ਉੱਤਰ-ਪੂਰਬੀ ਸੂਬਿਆਂ ਲਈ ਐਡਵਾਂਸ ਟੈਕਸ ਅਦਾਇਗੀ ਦੀ ਆਖਰੀ ਤਰੀਕ 15 ਦਿਨ ਵਧਾਈ ਗਈ : CBDT

12/16/2019 5:47:06 PM

ਨਵੀਂ ਦਿੱਲੀ — ਕੇਂਦਰੀ ਪ੍ਰਤੱਖ ਟੈਕਸ ਬੋਰਡ(CBDT) ਨੇ ਸੋਮਵਾਰ ਨੂੰ ਪੂਰਬੀ ਖੇਤਰ ਦੇ ਸੂਬਿਆਂ ਦੇ ਟੈਕਸਦਾਤਿਆਂ ਲਈ ਐਡਵਾਂਸ ਟੈਕਸ ਦੀ ਤੀਜੀ ਕਿਸ਼ਤ ਭਰਨ ਦੀ ਆਖਰੀ ਤਾਰੀਖ ਵਧਾ ਕੇ 31 ਦਸੰਬਰ 2019 ਕਰ ਦਿੱਤੀ ਹੈ। ਨਾਗਰਿਕਤਾ ਕਾਨੂੰਨ ਵਿਚ ਸੋਧ ਕੀਤੇ ਜਾਣ ਦੇ ਖਿਲਾਫ ਹੋ ਰਹੇ ਵਿਰੋਧ ਪ੍ਰਦਰਸ਼ਨ ਕਾਰਨ ਇਨ੍ਹਾਂ ਸੂਬਿਆਂ 'ਚ ਇੰਟਰਨੈੱਟ ਸੇਵਾ 'ਚ ਰੁਕਾਵਟ ਆਈ ਹੈ। ਇਸ ਦੇ ਮੱਦੇਨਜ਼ਰ ਐਡਵਾਂਸ ਟੈਕਸ ਭਰਨ ਦੀ ਆਖਰੀ ਤਾਰੀਖ ਵਧਾ ਕੇ 31 ਦਸੰਬਰ 2019 ਕਰ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਐਡਵਾਂਸ ਟੈਕਸ ਭਰਨ ਦੀ ਆਖਰੀ ਤਾਰੀਖ 15 ਦਸੰਬਰ ਸੀ।

