ਦੋਸਤ ਦੇ ਬੇਟੇ ਨੂੰ ਹੋਏ ਕੈਂਸਰ ਨੇ ਬਦਲ ਦਿੱਤੀ ਸੋਚ, ਨੌਕਰੀ ਦੇ ਨਾਲ ਬਣ ਗਈ ਫਾਰਮਰ

12/04/2019 12:37:04 AM

ਮੁੰਬਈ — ਵਾਇਰਸ ਦੀ ਤਰ੍ਹਾਂ ਫੈਲ ਰਹੇ ਕੈਂਸਰ ਨੂੰ ਲੈ ਕੇ ਜਾਗਰੂਕਤਾ ਹੋਣੀ ਬਹੁਤ ਜ਼ਰੂਰੀ ਹੈ ਅਤੇ ਸਮੇਂ-ਸਮੇਂ 'ਤੇ ਲੋਕਾਂ ਨੂੰ ਆਪਣਾ ਹੈਲਥ ਚੈੱਕਅਪ ਵੀ ਕਰਵਾਉਂਦੇ ਰਹਿਣਾ ਚਾਹੀਦਾ ਹੈ। ਇਸੇ ਦੌਰਾਨ ਖਾਣ-ਪੀਣ ਦਾ ਧਿਆਨ ਰੱਖਣਾ ਵੀ ਬਹੁਤ ਜ਼ਰੂਰੀ ਹੁੰਦਾ ਹੈ। ਕੈਂਸਰ ਪ੍ਰਤੀ ਜਾਗਰੂਕਤਾ ਦਿਖਾਉਂਦੇ ਹੋਏ ਮੁੰਬਈ ਦੀ ਇਕ ਔਰਤ ਨੇ ਆਪਣੇ ਹੀ ਘਰ ਦੀ ਬਾਲਕੋਨੀ 'ਚ ਰਸਾਇਣ ਮੁਕਤ ਸਬਜ਼ੀਆਂ ਉਗਾਉਣੀਆਂ ਸ਼ੁਰੂ ਕਰ ਦਿੱਤੀਆਂ। ਦਰਅਸਲ ਮੁੰਬਈ ਦੀ ਰਹਿਣ ਵਾਲੀ ਅਤੇ ਦੂਰਦਰਸ਼ਨ 'ਚ ਉਪ-ਨਿਰਦੇਸ਼ਕ, ਸਮਾਚਾਰ (ਆਈ. ਆਈ. ਐੱਸ.) ਸਰਸਵਤੀ ਕੁਵਾਲੇਕਰ ਦੀ ਦੋਸਤ ਦੇ ਬੇਟੇ ਨੂੰ ਕੈਂਸਰ ਹੋ ਗਿਆ ਸੀ। ਸਰਸਵਤੀ ਜਦੋਂ ਆਪਣੀ ਸਹੇਲੀ ਦੇ ਬੇਟੇ ਨੂੰ ਹਸਪਤਾਲ ਦੇਖਣ ਗਈ ਤਾਂ ਉਥੋਂ ਵਾਪਸ ਆ ਕੇ ਉਨ੍ਹਾਂ ਨੇ ਆਪਣੇ ਘਰ ਦੀ ਬਾਲਕੋਨੀ 'ਚ ਰਸਾਇਣਮੁਕਤ ਸਬਜ਼ੀਆਂ ਉਗਾਉਣੀਆਂ ਸ਼ੁਰੂ ਕਰ ਦਿੱਤੀਆਂ।

