ਅਬੂ ਸਲੇਮ ਨੇ ਦੂਜੇ ਵਿਆਹ ਲਈ ਮੰਗੀ ਪੈਰੋਲ, ਪੁਲਸ ਨੇ ਨਹੀਂ ਦਿੱਤੀ ਮਨਜ਼ੂਰੀ
Saturday, Apr 21, 2018 - 11:09 AM (IST)

ਮੁੰਬਈ— 12 ਮਾਰਚ 1993 ਨੂੰ ਮੁੰਬਈ 'ਚ ਹੋਏ ਸਿਲਸਿਲੇਵਾਰ ਬੰਬ ਧਮਾਕਿਆਂ ਦੇ ਕੇਸ 'ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਅੰਡਰਵਰਲਡ ਡਾਨ ਅਬੂ ਸਲੇਮ ਨੇ ਵਿਆਹ ਲਈ ਪਟੀਸ਼ਨ ਦਾਇਰ ਕਰ ਕੇ ਪੈਰੋਲ (ਅਸਥਾਈ ਜ਼ਮਾਨਤ) ਦੀ ਮੰਗ ਕੀਤੀ ਹੈ ਪਰ ਪੁਲਸ ਕਮਿਸ਼ਨ ਨੇ ਸਲੇਮ ਦੀ ਪੈਰੋਲ ਨੂੰ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ। 16 ਫਰਵਰੀ ਨੂੰ ਸਲੇਮ ਨੇ ਮੁੰਬਈ ਦੀ ਤਲੋਜਾ ਜੇਲ ਦੇ ਅਧਿਕਾਰੀਆਂ ਨੂੰ ਅਰਜ਼ੀ ਦਿੱਤੀ, ਜਿਸ 'ਚ 45 ਦਿਨਾਂ ਦੀ ਬੇਲ ਦੀ ਮੰਗ ਕੀਤੀ ਗਈ। ਸਲੇਮ ਵੱਲੋਂ ਲਿਖਿਆ ਗਿਆ ਕਿ ਉਹ ਮੁੰਬਈ 'ਚ ਸਪੈਸ਼ਲ ਮੈਰਿਜ ਐਕਟ ਦੇ ਅਧੀਨ ਸਈਅਦ ਬਹਾਰ ਕੌਸਰ ਉਰਫ ਹਿਨਾ ਨਾਲ ਵਿਆਹ ਕਰਨਾ ਚਾਹੁੰਦਾ ਹੈ। ਸਲੇਮ ਨੇ ਆਪਣੀ ਅਰਜ਼ੀ 'ਚ ਕਿਹਾ ਕਿ ਉਹ 12 ਸਾਲ, 3 ਮਹੀਨੇ ਅਤੇ 14 ਦਿਨਾਂ ਤੋਂ ਜੇਲ 'ਚ ਹੈ। ਇਸ ਦੌਰਾਨ ਉਸ ਨੇ ਇਕ ਵੀ ਦਿਨ ਦੀ ਛੁੱਟੀ ਨਹੀਂ ਲਈ ਹੈ। ਸਲੇਮ ਦੇ ਪੁਰਾਣੇ ਵਤੀਰੇ ਨੂੰ ਦੇਖਦੇ ਹੋਏ ਇਹ ਅਰਜ਼ੀ 27 ਮਾਰਚ ਨੂੰ ਕੋਕਨ ਵਿਭਾਗ ਦੇ ਕਮਿਸ਼ਨਰ ਨੂੰ ਸੌਂਪੀ ਗਈ। ਅਰਜ਼ੀ ਅਤੇ ਰਿਪੋਰਟ ਦੀ ਪੁਸ਼ਟੀ ਤੋਂ ਬਾਅਦ ਉਨ੍ਹਾਂ ਨੇ 5 ਅਪ੍ਰੈਲ ਨੂੰ ਇਸੇ ਠਾਣੇ ਪੁਲਸ ਕਮਿਸ਼ਨਰ ਕੋਲ ਭੇਜਿਆ। ਜਿਸ ਤੋਂ ਬਾਅਦ ਅਰਜ਼ੀ ਅੱਗੇ ਦੀ ਜਾਂਚ ਲਈ ਮੁੰਬਈ ਦੇ ਮੁੰਬਰਾ ਪੁਲਸ ਸਟੇਸ਼ਨ ਭੇਜੀ ਗਈ।
