ਸ਼ਰਾਬ ਘਪਲੇ 'ਚ ਪੁੱਛ-ਗਿੱਛ ਮਗਰੋਂ ED ਦੀ ਵੱਡੀ ਕਾਰਵਾਈ, ਸੰਜੇ ਸਿੰਘ ਗ੍ਰਿਫ਼ਤਾਰ

Wednesday, Oct 04, 2023 - 06:06 PM (IST)

ਨਵੀਂ ਦਿੱਲੀ- ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਸੰਜੇ ਸਿੰਘ ਨੂੰ ਦਿੱਲੀ ਦੀ ਸ਼ਰਾਬ ਨੀਤੀ ਘਪਲੇ ਮਾਮਲੇ 'ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਗ੍ਰਿਫ਼ਤਾਰ ਕਰ ਲਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਬੁੱਧਵਾਰ ਨੂੰ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਨੂੰ ਦਿੱਲੀ ਦੀ ਹੁਣ ਵਾਪਸ ਲਈ ਗਈ ਨਵੀਂ ਆਬਕਾਰੀ ਨੀਤੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਦੇ ਸਬੰਧ ਵਿਚ ਗ੍ਰਿਫ਼ਤਾਰ ਕੀਤਾ ਹੈ।
ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੋਂ ਬਾਅਦ ਇਸ ਮਾਮਲੇ 'ਚ ਇਹ ਦੂਜੀ ਹਾਈ-ਪ੍ਰੋਫਾਈਲ ਗ੍ਰਿਫਤਾਰੀ ਹੈ। ਇਹ ਗ੍ਰਿਫਤਾਰੀ ਇਸ ਮਾਮਲੇ ਦੇ ਸਿਲਸਿਲੇ 'ਚ 'ਆਪ' ਦੇ ਰਾਜ ਸਭਾ ਸੰਸਦ ਮੈਂਬਰ ਦੇ ਘਰ 'ਤੇ ਈਡੀ ਵੱਲੋਂ ਛਾਪੇਮਾਰੀ ਕਰਨ ਤੋਂ ਕੁਝ ਘੰਟੇ ਬਾਅਦ ਹੋਈ ਹੈ।

ਇਹ ਵੀ ਪੜ੍ਹੋ-  'ਆਪ' ਸੰਸਦ ਮੈਂਬਰ ਸੰਜੇ ਸਿੰਘ ਦੇ ਘਰ ED ਨੇ ਕੀਤੀ ਛਾਪੇਮਾਰੀ

ਦੱਸ ਦੇਈਏ ਕਿ ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਸੰਜੇ ਸਿੰਘ ਦੇ ਘਰ ਅੱਜ ਯਾਨੀ ਬੁੱਧਵਾਰ ਸਵੇਰੇ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਛਾਪੇਮਾਰੀ ਕੀਤੀ। ਈ.ਡੀ. ਨੇ ਇਹ ਛਾਪੇਮਾਰੀ ਦਿੱਲੀ ਦੀ ਵਿਵਾਦਿਤ ਸ਼ਰਾਬ ਨੀਤੀ 'ਚ ਘਪਲੇ ਨੂੰ ਲੈ ਕੇ ਕੀਤੀ ਹੈ। ਇਸ ਤੋਂ ਪਹਿਲਾਂ ਸੰਜੇ ਸਿੰਘ ਦੇ ਕਰੀਬੀਆਂ ਦੇ ਇੱਥੇ ਵੀ ਛਾਪੇਮਾਰੀ ਕੀਤੀ ਗਈ ਸੀ। ਸ਼ਰਾਬ ਘਪਲੇ ਦੀ ਚਾਰਜਸ਼ੀਟ 'ਚ ਵੀ ਸੰਜੇ ਸਿੰਘ ਦਾ ਨਾਮ ਹੈ। ਈ.ਡੀ. ਦੇ ਸੂਤਰਾਂ ਅਨੁਸਾਰ 'ਆਪ' ਆਗੂ ਦਾ ਨਾਂ ਈ. ਡੀ. ਦੀ ਚਾਰਜਸ਼ੀਟ 'ਚ ਚਾਰ ਵਾਰ ਆਇਆ ਹੈ, ਜਿਨ੍ਹਾਂ 'ਚੋਂ ਇਕ ਅਣਜਾਣੇ 'ਚ ਟਾਈਪ ਕੀਤਾ ਗਿਆ ਸੀ। ਇਕ ਥਾਂ 'ਤੇ ਰਾਹੁਲ ਸਿੰਘ ਦੀ ਥਾਂ ਸੰਜੇ ਸਿੰਘ ਦਾ ਨਾਂ ਦਰਜ ਕੀਤਾ ਗਿਆ, ਜੋ ਉਸ ਸਮੇਂ ਦੇ ਆਬਕਾਰੀ ਕਮਿਸ਼ਨਰ ਸਨ।

ਇਹ ਵੀ ਪੜ੍ਹੋ-  'ਆਪ' ਸੰਸਦ ਮੈਂਬਰ ਸੰਜੇ ਸਿੰਘ ਦੇ ਘਰ ED ਦੇ ਛਾਪੇ, RP ਸਿੰਘ ਨੇ ਕੀਤਾ ਤਿੱਖਾ ਟਵੀਟ

 

ਕੀ ਹੈ ਦਿੱਲੀ ਦਾ ਸ਼ਰਾਬ ਘਪਲਾ?

