ਆਦਿਤਿਆ ਐੱਲ-1 ਪੁਲਾੜੀ ਜਹਾਜ਼ ਆਪਣੇ ਅੰਤਿਮ ਪੜਾਅ ਨੇੜੇ: ਸੋਮਨਾਥ
Sunday, Nov 26, 2023 - 11:05 AM (IST)
ਤਿਰੂਵਨੰਤਪੁਰਮ- ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਚੇਅਰਮੈਨ ਐੱਸ. ਸੋਮਨਾਥ ਨੇ ਕਿਹਾ ਕਿ ਸੂਰਜ ਦਾ ਅਧਿਐਨ ਕਰਨ ਨਾਲ ਜੁੜੇ ਭਾਰਤ ਦੇ ਪਹਿਲੇ ਪੁਲਾੜ ਮਿਸ਼ਨ ਦੇ ਤਹਿਤ ਲਾਂਚ ਕੀਤੇ ‘ਆਦਿਤਿਆ ਐੱਲ-1’ ਪੁਲਾੜੀ ਜਹਾਜ਼ ਆਪਣੇ ਅੰਤਿਮ ਪੜਾਅ ’ਤੇ ਹੈ ਅਤੇ ਐੱਲ1 ਪੁਆਇੰਟ ’ਤੇ ਦਾਖਲ ਹੋਣ ਦੀ ਪ੍ਰਕਿਰਿਆ 7 ਜਨਵਰੀ, 2024 ਤੱਕ ਪੂਰੀ ਹੋਣ ਦੀ ਉਮੀਦ ਹੈ।
ਇਸਰੋ ਦੇ ਮੁਖੀ ਨੇ ਪਹਿਲੇ ਸਾਊਂਡਿੰਗ ਰਾਕੇਟ ਲਾਂਚ ਦੇ 60ਵੇਂ ਸਾਲ ਦੀ ਯਾਦ ਵਿਚ ਵਿਕਰਮ ਸਾਰਾਬਾਈ ਪੁਲਾੜ ਕੇਂਦਰ ਵਿਚ ਆਯੋਜਿਤ ਇਕ ਸਮਾਗਮ ਮੌਕੇ ਕਿਹਾ ਕਿ ਆਦਿੱਤਿਆ ਰਸਤੇ ਵਿਚ ਹੈ। ਮੈਨੂੰ ਲੱਗਦਾ ਹੈ ਕਿ ਇਹ ਲਗਭਗ ਆਪਣੇ ਅੰਤਿਮ ਪੜਾਅ ’ਤੇ ਪਹੁੰਚ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲਾੜੀ ਜਹਾਜ਼ ਦੇ ਐੱਲ1 ਪੁਆਇੰਟ ’ਤੇ ਦਾਖਲ ਹੋਣ ਦੀਆਂ ਅੰਤਿਮ ਤਿਆਰੀਆਂ ਲਗਾਤਾਰ ਅੱਗੇ ਵਧ ਰਹੀਆਂ ਹਨ।
ਸੋਮਨਾਥ ਨੇ ਕਿਹਾ ਕਿ ਐੱਲ1 ਪੁਆਇੰਟ ’ਚ ਦਾਖਲ ਹੋਣ ਦੀ ਅੰਤਿਮ ਪ੍ਰਕਿਰਿਆ ਸੰਭਾਵਿਤ ਤੌਰ ’ਤੇ 7 ਜਨਵਰੀ, 2024 ਤੱਕ ਪੂਰੀ ਹੋ ਜਾਵੇਗੀ। ‘ਅਦਿੱਤਿਆ ਐੱਲ1’ ਦਾ 2 ਸਤੰਬਰ ਨੂੰ ਸ਼੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਸਪੇਸ ਸੈਂਟਰ (ਐੱਸ. ਡੀ. ਐੱਸ. ਸੀ.) ਤੋਂ ਸਫਲਤਾਪੂਰਵਕ ਲਾਂਚ ਕੀਤਾ ਗਿਆ ਸੀ। ਇਸਰੋ ਮੁਤਾਬਕ ‘ਆਦਿਤਿਆ ਐੱਲ1’ ਸੂਰਜ ਦਾ ਅਧਿਐਨ ਕਰਨ ਵਾਲੀ ਪਹਿਲੀ ਪੁਲਾੜ-ਆਧਾਰਿਤ ਆਬਜ਼ਰਵੇਟਰੀ ਹੈ। ਪੁਲਾੜੀ ਜਹਾਜ਼ 125 ਦਿਨ ਵਿਚ ਧਰਤੀ ਤੋਂ ਲਗਭਗ 15 ਲੱਖ ਕਿਲੋਮੀਟਰ ਦੀ ਯਾਤਰਾ ਕਰਨ ਤੋਂ ਬਾਅਦ ਲੈਗ੍ਰੇਂਜੀਅਨ ਪੁਆਇੰਟ ‘ਐੱਲ1’ ਦੇ ਨੇੜੇ-ਤੇੜੇ ਆਰਬਿਟ ਵਿਚ ਸਥਾਪਿਤ ਕੀਤਾ ਜਾਵੇਗਾ।