ਦਿੱਲੀ ਗੁੜੀਆ ਗੈਂਗਰੇਪ: 7 ਸਾਲ ਬਾਅਦ ਆਇਆ ਫੈਸਲਾ, 2 ਦਰਿੰਦੇ ਦੋਸ਼ੀ ਕਰਾਰ, ਸਜ਼ਾ 30 ਨੂੰ

01/19/2020 11:54:38 AM

ਨਵੀਂ ਦਿੱਲੀ—ਦਿੱਲੀ ਦੇ ਬਹੁ-ਚਰਚਿਤ ਗੁੜੀਆ ਸਮੂਹਿਕ ਜਬਰ-ਜ਼ਨਾਹ ਮਾਮਲੇ ’ਚ ਅਦਾਲਤ ਨੇ ਮੁਲਜ਼ਮ ਪ੍ਰਦੀਪ ਕੁਮਾਰ ਅਤੇ ਮਨੋਜ ਸ਼ਾਹ ਨੂੰ ਦੋਸ਼ੀ ਕਰਾਰ ਦਿੱਤਾ ਹੈ। ਦੋਵਾਂ ਨੂੰ ਅਜੇ ਸਜ਼ਾ ਨਹੀਂ ਸੁਣਾਈ ਗਈ। ਫੈਸਲਾ ਰਾਖਵਾਂ ਰੱਖਦਿਆਂ ਅਦਾਲਤ ਨੇ 30 ਜਨਵਰੀ ਨੂੰ ਸਜ਼ਾ ਸੁਣਾਉਣ ਦੀ ਗੱਲ ਕਹੀ ਹੈ। ਦਿੱਲੀ ਦੇ ਗਾਂਧੀਨਗਰ ਇਲਾਕੇ ’ਚ 5 ਸਾਲ ਦੀ ਬੱਚੀ ਗੁੜੀਆ ਨੂੰ ਅਗਵਾ ਕਰ ਕੇ ਉਸ ਨਾਲ ਸਮੂਹਿਕ ਜਬਰ-ਜ਼ਨਾਹ ਕੀਤਾ ਗਿਆ ਸੀ।

ਕੜਕੜਡੂਮਾ ਅਦਾਲਤ ’ਚ ਦੋਸ਼ੀ ਕਰਾਰ ਦਿੱਤੇ ਗਏ ਮਨੋਜ ਤੇ ਪ੍ਰਦੀਪ ਘਟਨਾ ਨੂੰ ਅੰਜਾਮ ਦੇਣ ਪਿੱਛੋਂ ਫਰਾਰ ਹੋ ਗਏ ਸਨ। ਉਨ੍ਹਾਂ ਨੂੰ ਬਿਹਾਰ ਤੇ ਯੂ.ਪੀ. ਤੋਂ ਪੁਲਸ ਨੇ ਕਾਬੂ ਕੀਤਾ ਸੀ। ਮਾਮਲੇ ਦੀ ਸੁਣਵਾਈ 6 ਸਾਲ ਤੋਂ ਵੱਧ ਸਮੇਂ ਤੱਕ ਚੱਲੀ ਸੀ ਕਿਉਂਕਿ ਇਕ ਮੁਲਜ਼ਮ ਪ੍ਰਦੀਪ ਨੇ ਖੁਦ ਨੂੰ ਨਾਬਾਲਗ ਦੱਸਦਿਆਂ ਮਾਮਲਾ ਲਟਕਾਉਣ ਦੀ ਕੋਸ਼ਿਸ਼ ਕੀਤੀ ਸੀ। ਜਾਂਚ ਦੌਰਾਨ ਉਹ ਘਟਨਾ ਸਮੇਂ ਬਾਲਗ ਪਾਇਆ ਗਿਆ ਸੀ।