ਮਾਮਲਾ ਦਿੱਲੀ ਸਰਕਾਰ ਦੀ ਨਵੀਂ ਸ਼ਰਾਬ ਨੀਤੀ 2021-22 ਨਾਲ ਜੁੜਿਆ ਹੋਇਆ ਹੈ। ਦਿੱਲੀ ਸਰਕਾਰ ਨੇ 17 ਨਵੰਬਰ 2021 ਤੋਂ ਦਿੱਲੀ ਵਿੱਚ ਨਵੀਂ ਆਬਕਾਰੀ ਨੀਤੀ ਲਾਗੂ ਕੀਤੀ ਸੀ। ਨਵੀਂ ਸ਼ਰਾਬ ਨੀਤੀ ਤਹਿਤ ਸ਼ਰਾਬ ਦੇ ਕਾਰੋਬਾਰ ਨੂੰ ਪੂਰੀ ਤਰ੍ਹਾਂ ਨਿੱਜੀ ਹੱਥਾਂ ਵਿੱਚ ਸੌਂਪ ਦਿੱਤਾ ਗਿਆ ਅਤੇ ਦਿੱਲੀ ਸਰਕਾਰ ਇਸ ਤੋਂ ਪੂਰੀ ਤਰ੍ਹਾਂ ਬਾਹਰ ਆ ਗਈ। ਦਿੱਲੀ ਸਰਕਾਰ ਨੇ ਨਵੀਂ ਆਬਕਾਰੀ ਨੀਤੀ ਲਿਆ ਕੇ ਮਾਫੀਆ ਰਾਜ ਖਤਮ ਕਰਨ ਦੀ ਦਲੀਲ ਦਿੱਤੀ ਸੀ। ਇਹ ਵੀ ਦਾਅਵਾ ਕੀਤਾ ਗਿਆ ਸੀ ਕਿ ਇਸ ਨਾਲ ਸਰਕਾਰ ਦਾ ਮਾਲੀਆ ਵਧੇਗਾ। ਨਵੀਂ ਆਬਕਾਰੀ ਨੀਤੀ ਜਦੋਂ ਦਿੱਲੀ ਵਿੱਚ ਲਾਗੂ ਹੋਈ ਤਾਂ ਨਤੀਜੇ ਸਰਕਾਰ ਦੇ ਦਾਅਵਿਆਂ ਦੇ ਬਿਲਕੁਲ ਉਲਟ ਆਏ। ਕਿੱਥੇ ਸਰਕਾਰ ਨੇ ਮਾਲੀਆ ਵਧਣ ਦਾ ਦਾਅਵਾ ਕੀਤਾ ਸੀ ਤੇ ਕਿੱਥੇ ਨੁਕਸਾਨ ਝੱਲਣਾ ਪਿਆ ਸੀ।

ਇਹ ਵੀ ਪੜ੍ਹੋ-  SYL 'ਤੇ ਸਖ਼ਤ ਸੁਪਰੀਮ ਕੋਰਟ, ਕਿਹਾ-ਸਿਆਸਤ ਨਾ ਕਰੇ ਪੰਜਾਬ; ਕੇਂਦਰ ਤੋਂ ਮੰਗੀ ਰਿਪੋਰਟ

ਦਿੱਲੀ ਦੇ LG ਨੇ ਮੁੱਖ ਸਕੱਤਰ ਦੀ ਰਿਪੋਰਟ ਦੇ ਆਧਾਰ 'ਤੇ 22 ਜੁਲਾਈ 2022 ਨੂੰ CBI ਜਾਂਚ ਦੀ ਸਿਫ਼ਾਰਸ਼ ਕੀਤੀ ਸੀ। LG ਦੀ ਸਿਫ਼ਾਰਿਸ਼ ਤੋਂ ਬਾਅਦ CBI ਨੇ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਕੇਂਦਰੀ ਏਜੰਸੀ ਨੇ ਇਸ ਮਾਮਲੇ ਵਿਚ ਡਿਪਟੀ CM ਮਨੀਸ਼ ਸਿਸੋਦੀਆ ਨੂੰ ਗ੍ਰਿਫ਼ਤਾਰ ਕਰ ਲਿਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Tanu

Content Editor

Related News