ਅਗਨੀਪਥ ਪ੍ਰਦਰਸ਼ਨ: ਹੁਣ ਤਕ 200 ਰੇਲਾਂ ਪ੍ਰਭਾਵਿਤ ਅਤੇ 35 ਰੇਲਾਂ ਰੱਦ
Friday, Jun 17, 2022 - 04:40 PM (IST)
ਨਵੀਂ ਦਿੱਲੀ– ਹਥਿਆਰਬੰਦ ਬਲਾਂ ’ਚ ਭਰਤੀ ਨਾਲ ਸੰਬੰਧਿਤ ‘ਅਗਨੀਪਥ’ ਯੋਜਨਾ ਵਿਰੁੱਧ ਪ੍ਰਦਰਸ਼ਨ ਕਾਰਨ ਹੁਣ ਤਕ 200 ਤੋਂ ਜ਼ਿਆਦਾ ਰੇਲਾਂ ਦੀ ਆਵਾਜਾਈ ਪ੍ਰਭਾਵਿਤ ਹੋਈ ਹੈ। ਰੇਲਵੇ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਰੇਲਵੇ ਨੇ ਕਿਹਾ ਕਿ ਬੁੱਧਵਾਰ ਨੂੰ ਪ੍ਰਦਰਸ਼ਨ ਸ਼ੁਰੂ ਹੋਣ ਤੋਂ ਬਾਅਦ 35 ਰੇਲਾਂ ਰੱਦ ਕੀਤੀਆਂ ਗਈਆਂ ਜਦਕਿ 13 ਰੇਲਾਂ ਨੂੰ ਸਮੇਂ ਤੋਂ ਪਹਿਲਾਂ ਹੀ ਬੰਦ ਕਰ ਦਿੱਤਾ ਗਿਆ।
ਪ੍ਰਦਰਸ਼ਨ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਪੂਰਬੀ ਮੱਧ ਰੇਲਵੇ ’ਤੇ ਪਿਆ ਹੈ ਜਿਸ ਅਧੀਨ ਬਿਹਾਰ, ਝਾਰਖੰਡ ਅਤੇ ਉੱਤਰ-ਪ੍ਰਦੇਸ਼ ਦੇ ਕਈਹਿੱਸੇ ਆਉਂਦੇ ਹਨ। ਇਨ੍ਹਾਂ ਸੂਬਿਆਂ ’ਚ ਵਿਆਪਕ ਪੱਧਰ ’ਤੇ ਪ੍ਰਦਰਸ਼ਨ ਵੇਖਿਆ ਗਿਆ ਹੈ। ਅਜਿਹੇ ’ਚ ਪੂਰਬੀ ਮੱਧ ਰੇਲਵੇ ਨੇ ਪ੍ਰਦਰਸ਼ਨ ਦੇ ਕਾਰਨ 8 ਰੇਲਾਂ ਦੀ ਆਵਾਜਾਈ ਦੀ ਨਿਗਰਾਨੀ ਕਰਨ ਦਾ ਫੈਸਲਾ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਉਹ ਇਨ੍ਹਾਂ ਰੇਲਾਂ ਦੀ ਆਵਾਜਾਈ ’ਤੇ ਨਜ਼ਰ ਰੱਖ ਰਹੇ ਹਨ ਅਤੇ ਸਥਿਤੀ ਦੇ ਹਿਸਾਬ ਨਾਲ ਉਨ੍ਹਾਂ ਦੀ ਆਵਾਜਾਈ ਦੇ ਸੰਬੰਧ ’ਚ ਫੈਸਲਾ ਲੈਣਗੇ।