ਕੀ ਹਰ ਕਿਸੇ ਨੂੰ ਖੁਦ ਉਗਾਉਣੀਆਂ ਚਾਹੀਦੀਆਂ ਹਨ ਸਬਜ਼ੀਆਂ

ਸਹੇਲੀ ਦੇ ਕੈਂਸਰ ਪੀੜਤ ਬੇਟੇ ਨੂੰ ਮਿਲਣ ਤੋਂ ਬਾਅਦ ਸਰਸਵਤੀ ਦੇ ਦਿਮਾਗ 'ਚ ਸਵਾਲ ਉੱਠਿਆ ਕਿ ਕੀ ਹਰ ਕਿਸੇ ਨੂੰ ਸਬਜ਼ੀਆਂ ਖੁਦ ਉਗਾਉਣੀਆਂ ਚਾਹੀਦੀਆਂ ਹਨ। ਸਰਸਵਤੀ ਨੇ ਦੱਸਿਆ ਕਿ ਸਹੇਲੀ ਦਾ ਬੇਟਾ 28 ਸਾਲ ਦਾ ਹੈ ਅਤੇ ਉਸ ਨੂੰ ਕੈਂਸਰ ਹੋ ਗਿਆ ਜੋ ਸੱਚਮੁੱਚ ਪ੍ਰੇਸ਼ਾਨ ਕਰਨ ਵਾਲੀ ਗੱਲ ਸੀ। ਉਦੋਂ ਮੈਂ ਇਸ ਬਾਰੇ ਪੜ੍ਹਨਾ ਸ਼ੁਰੂ ਕੀਤਾ ਤਾਂ ਦੇਖਿਆ ਕਿ 30 ਸਾਲ ਤੋਂ ਘੱਟ ਉਮਰ ਦੇ ਲੋਕਾਂ 'ਚ ਵੀ ਇਹ ਬੀਮਾਰੀ ਤੇਜ਼ੀ ਨਾਲ ਵਧ ਰਹੀ ਹੈ। ਅਸਲ 'ਚ ਜੈਨੇਟਿਕ ਅਤੇ ਵਾਤਾਵਰਣ ਇਸ ਖਤਰੇ ਨੂੰ ਹੋਰ ਵਧਾ ਰਹੇ ਹਨ। ਇਸ 'ਚ ਤੁਹਾਡਾ ਖਾਣਾ ਵੀ ਸ਼ਾਮਲ ਹੈ। ਤੁਸੀਂ ਜੋ ਖਾਣਾ ਖਾਂਦੇ ਹੋ, ਉਹ ਵੀ ਕਾਫੀ ਮਹੱਤਵਪੂਰਨ ਹੈ। ਸਭ ਤੋਂ ਅਹਿਮ ਹੈ ਕਿ ਬੱਚਿਆਂ ਨੂੰ ਵਧੀਆ ਤੋਂ ਵਧੀਆ ਤੇ ਹੈਲਦੀ ਖਾਣਾ ਦਿੱਤਾ ਜਾਣਾ ਚਾਹੀਦਾ ਹੈ।

ਅਸੀਂ ਕੈਮੀਕਲ ਮੁਕਤ ਖਾਣਾ ਨਹੀਂ ਖਾਂਦੇ

ਭੋਜਨ ਬਾਰੇ ਹੈਰਾਨ ਕਰਨ ਵਾਲੇ ਤੱਥਾਂ ਨੇ ਸਰਸਵਤੀ ਨੂੰ ਆਪਣੇ ਪਰਿਵਾਰ ਦੀ ਜੀਵਨਸ਼ੈਲੀ 'ਚ ਬਦਲਾਅ ਲਿਆਉਣ ਦਾ ਮੌਕਾ ਦਿੱਤਾ ਅਤੇ ਉਸ ਨੇ ਬਾਗਵਾਨੀ ਨੂੰ ਆਪਣੀ ਹੌਬੀ ਬਣਾ ਲਿਆ। ਸਰਸਵਤੀ ਨੇ ਦੱਸਿਆ ਕਿ ਦਰਅਸਲ ਅਸੀਂ ਕੈਮੀਕਲ ਮੁਕਤ ਖਾਣਾ ਖਾਣ 'ਚ ਨਾਕਾਮ ਰਹਿੰਦੇ ਹਾਂ। ਉਸ ਦੀ ਖੇਤੀ ਬਾਰੇ ਕੋਈ ਜਾਣਕਾਰੀ ਨਹੀਂ ਸੀ। ਮੈਨੂੰ ਤਾਂ ਬਸ ਫੁੱਲ ਉਗਾਉਣ ਅਤੇ ਲਾਉਣ ਬਾਰੇ ਪਤਾ ਸੀ ਪਰ ਆਪਣੇ ਪਰਿਵਾਰ ਦੀ ਚੰਗੀ ਸਿਹਤ ਨੂੰ ਧਿਆਨ 'ਚ ਰੱਖਦੇ ਹੋਏ ਮੈਂ ਖੇਤੀ ਦੀ ਪੜ੍ਹਾਈ ਕਰਨੀ ਸ਼ੁਰੂ ਕੀਤੀ।

