦਿੱਤਾ ਸੀ। ਜ਼ਰੂਰੀ ਵਸਤੂ (ਸੋਧ) ਬਿੱਲ ਪਹਿਲਾਂ ਹੀ ਪਾਸ ਹੋ ਚੁੱਕਿਆ ਹੈ।


DIsha

Content Editor

Related News