ਇਨ੍ਹਾਂ ਰੇਲਾਂ ’ਚ 12303 ਹਾਵੜਾ-ਨਵੀਂ ਦਿੱਲੀ ਪੂਰਵਾ ਐਕਸਪ੍ਰੈੱਸ, 12353 ਹਾਵੜਾ-ਲਾਲਕੁੰਆ ਐਕਸਪ੍ਰੈੱਸ, 18622 ਰਾਂਚੀ-ਪਟਨਾ ਪਾਟਲੀਪੁਤਰ ਐਕਸਪ੍ਰੈੱਸ, 18182 ਦਾਨਾਪੁਰ-ਟਾਟਾ ਐਕਸਪ੍ਰੈੱਸ, 22387 ਹਾਵੜਾ-ਧਨਬਾਦ ਬਲੈਕ ਡਾਇਮੰਡ ਐਕਸਪ੍ਰੈੱਸ, 13512 ਆਸਨਸੋਲ-ਟਾਟਾ ਐਕਸਪ੍ਰੈੱਸ, 13032 ਜੈਨਗਰ-ਹਾਵੜਾ ਐਕਸਪ੍ਰੈੱਸ ਅਤੇ 13409 ਮਾਲਦਾ ਟਾਊਨ-ਕਿਊਲ ਐਕਸਪ੍ਰੈੱਸ ਸ਼ਾਮਿਲ ਹਨ।
ਪੂਰਬੀ ਮੱਧ ਰੇਲਵੇ ਦੀਆਂ ਦੋ ਰੇਲਾਂ 12335 ਮਾਲਦਾ ਟਾਊਨ-ਲੋਕਮਾਨਿਆ ਤਿਲਕ ਐਕਸਪ੍ਰੈੱਸ ਅਤੇ 12273 ਹਾਲਵਾ-ਨਵੀਂ ਦਿੱਲੀ ਦੂਰੰਤੋ ਐਕਸਪ੍ਰੈੱਸ ਰੱਦ ਕਰ ਦਿੱਤੀਆਂ ਗਈਆਂ ਹਨ। ਰੱਦ ਕੀਤੀਆਂ ਗਈਆਂ ਹੋਰ ਰੇਲਾਂ ਦਾ ਬਿਊਰਾ ਤਤਕਾਲ ਉਪਲੱਬਧ ਨਹੀਂ ਹੈ। ਰੇਲਵੇ ਨੇ ਕਿਹਾ ਕਿ ਪੂਰਬੀ ਮੱਧ ਦੇ ਖੇਤਅਧਿਕਾਰ ਤੋਂ ਉੱਤਰ ਸੀਮਾਂਤ ਰੇਲਵੇ ਦੀਆਂ ਕਈ ਰੇਲਾਂ ਲੰਘਦੀਆਂ ਹਨ ਅਤੇ ਉਨ੍ਹਾਂ ਚੋਂ ਤਿੰਨ ਪ੍ਰਭਾਵਿਤ ਹੋਈਆਂ ਹਨ। ਪ੍ਰਦਰਸ਼ਨਕਾਰੀਆਂ ਨੇ ਪੂਰਬੀ ਮੱਧ ਰੇਲਵੇ ਦੀਆਂ ਤਿੰਨ ਰੇਲਾਂ ਅਤੇ ਇਕ ਖਾਲੀ ਰੇਲ ਨੂੰ ਨੁਕਸਾਨ ਪਹੁੰਚਿਆ। ਉੱਤਰ-ਪ੍ਰਦੇਸ਼ ਦੇ ਬਲੀਆ ’ਚ ਧੁਲਾਈ ਲਾਈਨ ’ਤੇ ਖੜੀ ਇਕ ਰੇਲ ਦੇ ਇਕ ਡੱਬੇ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ।
ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਫਿਲਹਾਲ ਅਚਲ ਸੰਪਤੀਆਂ ਨੂੰ ਪਹੁੰਚੇ ਨੁਕਸਾਨ ਦਾ ਆਕਲਨ ਕਰਨਾ ਮੁਸ਼ਕਿਲ ਹੈ। ਬਲੀਆ ’ਚ ਪ੍ਰਦਰਸ਼ਨਕਾਰੀ ਨੌਜਵਾਨਾਂ ਨੇ ‘ਭਾਰਤ ਮਾਤਾ ਜੀ ਜੈ’ ਅਤੇ ‘ਅਗਨੀਪਥ ਵਾਪਸ ਲਓ’ ਵਰਗੇ ਨਾਅਰੇ ਲਗਾਉਂਦੇ ਹੋਏ ਇਕ ਖਾਲੀ ਰੇਲ ਨੂੰ ਅੱਗ ਲਗਾ ਦਿੱਤੀ ਅਤੇ ਕੁਝ ਹੋਰ ਰੇਲਾਂ ’ਚ ਭੰਨ-ਤੋੜ ਕੀਤੀ। ਇਸਤੋਂ ਬਾਅਦ ਪੁਲਸ ਨੂੰ ਉਨ੍ਹਾਂ ’ਤੇ ਲਾਠੀਚਾਰਜ ਕਰਨਾ ਪਿਆ।