ਵਰਿੰਦਾਵਨ ''ਚ ਸਾਧੂ ਬਣ ਕੇ ਰਹਿ ਰਿਹਾ ਸੀ 300 ਕਰੋੜ ਦੇ ਘਪਲੇ ਦਾ ਦੋਸ਼ੀ, ਇੰਝ ਲੱਗਾ ਪੁਲਸ ਦੇ ਹੱਥ

Friday, Sep 27, 2024 - 02:12 PM (IST)

ਮਥੁਰਾ (ਭਾਸ਼ਾ)- ਮਹਾਰਾਸ਼ਟਰ ਪੁਲਸ ਦੀ ਇਕ ਟੀਮ ਨੇ ਮਥੁਰਾ ਜ਼ਿਲ੍ਹੇ ਦੇ ਕ੍ਰਿਸ਼ਨ ਬਲਰਾਮ ਮੰਦਰ ਨੇੜੇ ਵਰਿੰਦਾਵਨ ਪੁਲਸ ਦੀ ਮਦਦ ਨਾਲ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ 'ਤੇ ਉੱਥੇ (ਮਹਾਰਾਸ਼ਟਰ 'ਚ) ਕਰੀਬ 300 ਕਰੋੜ ਰੁਪਏ ਦੇ ਘਪਲੇ ਦਾ ਦੋਸ਼ ਹੈ। ਸਥਾਨਕ ਪੁਲਸ ਨੇ ਇਹ ਜਾਣਕਾਰੀ ਦਿੱਤੀ। ਉਸ ਨੇ ਦੱਸਿਆ ਕਿ ਇਸ ਵਿਅਕਤੀ ਦੀ ਪਛਾਣ ਮਹਾਰਾਸ਼ਟਰ ਦੇ ਬੀਡ ਜ਼ਿਲ੍ਹੇ ਵਾਸੀ ਬਬਨ ਵਿਸ਼ਵਨਾਥ ਸ਼ਿੰਦੇ ਵਜੋਂ ਹੋਈ ਹੈ। ਕ੍ਰਿਸ਼ਨ ਬਲਰਾਮ ਮੰਦਰ ਨੂੰ 'ਅੰਗਰੇਜ਼ਾਂ ਦੇ ਮੰਦਰ' ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਪੁਲਸ ਸੁਪਰਡੈਂਟ ਡਾ. ਅਰਵਿੰਦ ਕੁਮਾਰ ਨੇ ਦੱਸਿਆ ਕਿ ਮਹਾਰਾਸ਼ਟਰ ਦੇ ਬੀਡ ਜ਼ਿਲ੍ਹੇ ਦੇ ਸਬ ਇੰਸਪੈਕਟਰ ਐੱਸ.ਐੱਸ. ਮੋਰਕੁਟੇ ਅਤੇ ਸਹਾਇਕ ਸਬ ਇੰਸਪੈਕਟਰ ਤੁਲਸੀਰਾਮ ਬਬਨ ਸ਼ਿੰਦੇ (63) ਦੀ ਗ੍ਰਿਫ਼ਤਾਰੀ ਲਈ ਆਏ ਸਨ ਅਤੇ ਕਾਫ਼ੀ ਖੋਜ ਤੋਂ ਬਾਅਦ ਉਹ ਅੰਗਰੇਜ਼ਾਂ ਦੇ ਮੰਦਰ ਨੇੜੇ ਸਾਧੂ ਦੇ ਰੂਪ 'ਚ ਘੁੰਮਦਾ ਮਿਲਿਆ।

ਕੁਮਾਰ ਨੇ ਦੱਸਿਆ ਕਿ ਜਾਂਚ 'ਚ ਜਾਣਕਾਰੀ ਮਿਲੀ ਕਿ ਸ਼ਿੰਦੇ ਇੱਥੇ ਕਰੀਬ ਇਕ ਸਾਲ ਤੋਂ ਸਾਧੂ ਦੇ ਰੂਪ 'ਚ ਰਹਿ ਰਿਹਾ ਸੀ, ਜਦੋਂ ਕਿ ਮਹਾਰਾਸ਼ਟਰ ਪੁਲਸ ਦੀ ਟੀਮ ਉਸ ਨੂੰ ਇੱਥੇ ਮੰਦਰਾਂ, ਆਸ਼ਰਮਾਂ, ਹੋਟਲ, ਗੈਸਟ ਹਾਊਸ ਆਦਿ 'ਚ ਭਾਲ ਰਹੀ ਸੀ। ਪੁਲਸ ਸੁਪਰਡੈਂਟ ਅਨੁਸਾਰ ਸ਼ਿੰਦੇ ਭੇਸ ਬਦਲ ਕੇ ਰਹਿ ਰਿਹਾ ਸੀ। ਪੁਲਸ ਸੁਪਰਡੈਂਟ ਅਨੁਸਾਰ ਮਹਾਰਾਸ਼ਟਰ ਪੁਲਸ ਨੇ ਨਿਯਮ ਅਨੁਸਾਰ ਉਸ ਨੂੰ ਵੀਰਵਾਰ ਨੂੰ ਅਦਾਲਤ 'ਚ ਪੇਸ਼ ਕਰ ਕੇ ਉਸ ਦਾ 'ਟਰਾਂਜਿਟ ਰਿਮਾਂਡ' ਹਾਸਲ ਕੀਤਾ ਅਤੇ ਫਿਰ ਉਸ ਨੂੰ ਵਾਪਸ ਮਹਾਰਾਸ਼ਟਰ ਲੈ ਗਈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਸ਼ਿੰਦੇ 'ਤੇ ਦੋਸ਼ ਹੈ ਕਿ ਉਸ ਨੇ ਮਹਾਰਾਸ਼ਟਰ ਦੇ ਬੀਡ ਜ਼ਿਲ੍ਹੇ ਦੀ 'ਜਿਜਾਊ ਮਾਂ ਸਾਹੇਬ ਮਲਟੀ ਸਟੇਟ ਬੈਂਕ' 'ਚ ਜਮ੍ਹਾਕਰਤਾਵਾਂ ਦੇ 300 ਕਰੋੜ ਰੁਪਏ ਦਾ ਘਪਲਾ ਕੀਤਾ ਅਤੇ ਉੱਥੋਂ ਫਰਾਰ ਹੋ ਗਿਆ। ਉਸ ਤੋਂ ਬਾਅਦ ਉਹ ਸਾਲ ਭਰ ਤੋਂ ਵਰਿੰਦਾਵਨ ਆ ਕੇ ਸਾਧੂ ਦੇ ਰੂਪ 'ਚ ਰਹਿ ਰਿਹਾ ਸੀ। ਉਨ੍ਹਾਂ ਦੱਸਿਆ ਕਿ ਸ਼ਿੰਦੇ ਦੇ ਵਿਰੁੱਧ ਬੀਡ ਤੋਂ ਇਲਾਵਾ ਮਹਾਰਾਸ਼ਟਰ ਦੇ ਧਾਰਾਸ਼ਿਵ ਜ਼ਿਲ੍ਹੇ 'ਚ ਵੀ ਘਪਲੇ ਦੇ ਕਈ ਮਾਮਲੇ ਦਰਜ ਹਨ, ਜਿਨ੍ਹਾਂ 'ਚ ਉਹ ਲੋੜੀਂਦਾ ਚੱਲ ਰਿਹਾ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News