ਮਿਹਨਤ ਨੂੰ ਸਲਾਮ, 30 ਸਾਲਾਂ ਦੀ ਸਖਤ ਮਿਹਨਤ ਨਾਲ ਖੇਤੀ ਲਈ ਪੁੱਟ ਸੁੱਟੀ 3KM ਲੰਬੀ ਨਹਿਰ
Sunday, Sep 13, 2020 - 09:53 PM (IST)
ਗਿਆ- ਬਿਹਾਰ ਦੇ ਗਿਆ ਜ਼ਿਲ੍ਹੇ ਦੇ ਇਕ ਵਿਅਕਤੀ ਨੇ ਆਪਣੀ ਸਖਤ ਮਿਹਤਨ ਅਤੇ ਲਗਨ ਨਾਲ ਇਹ ਸਾਬਤ ਕਰ ਦਿੱਤਾ ਕਿ ਜੇਕਰ ਹਿੰਮਤ ਹੈ ਤਾਂ ਕੋਈ ਵੀ ਕੰਮ ਮੁਸ਼ਕਿਲ ਨਹੀਂ ਹੈ। ਗਿਆ ਦੇ ਲਹਟੂਆ ਇਲਾਕੇ ਦੇ ਕੋਠੀਵਲਾ ਪਿੰਡ ਵਾਸੀ ਲੌਂਗੀ ਭੁਈਆ ਨੇ 30 ਸਾਲਾਂ ਦੀ ਮਿਹਨਤ ਨਾਲ ਤਿੰਨ ਕਿਲੋਮੀਟਰ ਲੰਬੀ ਨਹਿਰ ਬਣਾ ਦਿੱਤੀ ਤਾਂਕਿ ਮੀਂਹ ਦਾ ਪਾਣੀ ਪਹਾੜੀਆਂ ਦਾ ਪਾਣੀ ਪਿੰਡ ਦੇ ਖੇਤਾਂ 'ਚ ਪਹੁੰਚ ਸਕੇ। ਇਸ ਨਾਲ ਪਿੰਡ ਵਾਸੀਆਂ ਨੂੰ ਬਹੁਤ ਫਾਇਦਾ ਹੋਵੇਗਾ। ਲੌਂਗੀ ਭੁਈਆ ਨੇ ਨਹਿਰ ਦੀ ਖੁਦਾਈ ਦਾ ਕੰਮ ਇਕੱਲੇ ਕੀਤਾ। ਭੁਈਆ ਨੇ ਕਿਹਾ- ਪਿੰਡ ਦੇ ਇਕ ਛੱਪੜ ਤੱਕ ਪਾਣੀ ਲੈ ਕੇ ਜਾਣ ਵਾਲੀ ਇਸ ਨਹਿਰ ਨੂੰ ਪੁੱਟਣ 'ਚ 30 ਸਾਲ ਲੱਗ ਗਏ।
ਲੌਂਗੀ ਭੁਈਆ ਨੇ ਦੱਸਿਆ ਕਿ ਪਿਛਲੇ 30 ਸਾਲਾਂ ਤੋਂ ਮੈਂ ਆਪਣੇ ਪਸ਼ੂਆਂ ਨੂੰ ਲੈ ਕੇ ਜੰਗਲ ਜਾਂਦਾ ਤੇ ਨਹਿਰ ਨੂੰ ਪੁੱਟਣ ਦਾ ਕੰਮ ਕਰਦਾ। ਕਿਸੇ ਨੇ ਵੀ ਮੇਰੀ ਕੋਸ਼ਿਸ਼ 'ਚ ਹਿੱਸਾ ਨਹੀਂ ਲਿਆ। ਪਿੰਡ ਦੇ ਲੋਕਾਂ ਨੂੰ ਰੋਜ਼ੀ-ਰੋਟੀ ਕਮਾਉਣ ਦੇ ਲਈ ਸ਼ਹਿਰ ਜਾਣਾ ਪੈਂਦਾ ਹੈ ਪਰ ਮੈਂ ਇੱਥੇ ਰਹਿਣ ਦਾ ਫੈਸਲਾ ਕੀਤਾ। ਕੋਠੀਵਲਾ ਪਿੰਡ ਗਿਆ ਦੇ ਜ਼ਿਲ੍ਹੇ ਹੈੱਡਕੁਆਰਟਰ ਤੋਂ ਲੱਗਭਗ 80 ਕਿਲੋਮੀਟਰ ਦੂਰ ਹੈ ਤੇ ਸੰਘਣੇ ਜੰਗਲ ਅਤੇ ਪਹਾੜਾਂ ਨਾਲ ਘਿਰਿਆ ਹੋਇਆ ਹੈ। ਇਸ ਦਾ ਮਤਲਬ ਹੈ ਕਿ ਇੱਥੋਂ ਦੇ ਲੋਕਾਂ ਦਾ ਰੋਜ਼ੀ-ਰੋਟੀ ਦਾ ਮੁੱਖ ਸਾਧਨ ਖੇਤੀ-ਕਿਸਾਨੀ ਅਤੇ ਪਸ਼ੂ ਪਾਲਣਾ ਹੀ ਹੈ। ਇਸ ਪਿੰਡ 'ਚ ਮਾਓਵਾਦੀਆਂ ਵੀ ਸਰਗਮ ਹਨ।