ਬੰਧਕ ਬਣਾ ਕੇ ਕਹਿੰਦੇ ਸਨ ਸਿਰ ਕੱਟ ਕੇ ਭਾਰਤ ਭੇਜ ਦੇਵਾਂਗੇ, ਦੇਸ਼ ਵਾਪਸ ਆਏ ਸਿੱਖ ਨੇ ਸੁਣਾਈ ਆਪਬੀਤੀ

07/27/2020 5:41:06 PM

ਨਵੀਂ ਦਿੱਲੀ- ਅਫ਼ਗਾਨਿਸਤਾਨ 'ਚ ਬੰਧਕ ਬਣਾਏ ਜਾਣ ਦੌਰਾਨ ਤਸੀਹਿਆਂ ਦੇ ਸ਼ਿਕਾਰ ਹੋਏ ਨਿਦਾਨ ਸਿੰਘ ਸਚਦੇਵਾ ਭਾਰਤ ਆਉਣ ਤੋਂ ਬਾਅਦ ਰਾਹਤ ਅਤੇ ਸੁਕੂਨ 'ਚ ਹਨ ਅਤੇ ਉੱਥੇ ਹੋਏ ਜ਼ੁਲਮਾਂ ਦੀ ਯਾਦਾਂ ਤੋਂ ਉਭਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ,''ਹੁਣ ਮੈਂ ਆਪਣੇ ਦੇਸ਼ ਵਾਪਸ ਆਇਆ ਹਾਂ ਅਤੇ ਇੱਥੇ ਸੁਰੱਖਿਅਤ ਹਾਂ।'' ਅਫਗਾਨਿਸਤਾਨ 'ਚ ਸਿੱਖ ਭਾਈਚਾਰੇ ਦੇ 55 ਸਾਲਾ ਨੇਤਾ ਸਚਦੇਵਾ ਨੂੰ ਉੱਥੇ ਘੱਟ ਗਿਣਤੀ ਭਾਈਚਾਰੇ- ਹਿੰਦੂ ਅਤੇ ਸਿੱਖਾਂ ਦੇ 10 ਮੈਂਬਰਾਂ ਨਾਲ ਪਕਤੀਆ ਸੂਬੇ ਤੋਂ ਅਗਵਾ ਕਰ ਦਿੱਤਾ ਗਿਆ ਸੀ ਅਤੇ ਬਾਅਦ 'ਚ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ। 

ਭਾਰਤ ਵਲੋਂ ਵੀਜ਼ਾ ਅਤੇ ਆਉਣ ਦੀ ਸਹੂਲਤ ਪ੍ਰਦਾਨ ਕਰਨ ਦੇ ਬਾਅਦ ਤੋਂ ਉਹ ਐਤਵਾਰ ਨੂੰ ਇੱਥੇ ਆਏ। ਅਫ਼ਗਾਨਿਸਤਾਨ 'ਚ 18 ਜੁਲਾਈ ਨੂੰ ਰਿਹਾਅ ਕੀਤੇ ਗਏ ਸਚਦੇਵਾ ਨੇ ਕਿਹਾ ਕਿ ਅਗਵਾ ਦੌਰਾਨ ਕਈ ਵਾਰ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਜਾਂਦੀ ਸੀ ਅਤੇ ਉਨ੍ਹਾਂ ਨੇ ਜਿਊਂਦੇ ਆਉਣ ਦੀ ਆਸ ਛੱਡ ਦਿੱਤੀ ਸੀ। ਉਨ੍ਹਾਂ ਨੇ ਕਿਹਾ,''ਮੇਰੇ ਨਾਲ ਕੁੱਟਮਾਰ ਕੀਤੀ ਗਈ ਅਤੇ ਧਮਕੀ ਦਿੱਤੀ ਜਾਂਦੀ ਸੀ। ਮੈਨੂੰ ਕਹਿੰਦੇ ਸਨ ਕਿ ਤੇਰਾ ਸਿਰ ਕੱਟ ਕੇ ਭਾਰਤ ਭੇਜ ਦੇਵਾਂਗਾ।'' ਸਚਦੇਵਾ ਨੇ ਕਿਹਾ ਕਿ ਬੰਧਕ ਬਣਾਏ ਜਾਣ ਦੌਰਾਨ ਤਸੀਹਿਆਂ ਨੂੰ ਯਾਦ ਕਰਦੇ ਹੋਏ ਉਹ ਹੁਣ ਵੀ ਕੰਬ ਜਾਂਦੇ ਹਨ। ਉਨ੍ਹਾਂ ਨੇ ਕਿਹਾ,''ਅਸੀਂ ਉੱਥੇ ਬਹੁਤ ਸਾਰੀ ਹਿੰਸਾ ਦਾ ਸਾਹਮਣਾ ਕੀਤਾ। ਹੁਣ ਵੀ ਡਰ ਮਹਿਸੂਸ ਕਰਦਾ ਹਾਂ।''

