ਪ੍ਰਸ਼ਾਸਨਿਕ ਉਦਾਸੀਨਤਾ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ: ਮਹਿਬੂਬਾ
Monday, Nov 15, 2021 - 06:43 PM (IST)
ਜੰਮੂ- ਪੀਪੁਲਜ਼ ਡੈਮੋਕ੍ਰੇਟਿਕ ਪਾਰਟੀ (ਪੀ.ਡੀ.ਪੀ.) ਦੀ ਮੁਖੀ ਮਹਿਬੂਬਾ ਮੁਫਤੀ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਵਿਚ ਅਣਉਚਿਤ ਮੌਸਮ ਦੇ ਹਾਲਾਤ ਕਾਰਨ ਕਿਸਾਨਾਂ ਨੂੰ ਹੋਏ ਭਾਰੀ ਨੁਕਸਾਨ ਨੂੰ ਲੈ ਕੇ ਪ੍ਰਸ਼ਾਸਨ ਦੀ ਉਦਾਸੀਨਤਾ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਜੰਮੂ ਦੇ ਸਰਹੱਦੀ ਜ਼ਿਲ੍ਹਿਆਂ ਵਿਚ ਝੋਨਾ ਉਗਾਉਣ ਅਤੇ ਕਸ਼ਮੀਰ ਵਿਚ ਸੇਬ ਅਤੇ ਹੋਰ ਫਲਾਂ ਦੀ ਪੈਦਾਵਾਰ ਕਰਨ ਵਾਲੇ ਕਿਸਾਨ ਜੰਮੂ-ਕਸ਼ਮੀਰ ਦੀ ਅਰਥਵਿਵਸਥਾ ’ਚ ਵੱਡਾ ਯੋਗਦਾਨ ਪਾਉਂਦੇ ਹਨ। ਉਨ੍ਹਾਂ ਕਿਹਾ ਕਿ ਦੋਵਾਂ ਖੇਤਰਾਂ ’ਚ ਬਰਸਾਤ ਅਤੇ ਬਰਫ਼ਬਾਰੀ ਕਾਰਨ ਉਨ੍ਹਾਂ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ।
ਮਹਿਬੂਬਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਲੱਗਦਾ ਹੈ ਕਿ ਜ਼ਮੀਨੀ ਪੱਧਰ ’ਤੇ ਨੁਕਸਾਨ ਦਾ ਮੁੁਲਾਂਕਣ ਕਰਨ ਦੀ ਬਜਾਏ ਪ੍ਰਸ਼ਾਸਨ ਨੇ ਆਪਣੇ ਦਫਤਰਾਂ ਦੇ ਬੰਦ ਕਮਰਿਆਂ ਵਿਚ ਬੈਠ ਕੇ ਮੁਆਵਜ਼ਾ ਤੈਅ ਕਰ ਲਿਆ ਹੈ। ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ 23 ਅਤੇ 24 ਅਕਤੂਬਰ ਨੂੰ ਭਾਰੀ ਮੀਂਹ ਅਤੇ ਬਰਫ਼ਬਾਰੀ ਨੂੰ ਰਾਜ ਵਿਸ਼ੇਸ਼ ਕੁਦਰਤੀ ਆਫ਼ਤ ਘੋਸ਼ਿਤ ਕੀਤਾ ਸੀ।
ਕੇਂਦਰ ’ਚ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਦੀ ਆਲੋਚਨਾ ਕਰਦੇ ਹੋਏ ਮਹਿਬੂਬਾ ਨੇ ਕਿਹਾ ਕਿ ਦੇਸ਼ ’ਤੇ ਸੱਤਾਧਾਰੀ ਪਾਰਟੀ ਨੇ ਦੇਸ਼ ਭਰ ਦੇ ਕਿਸਾਨਾਂ ਦੇ ਖ਼ਿਲਾਫ ਵਿਰੋਧੀ ਰਵੱਈਆ ਅਪਣਾਇਆ ਹੈ ਅਤੇ ਅਜਿਹਾ ਲੱਗਦਾ ਹੈ ਕਿ ਜੰਮੂ-ਕਸ਼ਮੀਰ ਵੀ ਇਸ ਤੋਂ ਬਚਿਆ ਨਹੀਂ ਹੈ। ਪੀ. ਡੀ. ਪੀ. ਮੁਖੀ ਨੇ ਕਿਹਾ ਉਹ ਦਾਅਵਾ ਕਰਦੇ ਹਨ ਕਿ ਦੇਸ਼ ਦੀ 80 ਕਰੋੜ ਅਬਾਦੀ ਨੂੰ ਮੁਫਤ ਰਾਸ਼ਨ ਮੁਹੱਈਆ ਕਰਵਾਉਣਾ ਹੈ ਪਰ ਉਹ ਇਹ ਭੁੱਲ ਗਏ ਜਾਪਦੇ ਹਨ ਕਿ ਇਸ ਦੇਸ਼ ਦੇ ਕਿਸਾਨ ਹੀ ਅਨਾਜ ਉਗਾਉਂਦੇ ਹਨ, ਜੋ ਇਸ ਸਰਕਾਰ ਦੀਆਂਂਕਿਸਾਨ ਵਿਰੋਧੀ ਨੀਤੀਆਂਂਦਾ ਖਮਿਆਜ਼ਾ ਭੁਗਤ ਰਹੇ ਹਨ।