ਅਦਾਲਤ ਦੇ ਬਾਹਰ ਦੋਸ਼ੀ ਨੇ ਮੀਡੀਆ ’ਤੇ ਕੀਤਾ ਹਮਲਾ-
ਪੋਕਸੋ ਦੀ ਇਕ ਅਦਾਲਤ ਵੱਲੋਂ ਦੋਸ਼ੀ ਠਹਿਰਾਏ ਗਏ ਮਨੋਜ ਨੂੰ ਜਦੋਂ ਅਦਾਲਤ ਦੇ ਚੈਂਬਰ ’ਚੋਂ ਬਾਹਰ ਲਿਜਾਇਆ ਜਾ ਰਿਹਾ ਸੀ ਤਾਂ ਉਸ ਨੇ ਇਕ ਮਹਿਲਾ ਪੱਤਰਕਾਰ ਸਮੇਤ ਕੁਝ ਸੀਨੀਅਰ ਪੱਤਰਕਾਰਾਂ ਦੇ ਚਿਹਰੇ ’ਤੇ ਕਥਿਤ ਤੌਰ ’ਤੇ ਹਮਲਾ ਕੀਤਾ। ਮਾਮਲੇ ਨੂੰ ਐਡੀਸ਼ਨਲ ਸੈਸ਼ਨ ਜੱਜ ਨਰੇਸ਼ ਕੁਮਾਰ ਮਲਹੋਤਰਾ ਦੇ ਧਿਆਨ ’ਚ ਲਿਆਂਦਾ ਗਿਆ। ਉਨ੍ਹਾਂ ਮਹਿਲਾ ਪੱਤਰਕਾਰ ਨੂੰ ਕਿਹਾ ਕਿ ਇਸ ਸਬੰਧੀ ਐੱਸ.ਐੱਚ.ਓ. ਨੂੰ ਲਿਖਤੀ ਸ਼ਿਕਾਇਤ ਦਿੱਤੀ ਜਾਏ। ਇਸ ਪਿੱਛੋਂ ਮਾਣਯੋਗ ਜੱਜ ਨੇ ਉਨ੍ਹਾਂ ਨੂੰ ਡਾਕਟਰੀ ਪ੍ਰੀਖਣ ਲਈ ਭੇਜ ਦਿੱਤਾ।

ਪਿਤਾ ਨੇ ਕਿਹਾ– ਨਿਆਂ ਮਿਲਣ ’ਤੇ ਤਸੱਲੀ
ਪੀੜਤਾ ਦੇ ਪਿਤਾ ਨੇ ਆਖਿਰ ਨਿਆਂ ਮਿਲਣ ’ਤੇ ਤਸੱਲੀ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਟਰਾਇਲ ਨੂੰ 2 ਸਾਲ 'ਚ ਹੀ ਮੁਕੰਮਲ ਹੋ ਜਾਣਾ ਚਾਹੀਦਾ ਸੀ, ਫਿਰ ਵੀ ਅਸੀਂ ਖੁਸ਼ ਹਾਂ ਕਿ 7 ਸਾਲ ਬਾਅਦ ਸਾਨੂੰ ਇਨਸਾਫ ਮਿਲ ਗਿਆ ਹੈ।

ਕੇਜਰੀਵਾਲ ਨੇ ਕਿਹਾ– 6 ਮਹੀਨਿਆਂ ’ਚ ਹੋਵੇ ਸਜ਼ਾ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਜਬਰ-ਜ਼ਨਾਹ ਦੇ ਮਾਮਲਿਆਂ ’ਚ 6 ਮਹੀਨਿਆਂ ਅੰਦਰ ਸਜ਼ਾ ਦੀ ਵਿਵਸਥਾ ਹੋਣੀ ਚਾਹੀਦੀ ਹੈ। ਉਨ੍ਹਾਂ ਟਵੀਟ ਕਰ ਕੇ ਕਿਹਾ ਕਿ ਗੁੜੀਆ ਜਬਰ-ਜ਼ਨਾਹ ਮਾਮਲੇ ’ਚ ਦੋਵਾਂ ਮੁਲਜ਼ਮਾਂ ਨੂੰ ਦੋਸ਼ੀ ਸਾਬਿਤ ਕਰਨ 'ਚ 7 ਸਾਲ ਲੱਗ ਗਏ। ਸਾਨੂੰ ਸਭ ਨੂੰ ਮਿਲ ਕੇ ਇਸ ਵਿਵਸਥਾ ਨੂੰ ਜਲਦੀ ਠੀਕ ਕਰਨਾ ਹੋਵੇਗਾ।


Iqbalkaur

Content Editor

Related News