ਲੰਡਨ ਤੋਂ ਪਰਤੇ ਸੀਰਮ ਇੰਸਟੀਚਿਊਟ ਦੇ CEO ਅਦਾਰ ਪੂਨਾਵਾਲਾ
Tuesday, Jun 22, 2021 - 06:28 PM (IST)

ਨੈਸ਼ਨਲ ਡੈਸਕ— ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਅਦਾਰ ਪੂਨਾਵਾਲਾ ਲੰਡਨ ਤੋਂ ਭਾਰਤ ਵਾਪਸ ਪਰਤ ਆਏ ਹਨ। ਅੱਜ ਉਨ੍ਹਾਂ ਦਾ ਪ੍ਰਾਈਵੇਟ ਜੈੱਟ ਪੁਣੇ ਹਵਾਈ ਅੱਡੇ ’ਤੇ ਉਤਰਿਆ। ਦੱਸ ਦੇਈਏ ਕਿ ਲਗਾਤਾਰ ਮਿਲ ਰਹੀਆਂ ਧਮਕੀਆਂ ਦੇ ਚੱਲਦੇ ਪੂਨਾਵਾਲਾ ਭਾਰਤ ਛੱਡ ਕੇ ਲੰਡਨ ਚੱਲੇ ਗਏ ਸਨ।
ਲੰਡਨ ਜਾਣ ਤੋਂ ਬਾਅਦ ਅਦਾਰ ਦਾ ਇਕ ਬਿਆਨ ਆਇਆ ਸੀ, ਜਿਸ ’ਚ ਉਨ੍ਹਾਂ ਨੇ ਕਿਹਾ ਸੀ ਕਿ ਵੈਕਸੀਨ ਨੂੰ ਲੈ ਕੇ ਉਨ੍ਹਾਂ ’ਤੇ ਕਈ ਤਰ੍ਹਾਂ ਨਾਲ ਦਬਾਅ ਬਣਾਇਆ ਜਾ ਰਿਹਾ ਹੈ। ਅਦਾਰ ਦੇ ਇਸ ਬਿਆਨ ’ਤੇ ਕਾਫੀ ਹੰਗਾਮਾ ਹੋਇਆ ਸੀ। ਹਾਲਾਂਕਿ ਬਾਅਦ ਵਿਚ ਉਨ੍ਹਾਂ ਨੇ ਤਮਾਮ ਅਟਕਲਾਂ ਨੂੰ ਖਾਰਜ ਕਰ ਦਿੱਤਾ ਸੀ। ਅਦਾਰ ਪੂਨਾਵਾਲਾ ਨੇ ਕਿਹਾ ਸੀ ਕਿ ਉਹ ਬਿਜ਼ਨੈੱਸ ਦੇ ਸਿਲਸਿਲੇ ਵਿਚ ਲੰਡਨ ਆਏ ਹਨ। ਇੱਥੇ ਕਈ ਬੈਠਕਾਂ ਕਰਨ ਤੋਂ ਬਾਅਦ ਉਹ ਭਾਰਤ ਵਾਪਸ ਆ ਜਾਣਗੇ। ਦਰਅਸਲ ਸੀਰਮ ਇੰਸਟੀਚਿਊਟ ਲੰਡਨ ’ਚ ਵੀ ਆਪਣੇ ਬਿਜ਼ਨੈੱਸ ਨੂੰ ਵਧਾ ਰਿਹਾ ਹੈ।
ਦੱਸਣਯੋਗ ਹੈ ਕਿ ਸੀਰਮ ਇੰਸਟੀਚਿਊਟ ਸਿਰਫ ਦੇਸ਼ ਹੀ ਨਹੀਂ ਸਗੋਂ ਦੁਨੀਆ ਦੇ ਸਭ ਤੋਂ ਵੱਡੇ ਵੈਕਸੀਨ ਨਿਰਮਾਤਾਵਾਂ ’ਚ ਗਿਣਿਆ ਜਾਂਦਾ ਹੈ। ਕੋਵੀਸ਼ੀਲਡ ਵੈਕਸੀਨ ਦਾ ਨਿਰਮਾਣ, ਸੀਰਮ ਕਰ ਰਿਹਾ ਹੈ। ਹੁਣ ਤੱਕ ਸਭ ਤੋਂ ਜ਼ਿਆਦਾ ਇਸ ਵੈਕਸੀਨ ਦਾ ਇਸਤੇਮਾਲ ਹੋਇਆ ਹੈ।