ਜਦੋਂ ਇਕ ਘਟਨਾ ਨੇ ਹਿਲਾ ਦਿੱਤਾ

ਸਰਸਵਤੀ ਨੇ ਦੱਸਿਆ ਕਿ ਇਕ ਘਟਨਾ ਨੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਹਿਲਾ ਦਿੱਤਾ ਅਤੇ ਇਸੇ ਘਟਨਾ ਨੇ ਉਸ ਨੂੰ ਘਰ 'ਚ ਬਾਗਵਾਨੀ ਦੇ ਰਸਤੇ 'ਚ ਅੱਗੇ ਵਧਣ 'ਤੇ ਮਜਬੂਰ ਕੀਤਾ। ਉਨ੍ਹਾਂ ਨੇ ਦੱਸਿਆ ਕਿ ਮੇਰਾ ਪੇਸ਼ਾ ਅਜਿਹਾ ਹੈ ਕਿ ਮੈਨੂੰ ਸਫਰ ਕਰਨ ਦਾ ਕਾਫੀ ਸਮਾਂ ਮਿਲ ਜਾਂਦਾ ਹੈ। ਸਫਰ ਦੌਰਾਨ ਮੈਨੂੰ ਮਹਾਰਾਸ਼ਟਰ ਦੇ ਇਕ ਪਿੰਡ 'ਚ ਇਕ ਕਿਸਾਨ ਨਾਲ ਕਾਫੀ ਸਮਾਂ ਬਿਤਾਉਣ ਦਾ ਮੌਕਾ ਮਿਲਿਆ। ਉਹ ਕਿਸਾਨ ਹੋਰ ਲੋਕਾਂ ਲਈ ਵੀ ਅਨਾਜ ਪੈਦਾ ਕਰਦਾ ਸੀ। ਆਪਣੀ ਉਗਾਈ ਖੇਤੀ 'ਚ ਕਿਸਾਨ ਕੀਟਨਾਸ਼ਕ ਦਾ ਇਸਤੇਮਾਲ ਕਰਦਾ ਸੀ ਪਰ ਇਸ ਸਭ ਦੇ ਦੌਰਾਨ ਜੋ ਗੱਲ ਹੈਰਾਨ ਕਰਨ ਵਾਲੀ ਸੀ, ਉਹ ਇਹ ਸੀ ਕਿ ਕਿਸਾਨ ਉਸ ਖੇਤੀ ਤੋਂ ਇਲਾਵਾ ਇਕ ਹੋਰ ਜ਼ਮੀਨ ਦੇ ਟੁਕੜੇ 'ਤੇ ਵੀ ਖੇਤੀ ਕਰਦਾ ਹੈ। ਇਸ ਖੇਤੀ 'ਚ ਉਹ ਕੈਮੀਕਲ ਰਹਿਤ ਖੇਤੀਬਾੜੀ ਕਰਦਾ ਹੈ ਅਤੇ ਜੈਵਕ ਪੱਧਤੀ ਨਾਲ ਅਨਾਜ ਪੈਦਾ ਕਰਦਾ ਹੈ। ਮੈਂ ਹੈਰਾਨ ਹੋਈ ਜਦੋਂ ਉਸ ਨੇ ਦੱਸਿਆ ਕਿ ਉਹ ਇਹ ਜੈਵਿਕ ਖੇਤੀ ਸਿਰਫ ਆਪਣੇ ਪਰਿਵਾਰ ਦੇ ਖਾਣ ਲਈ ਕਰਦਾ ਹੈ। ਇਸ ਘਟਨਾ ਨੇ ਮੈਨੂੰ ਹੈਰਾਨ ਕਰ ਦਿੱਤਾ।