Navi Mumbai Commissioner has rejected parole application of 1993 Mumbai blasts case convict Abu Salem; he had sought the parole for getting married pic.twitter.com/9L4a1ijHU7
— ANI (@ANI) April 21, 2018
ਠਾਣੇ ਪੁਲਸ ਕਮਿਸ਼ਨਰ ਪਰੰਭੀਰ ਸਿੰਘ ਅਨੁਸਾਰ ਉਨ੍ਹਾਂ ਨੂੰ ਸਲੇਮ ਵੱਲੋਂ ਅਰਜ਼ੀ ਮਿਲੀ ਹੈ, ਜਿਸ 'ਚ ਉਸ ਨੇ 5 ਮਈ ਨੂੰ ਵਿਆਹ ਕਰਨ ਲਈ 45 ਦਿਨ ਦੀ ਪੈਰੋਲ ਦੀ ਮੰਗ ਕੀਤੀ ਹੈ। ਪੁਲਸ ਹੁਣ ਹਿਨਾ ਦੇ ਬਿਆਨ ਰਿਕਾਰਡ ਕਰ ਰਹੀ ਹੈ। ਅਰਜ਼ੀ 'ਚ ਸਲੇਮ ਨੇ ਲਿਖਿਆ ਹੈ ਕਿ ਉਹ ਪੈਰੋਲ ਦੀ ਮਿਆਦ ਦੌਰਾਨ ਹਿਨਾ ਦੇ ਘਰ ਹੀ ਰੁਕੇਗਾ। ਇਸ ਤੋਂ ਇਲਾਵਾ ਸਲੇਮ ਦੇ 2 ਗਾਰੰਟਰਜ਼ ਵੀ ਹਨ, ਜਿਨ੍ਹਾਂ ਦੇ ਨਾਂ ਮੁਹੰਮਦ ਸਲੇਮ ਅਬੁਲ ਰਜਕ ਮੇਮਨ ਅਤੇ ਮੁਹੰਮਦ ਰਾਫਿਕ ਸਈਅਦ ਹਨ, ਜੋ ਖੁਦ ਨੂੰ ਸਲੇਮ ਦੇ ਕਜਿਨ ਦੱਸ ਰਹੇ ਹਨ। ਇਸ ਤੋਂ ਇਲਾਵਾ ਹਿਨਾ, ਉਸ ਦੀ ਮਾਂ ਅਤੇ ਰਾਫਿਕ ਸਈਅਦ ਨੇ ਮੁੰਬਰਾ ਪੁਲਸ ਸਟੇਸ਼ਨ 'ਚ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਆਪਣੇ ਬਿਆਨ ਰਿਕਾਰਡ ਕਰਵਾਏ ਹਨ।
ਜ਼ਿਕਰਯੋਗ ਹੈ ਕਿ ਸਲੇਮ ਦਾ ਪਹਿਲਾ ਵਿਆਹ 1991 'ਚ ਮੁੰਬਈ ਦੀ ਰਹਿਣ ਵਾਲੀ 17 ਸਾਲਾ ਸਮਾਇਰਾ ਜੁਮਾਨੀ ਨਾਲ ਹੋਇਆ ਸੀ। ਜਿਸ ਤੋਂ ਉਨ੍ਹਾਂ ਦੇ 2 ਬੱਚੇ ਹਨ ਅਤੇ ਹੁਣ ਉਹ ਅਮਰੀਕਾ 'ਚ ਰਹਿ ਰਹੀ ਹੈ। ਇਸ ਤੋਂ ਬਾਅਦ ਉਹ ਅਭਿਨੇਤਰੀ ਮੋਨਿਕਾ ਬੇਦੀ ਨਾਲ ਰਿਸ਼ਤੇ ਨੂੰ ਲੈ ਕੇ ਸੁਰਖੀਆਂ 'ਚ ਆ ਚੁਕੇ ਹਨ। ਉਮਰ ਕੈਦ ਦੀ ਸਜ਼ਾ ਕੱਟ ਰਹੇ ਸਲੇਮ ਮੁੰਬਈ ਬੰਬ ਧਮਾਕੇ ਦੇ ਦੋਸ਼ੀ ਹਨ, ਜਿਸ 'ਚ 257 ਲੋਕ ਮਾਰੇ ਗਏ ਸਨ, ਜਦੋਂ ਕਿ 713 ਲੋਕ ਜ਼ਖਮੀ ਹੋਏ ਸਨ।