PunjabKesari

ਸਚਦੇਵਾ ਨੇ ਕਿਹਾ,''ਪਰ ਹੁਣ ਭਾਰਤ ਆ ਗਿਆ ਹਾਂ। ਹੁਣ ਸਾਰੇ ਦਰਦ ਅਤੇ ਬੰਧਕ ਬਣਾਏ ਰੱਖਣ ਦੌਰਾਨ ਦਿੱਤੇ ਗਏ ਸਾਰੇ ਤਸੀਹਿਆਂ ਨੂੰ ਭੁੱਲ ਜਾਣਾ ਚਾਹੁੰਦਾ ਹਾਂ।'' ਭਾਰਤ ਨੂੰ ਸਵਰਗ ਦੱਸਦੇ ਹੋਏ ਉਨ੍ਹਾਂ ਨੇ ਇੱਥੇ ਆਉਣ ਦੀ ਪ੍ਰਕਿਰਿਆ ਨੂੰ ਆਸਾਨ ਬਣਾਉਣ ਲਈ ਭਾਰਤ ਸਰਕਾਰ ਦਾ ਸ਼ੁੱਕਰੀਆਂ ਅਦਾ ਕੀਤਾ। ਉਨ੍ਹਾਂ ਨੇ ਕਿਹਾ,''ਉਸ ਦੇਸ਼ (ਅਫ਼ਗਾਨਿਸਤਾਨ) 'ਚ ਹੁਣ ਵੀ ਕਈ ਸਿੱਖ ਭਰਾ ਅਤੇ ਭੈਣਾਂ ਹਨ। ਮੈਂ ਸਰਕਾਰ ਤੋਂ ਉਨ੍ਹਾਂ ਨੂੰ ਵੀ ਲਿਆਉਣ ਦੀ ਅਪੀਲ ਕਰਦਾ ਹਾਂ।'' ਆਉਣ ਵਾਲਿਆਂ 'ਚ ਸ਼ਾਮਲ ਪਿਆਰਾ ਸਿੰਘ ਨੇ ਕਿਹਾ ਕਿ ਭਾਰਤ ਉਨ੍ਹਾਂ ਦਾ ਘਰ ਹੈ ਅਤੇ ਉੱਥੇ ਫਸੇ ਹੋਏ ਦੂਜੇ ਸਿੱਖ ਵੀ ਆਉਣਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ,''ਭਾਰਤ ਸਾਡਾ ਘਰ ਹੈ ਅਤੇ ਮੈਂ ਸਰਕਾਰ ਤੋਂ ਸਾਰੇ ਸਿੱਖਾਂ ਨੂੰ ਲਿਆਉਣ ਅਤੇ ਉਨ੍ਹਾਂ ਨੂੰ ਨਾਗਰਿਕਤਾ ਦੇਣ ਦੀ ਅਪੀਲ ਕਰਦਾ ਹਾਂ। ਉਹ ਸਾਰੇ ਭਾਰਤ ਆਉਣਾ ਚਾਹੁੰਦੇ ਹਨ। ਅਸੀਂ ਇੱਥੇ ਸੁਰੱਖਿਅਤ ਮਹਿਸੂਸ ਕਰਦੇ ਹਾਂ।'' 

ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਗ ਸ਼੍ਰੀਵਾਸਤਵ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਅਫ਼ਗਾਨਿਸਤਾਨ 'ਚ ਹਿੰਦੂ ਅਤੇ ਸਿੱਖ ਭਾਈਚਾਰੇ ਵਲੋਂ ਭਾਰਤ ਨੂੰ ਅਪੀਲ ਮਿਲੀ ਸੀ। ਉਨ੍ਹਾਂ ਨੇ ਪੱਤਰਕਾਰ ਸੰਮੇਲਨ 'ਚ ਕਿਹਾ ਸੀ,''ਉਹ ਭਾਰਤ ਆਉਣਾ ਚਾਹੁੰਦੇ ਹਨ। ਉਹ ਇੱਥੇ ਵਸਣਾ ਚਾਹੁੰਦੇ ਹਨ। ਕੋਵਿਡ-19 ਦੀ ਸਥਿਤੀ ਦੇ ਬਾਵਜੂਦ ਅਸੀਂ ਉਨ੍ਹਾਂ ਦੀ ਅਪੀਲ ਨੂੰ ਅੱਗੇ ਵਧਾਉਣ 'ਤੇ ਕੰਮ ਕਰ ਰਹੇ ਹਾਂ।'' ਸ਼੍ਰੀਵਾਸਤਵ ਨੇ ਕਿਹਾ ਸੀ ਕਿ ਕਾਬੁਲ 'ਚ ਭਾਰਤੀ ਦੂਤਘਰ ਉਨ੍ਹਾਂ ਨੂੰ ਇੱਥੇ ਆਉਣ ਲਈ ਵੀਜ਼ਾ ਪ੍ਰਦਾਨ ਕਰ ਰਿਹਾ ਹੈ ਅਤੇ ਇੱਥੇ ਪਹੁੰਚਣ 'ਤੇ ਉਨ੍ਹਾਂ ਦੀ ਅਪੀਲ 'ਤੇ ਵਿਚਾਰ ਕੀਤਾ ਜਾਵੇਗਾ ਅਤੇ ਮੌਜੂਦਾ ਨੀਤੀ ਦੇ ਅਧੀਨ ਕਦਮ ਚੁੱਕੇ ਜਾਣਗੇ।


DIsha

Content Editor

Related News