ਮੁੰਬਈ ਯੂਨੀਵਰਸਿਟੀ ਤੋਂ ਕੀਤਾ ਖੇਤੀ ਦਾ ਕੋਰਸ

ਸਰਸਵਤੀ ਨੇ ਦੱਸਿਆ ਕਿ ਮੁੰਬਈ ਵਾਪਸ ਪਰਤ ਕੇ ਉਨ੍ਹਾਂ ਨੇ ਮੁੰਬਈ ਯੂਨੀਵਰਸਿਟੀ ਤੋਂ ਖੇਤੀ ਦਾ ਕੋਰਸ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਉਸ ਨੇ ਜੈਵਿਕ ਖੇਤੀ ਅਤੇ ਬਾਗਬਾਨੀ ਮਾਹਿਰਾਂ ਰਾਜੇਂਦਰ ਭੱਟ ਅਤੇ ਨੰਦਨ ਕਲਾਬਾਗ ਨਾਲ ਵੀ ਮੁਲਾਕਾਤ ਕੀਤੀ। ਰਾਜੇਂਦਰ ਭੱਟ ਅਤੇ ਕਲਾਬਾਗ ਨੇ ਸਰਸਵਤੀ ਨੂੰ ਪੌਦਿਆਂ ਬਾਰੇ ਜਾਣਕਾਰੀ ਦਿੱਤੀ। ਸਰਸਵਤੀ ਨੇ ਦੱਸਿਆ ਕਿ ਉਨ੍ਹਾਂ ਨੇ ਕਿਚਨ ਗਾਰਡਨ 'ਚ ਬਹੁਤ ਸਾਰੇ ਟੈਸਟ ਕੀਤੇ ਜਿਨ੍ਹਾਂ 'ਚੋਂ ਕਈ ਗਲਤ ਵੀ ਹੋਏ ਪਰ ਆਖਿਰ ਨਤੀਜਾ ਨਿਕਲਿਆ ਅਤੇ ਕਿਚਨ ਗਾਰਡਨ ਸਫਲ ਰਿਹਾ। ਉਨ੍ਹਾਂ ਨੇ ਕਿਹਾ ਕਿ ਇਸੇ ਦੌਰਾਨ ਮੈਨੂੰ ਜੋ ਚੀਜ਼ਾਂ ਸਿੱਖਣ ਨੂੰ ਮਿਲੀਆਂ, ਉਹ ਇਹ ਕਿ ਘਰ ਬਾਗਵਾਨੀ ਕਰਨ ਲਈ ਜ਼ਿਆਦਾ ਸਮਾਂ ਅਤੇ ਜਗ੍ਹਾ ਦੀ ਲੋੜ ਨਹੀਂ ਹੈ। ਸਰਸਵਤੀ ਦੇ ਘਰ 'ਚ 3 ਬਾਲਕੋਨੀਆਂ ਹਨ ਪਰ ਬਾਗਵਾਨੀ ਲਈ ਉਨ੍ਹਾਂ ਨੇ ਸਭ ਤੋਂ ਛੋਟੀ ਬਾਲਕੋਨੀ ਨੂੰ ਚੁਣਿਆ, ਜਿਥੇ ਪੌਦਿਆਂ ਨੂੰ ਪੂਰੀ ਧੁੱਪ ਅਤੇ ਵੈਂਟੀਲੇਸ਼ਨ ਮਿਲ ਸਕਦੀ ਹੈ।

