ਰਾਸ਼ਟਰਪਤੀ ਦੀ ਚੋਣ ਲਈ ਸਰਗਰਮੀਆਂ ਸ਼ੁਰੂ
Sunday, May 15, 2022 - 10:30 AM (IST)

ਨਵੀਂ ਦਿੱਲੀ– ਰਾਸ਼ਟਰਪਤੀ ਦੀ ਚੋਣ ਲਈ ਵਿਰੋਧੀ ਧਿਰ ਵਲੋਂ ਉਮੀਦਵਾਰ ਖੜਾ ਕਰਨ ਦੇ ਇਰਾਦੇ ਨੂੰ ਧਿਆਨ ’ਚ ਰਖਦਿਆਂ ਭਾਜਪਾ ਐੱਨ. ਡੀ. ਏ. ਅਤੇ ਗ਼ੈਰ-ਐੱਨ. ਡੀ. ਏ. ਪਾਰਟੀਆਂ ਦਾ ਸਮਰਥਨ ਯਕੀਨੀ ਬਣਾਉਣ ਲਈ ਸਰਗਰਮ ਹੋ ਗਈ ਹੈ। ਓਡਿਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਸੰਕੇਤ ਦਿੱਤਾ ਹੈ ਕਿ ਉਹ ਉਮੀਦਵਾਰਾਂ ਨੂੰ ਦੇਖ ਕੇ ਹੀ ਸਮਰਥਨ ਦੇਣ ਬਾਰੇ ਫੈਸਲਾ ਲੈਣਗੇ। ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਜਗਨ ਮੋਹਨ ਰੈੱਡੀ ਪਹਿਲਾਂ ਹੀ ਐੱਨ. ਡੀ. ਏ. ਨਾਲ ਜਾਣ ਦਾ ਫੈਸਲਾ ਕਰ ਚੁੱਕੇ ਹਨ।
ਭਾਜਪਾ ਆਪਣੀ ਸਥਿਤੀ ਮਜ਼ਬੂਤ ਕਰਨ ਲਈ ਗੈਰ-ਐੱਨ. ਡੀ .ਏ. ਸਹਿਯੋਗੀਆਂ ਨਾਲ ਰੱਸਾਕਸ਼ੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਹਾਲ ਹੀ ਵਿੱਚ ਭਾਜਪਾ ਨੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀਆਂ ਠੇਸ ਪਹੁੰਚੀਆਂ ਭਾਵਨਾਵਾਂ ਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਪਟਨਾ ਪਹੁੰਚ ਕੇ ਨਿਤੀਸ਼ ਨਾਲ ਦੋ ਘੰਟੇ ਤੱਕ ਗੱਲਬਾਤ ਕੀਤੀ। ਪਿਛਲੇ ਹਫ਼ਤੇ ਉਨ੍ਹਾਂ ਦਰਮਿਆਨ ਕੀ ਹੋਇਆ ਸੀ, ਇਸ ’ਤੇ ਦੋਵਾਂ ਨੇਤਾਵਾਂ ਵੱਲੋਂ ਕੋਈ ਟਿੱਪਣੀ ਨਹੀਂ ਕੀਤੀ ਗਈ ਪਰ ਸੂਤਰਾਂ ਦਾ ਕਹਿਣਾ ਹੈ ਕਿ ਪ੍ਰਧਾਨ ਨੂੰ ਭੇਜਣਾ ਰਾਸ਼ਟਰਪਤੀ ਚੋਣ ਲਈ ਕੁਝ ਮੁੱਖ ਮੰਤਰੀਆਂ ਦਾ ਸਮਰਥਨ ਹਾਸਲ ਕਰਨ ਦੀ ਕਵਾਇਦ ਦਾ ਹਿੱਸਾ ਸੀ।
ਭਾਜਪਾ ਕੋਲ 48 ਫੀਸਦੀ ਵੋਟਾਂ ਹਨ ਅਤੇ ਉਹ ਖੇਤਰੀ ਪਾਰਟੀਆਂ ਦੇ ਸਮਰਥਨ ਨਾਲ ਤੈਅ ਟੀਚੇ ਨੂੰ ਆਸਾਨੀ ਨਾਲ ਹਾਸਲ ਕਰ ਸਕਦੀ ਹੈ। ਪਾਰਲੀਮੈਂਟ ਅਤੇ ਅਸੈਂਬਲੀਆਂ ਵਿੱਚ ਉਸ ਕੋਲ ਬਹੁਤ ਵੋਟਾਂ ਹਨ ਪਰ ਉਹ ਵੱਧ ਤੋਂ ਵੱਧ ਐੱਨ. ਡੀ. ਏ. ਪਾਰਟੀਆਂ ਦਾ ਸਮਰਥਨ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਰਾਸ਼ਟਰਪਤੀ ਦੀ ਚੋਣ ਲਈ ਸੀ. ਪੀ. ਐੱਮ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਗੁਪਤ ਢੰਗ ਨਾਲ ਵਿਰੋਧੀ ਪਾਰਟੀਆਂ ਨੂੰ ਇਕਜੁੱਟ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿਉਂਕਿ ਕਾਂਗਰਸ ਨੇ ਅਜੇ ਤੱਕ ਕੋਈ ਪਹਿਲਕਦਮੀ ਨਹੀਂ ਕੀਤੀ ਹੈ।
ਇਸ ਸਬੰਧੀ ਤੇਲੰਗਾਨਾ ਦੇ ਸੀ. ਐੱਮ. ਕੇ. ਸੀ. ਆਰ. ਦੀਆਂ ਕੋਸ਼ਿਸ਼ਾਂ ਅਸਫ਼ਲ ਰਹੀਆਂ ਹਨ ਪਰ ਯੇਚੁਰੀ ਦਾ ਮੰਨਣਾ ਹੈ ਕਿ ਵਿਰੋਧੀ ਪਾਰਟੀਆਂ ਭਾਜਪਾ ਨੂੰ ਟੱਕਰ ਦੇਣ ਲਈ ਸਾਂਝਾ ਉਮੀਦਵਾਰ ਖੜ੍ਹਾ ਕਰ ਸਕਦੀਆਂ ਹਨ ਕਿਉਂਕਿ ਭਾਜਪਾ ਕੋਲ ਆਪਣੇ ਦਮ ’ਤੇ ਸਪੱਸ਼ਟ ਬਹੁਮਤ ਨਹੀਂ ਹੈ। ਟੀ. ਐੱਮ. ਸੀ. ਦੀ ਮਮਤਾ ਬੈਨਰਜੀ ਨੇ ਅਜੇ ਤੱਕ ਆਪਣੇ ਪੱਤੇ ਨਹੀਂ ਖੋਲ੍ਹੇ ਹਨ ਪਰ ਇਸ ਸਬੰਧੀ ਉਹ ਸੀ. ਪੀ. ਐਮ. ਨਾਲ ਗੱਲ ਨਹੀਂ ਕਰੇਗੀ।