ਇਸ ਕਾਰਨ ਲਿਆ ਗਿਆ ਇਹ ਫੈਸਲਾ

ਸੋਮਵਾਰ ਨੂੰ ਜਾਰੀ ਸੂਚਨਾ ਵਿਚ ਕਿਹਾ ਗਿਆ ਹੈ ਕਿ , ' ਪੂਰਬ ਦੇ ਸੂਬਿਆਂ-ਆਸਾਮ, ਤ੍ਰਿਪੁਰਾ, ਅਰੁਣਾਚਲ ਪ੍ਰਦੇਸ਼, ਮੇਘਾਲਿਆ, ਨਾਗਾਲੈਂਡ, ਮਣੀਪੁਰ ਅਤੇ ਮਿਜ਼ੋਰਮ- 'ਚ ਵੱਡੇ ਪੱਧਰ 'ਤੇ ਇੰਟਰਨੈੱਟ ਸੇਵਾਵਾਂ 'ਚ ਵਿਘਣ ਕਾਰਨ ਕੇਂਦਰੀ ਪ੍ਰਤੱਖ ਟੈਕਸ ਬੋਰਡ ਨੇ ਆਮਦਨ ਟੈਕਸ ਕਾਨੂੰਨ ਦੀ ਧਾਰਾ 119 ਦੀ ਧਾਰਾ(ਏ), ਉਪ-ਭਾਗ(2) ਦੇ ਤਹਿਤ ਉਪਲੱਬਧ ਅਧਿਕਾਰਾਂ ਦਾ ਇਸਤੇਮਾਲ ਕਰਦੇ ਹੋਏ ਵਿੱਤੀ ਸਾਲ 2019-20 ਦੀ ਦਸੰਬਰ ਕਿਸ਼ਤ ਦੀ ਆਖਰੀ ਤਾਰੀਖ ਨੂੰ 15 ਦਸੰਬਰ ਤੋਂ ਅੱਗੇ ਵਧਾ ਕੇ 31 ਦਸੰਬਰ 2019 ਕਰ ਦਿੱਤਾ ਗਿਆ ਹੈ। ਵਧੀ ਹੋਈ ਇਹ ਤਾਰੀਖ ਇਨ੍ਹਾਂ ਸਾਰੇ ਸੂਬਿਆਂ ਵਿਚ ਸਥਿਤ ਕੰਪਨੀਆਂ ਅਤੇ ਕੰਪਨੀਆਂ ਤੋਂ ਇਲਾਵਾ ਹਰੇਕ ਤਰ੍ਹਾਂ ਦੇ ਟੈਕਸਦਾਤਿਆਂ ਲਈ ਵੈਧ ਹੋਵੇਗੀ।' ਆਮਦਨ ਟੈਕਸ ਕਾਨੂੰਨ ਦੀ ਧਾਰਾ 208 ਦੇ ਮੁਤਾਬਕ ਕੋਈ ਵੀ ਵਿਅਕਤੀ ਜਿਸਦੀ ਵਿੱਤੀ ਸਾਲ 'ਚ ਟੈਕਸ ਦੇਣਦਾਰੀ 10,000 ਰੁਪਏ ਜਾਂ ਇਸ ਤੋਂ ਜ਼ਿਆਦਾ ਹੈ ਉਸਨੂੰ ਆਪਣੇ ਟੈਕਸ ਦੀ ਐਡਵਾਂਸ ਟੈਕਸ ਦੇ ਰੂਪ ਵਿਚ ਅਦਾਇਗੀ ਕਰਨੀ ਹੋਵੇਗੀ। ਪ੍ਰਤੱਖ ਟੈਕਸ ਸ਼੍ਰੇਣੀ 'ਚ ਐਡਵਾਂਸ ਟੈਕਸ ਦਾ ਭੁਗਤਾਨ ਵਿੱਤੀ ਸਾਲ 'ਚ ਚਾਰ ਵਾਰ ਕੀਤਾ ਜਾਂਦਾ ਹੈ। ਐਡਵਾਂਸ ਟੈਕਸ ਦਾ ਭੁਗਤਾਨ 15 ਜੂਨ ਨੂੰ, 15 ਸਤੰਬਰ ਨੂੰ 15 ਦਸੰਬਰ ਨੂੰ ਅਤੇ ਆਖਰੀ ਕਿਸ਼ਤ 15 ਮਾਰਚ ਤੱਕ ਭਰਨੀ ਹੁੰਦੀ ਹੈ। ਆਸਾਮ ਦੀ ਰਾਜਧਾਨੀ ਗੁਵਾਹਾਟੀ 'ਚ ਸੋਮਵਾਰ ਨੂੰ ਕਰਫਿਊ 'ਚ ਸਵੇਰੇ 6 ਵਜੇ ਤੋਂ ਸ਼ਾਮ 9 ਵਜੇ ਤੱਕ ਕਰਫਿਊ 'ਚ ਢਿੱਲ ਦਿੱਤੀ ਗਈ। ਨਾਗਰਿਕਤਾ ਕਾਨੂੰਨ 'ਚ ਸੋਧ ਦੇ ਖਿਲਾਫ ਇਕ ਹਫਤੇ ਤੋਂ ਚਲੇ ਆ ਰਹੇ ਵਿਰੋਧ ਪ੍ਰਦਰਸ਼ਨ ਦੇ ਬਾਅਦ ਸੂਬੇ 'ਚ ਹੌਲੀ-ਹੌਲੀ ਹਾਲਾਤ ਆਮ ਹੋ ਰਹੇ ਹਨ। ਗੁਵਾਹਾਟੀ 'ਚ ਹਾਲਾਂਕਿ ਰਾਤ ਦਾ ਕਰਫਿਊ ਜਾਰੀ ਰਹੇਗਾ ਜਦੋਂਕਿ ਪੂਰਬੀ ਖੇਤਰ ਦੇ ਹੋਰ ਸੂਬਿਆਂ 'ਚ ਸਥਿਤੀ ਆਮ ਦੱਸੀ ਗਈ ਹੈ।


Related News