ਘਰ ’ਚ ਹੀ ਉਗਾਏ ਫ੍ਰੈਂਚ ਬੀਨਸ ਅਤੇ ਸ਼ਲਗਮ

ਸਰਸਵਤੀ ਨੇ ਕਿਹਾ ਕਿ ਜ਼ਮੀਨ ਤੋਂ ਪੌਦਿਆਂ ਨੂੰ ਸਿਰਫ 1.5 ਫੀਸਦੀ ਪੋਸ਼ਣ ਮਿਲਦਾ ਹੈ ਜਦਕਿ ਉਸ ਦਾ ਬਾਕੀ ਹਿੱਸਾ ਧੁੱਪ ਤੋਂ ਮਿਲਦਾ ਹੈ। ਜੇਕਰ 3.6 ਫੁੱਟ ਦੀ ਬਾਲਕੋਨੀ 'ਚ ਫੂਡ ਨੂੰ ਪੈਦਾ ਕਰਨਾ ਇਕ ਚੁਣੌਤੀ ਹੈ ਪਰ ਮੈਂ ਅਜਿਹਾ ਕੀਤਾ। ਮੈਂ ਫ੍ਰੈਂਚ ਬੀਨਸ, ਸਲਾਦ ਅਤੇ ਸ਼ਲਗਮ ਵਰਗੀਆਂ ਸਬਜ਼ੀਆਂ ਨੂੰ ਉਗਾਉਣ ਨਾਲ ਆਪਣਾ ਪ੍ਰੀਖਣ ਸ਼ੁਰੂ ਕੀਤਾ। ਇਨ੍ਹਾਂ ਸਾਰੇ ਬੀਜਾਂ 'ਚ 50 ਫੀਸਦੀ ਪੌਦੇ ਪੈਦਾ ਹੋਏ। ਫ੍ਰੈਂਚ ਬੀਨਸ ਨੂੰ ਉਗਾਉਣ 'ਚ ਮੈਨੂੰ 4 ਸਾਲ ਲੱਗੇ। ਇਸ ਤੋਂ ਇਲਾਵਾ ਸ਼ਹਿਤੂਤ ਅਤੇ ਮਾਈਕ੍ਰੋਫਲੋਰਾ ਦੀ ਬਾਗਵਾਨੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਅਤੇ ਇਸ ਨੂੰ ਆਪਣੀ ਛੋਟੀ ਜਿਹੀ ਜਗ੍ਹਾ ਤੋਂ ਸ਼ੁਰੂ ਕੀਤਾ ਅਤੇ ਇਸ ਨੂੰ ਨਾਂ ਦਿੱਤਾ 'ਆਨ ਗ੍ਰੋ'। ਇਸ ਤੋਂ ਇਲਾਵਾ ਮੈਂ 2 ਪੌਦਿਆਂ ਨੂੰ ਇਕ ਹੀ ਗਮਲੇ 'ਚ ਉਗਾਇਆ। ਉਨ੍ਹਾਂ ਨੇ ਕਿਹਾ ਕਿ ਇਕ ਹੀ ਗਮਲੇ 'ਚ 3-4 ਸਬਜ਼ੀਆਂ ਉਗਾਉਣ ਤੋਂ ਇਹ ਮਦਦ ਮਿਲਦੀ ਹੈ ਕਿ ਇਸ ਤੋਂ ਕੀੜੇ ਦੂਰ ਰਹਿੰਦੇ ਹਨ। ਦਰਅਸਲ ਕੀੜੇ ਇਸੇ ਭਰਮ 'ਚ ਰਹਿੰਦੇ ਹਨ ਕਿ ਉਹ ਕਿਹੜਾ ਪੌਦਾ ਖਾਣ। ਲੋਕਾਂ ਦਰਮਿਆਨ ਆਪਣੀ ਮੁਹਾਰਤ ਫੈਲਾਉਣ ਲਈ ਸਰਸਵਤੀ ਨੇ ਆਪਣੀ ਬੇਟੀ ਪ੍ਰ੍ਰਜਾਕਤਾ ਨਾਲ ਇਕ ਵੈੱਬਸਾਈਟ ਅਤੇ ਸੋਸ਼ਲ ਮੀਡੀਆ ਪੇਜ ਸ਼ੁਰੂ ਕੀਤਾ ਜਿਸ 'ਚ ਲੋਕਾਂ ਨੂੰ ਘਰ 'ਚ ਬਾਗਵਾਨੀ ਕਰਨ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ।


Inder Prajapati

Content Editor

Related News