ਹਰਿਆਣਾ ’ਚ ਭਜਨ ਲਾਲ ਪਰਿਵਾਰ ਦਾ ਸਿਆਸੀ ਭਰਮ ਤੋੜਨ ਲਈ ਉਤਾਵਲੀ 'ਆਪ'
Sunday, Sep 11, 2022 - 06:16 PM (IST)
ਸਿਰਸਾ- ਇਕ ਸਮਾਂ ਸੀ ਜਦੋਂ ਹਰਿਆਣਾ 'ਚ ਲਾਲਿਆਂ ਦੀ ਰਾਜਨੀਤੀ ਦਾ ਡੰਕਾ ਵੱਜਦਾ ਸੀ। ਦੇਵੀਲਾਲ, ਭਜਨ ਲਾਲ ਅਤੇ ਬੰਸੀ ਲਾਲ ਨੇ ਲੰਮਾ ਸਮਾਂ ਹਰਿਆਣਾ 'ਤੇ ਰਾਜ ਕੀਤਾ ਪਰ ਇਨ੍ਹਾਂ ਤਿੰਨਾਂ ਆਗੂਆਂ ਦੇ ਦੁਨੀਆ ਤੋਂ ਚਲੇ ਜਾਣ ਤੋਂ ਬਾਅਦ ਪਰਿਵਾਰਾਂ ਵਿਚ ਪੈਦਾ ਹੋਏ ਸਿਆਸੀ ਵਿਰਾਸਤ ਦੇ ਕਲੇਸ਼ ਨੇ ਇਨ੍ਹਾਂ ਪਾਰਟੀਆਂ ਨੂੰ ਆਪਣੀ ਲਪੇਟ ਵਿਚ ਲੈ ਲਿਆ। ਅੱਜ ਸਥਿਤੀ ਇਹ ਹੈ ਕਿ ਤਿੰਨੋਂ ਲਾਲਾਂ ਦੇ ਪਰਿਵਾਰ ਆਪਣੀ ਸਿਆਸੀ ਵਿਰਾਸਤ ਨੂੰ ਬਚਾਉਣ ਲਈ ਜੱਦੋ-ਜਹਿਦ ਕਰ ਰਹੇ ਹਨ।
ਇਨ੍ਹਾਂ ਹਾਲਾਤਾਂ ਦਰਮਿਆਨ ਆਮ ਆਦਮੀ ਪਾਰਟੀ (ਆਪ) ਨੇ ਹਰਿਆਣਾ ’ਚ ਦਸਤਕ ਦਿੰਦੇ ਹੋਏ ਆਦਮਪੁਰ ਵਿਧਾਨ ਸਭਾ ਖੇਤਰ ’ਚ ਭਜਨ ਲਾਲ ਪਰਿਵਾਰ ਦੇ ਅੱਧੀ ਸਦੀ ਦੇ ਭਰਮ ਨੂੰ ਤੋੜਨ ਲਈ ਉਤਾਵਲੀ ਹੋ ਕੇ ਇਕ ਸਭਾ ਕਰ ਕੇ ਆਪਣੀ ਤਾਲ ਵੀ ਠੋਕ ਦਿੱਤੀ ਹੈ। ਹੁਣ ਇਸ ਇਲਾਕੇ ਦੇ ਲੋਕ ਆਦਮਪੁਰ ਦੀ ਤੀਜੀ ਜ਼ਿਮਨੀ ਚੋਣ ਦੇਖਣਗੇ। ਜਦੋਂ ਤੋਂ ਹਰਿਆਣਾ ਹੋਂਦ ਵਿਚ ਆਇਆ ਹੈ, ਆਦਮਪੁਰ ਵਿਧਾਨ ਸਭਾ ਸੀਟ 'ਤੇ ਭਜਨ ਲਾਲ ਪਰਿਵਾਰ ਦਾ ਕਬਜ਼ਾ ਰਿਹਾ ਹੈ। ਸਾਲ 1968 ਤੋਂ ਲੈ ਕੇ ਹੁਣ ਤੱਕ 14 ਵਾਰ ਚੋਣਾਂ ਹੋਈਆਂ, ਜਿਨ੍ਹਾਂ ਵਿਚੋਂ 2008 ਅਤੇ 2012 ਵਿਚ ਦੋ ਵਾਰ ਜ਼ਿਮਨੀ ਚੋਣਾਂ ਹੋਈਆਂ।
ਇਸ ਸੀਟ ਤੋਂ ਭਜਨ ਲਾਲ 9 ਵਾਰ, ਕੁਲਦੀਪ ਬਿਸ਼ਨੋਈ 3 ਵਾਰ ਜਦਕਿ ਜਸਮਾ ਦੇਵੀ ਅਤੇ ਰੇਣੂਕਾ ਬਿਸ਼ਨੋਈ ਇਕ-ਇਕ ਵਾਰ ਵਿਧਾਇਕ ਚੁਣੇ ਗਏ ਹਨ। ਕੁਲਦੀਪ ਬਿਸ਼ਨੋਈ ਵੱਲੋਂ ਪਿਛਲੇ ਮਹੀਨੇ ਕਾਂਗਰਸ ਛੱਡ ਕੇ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਣ ਸਮੇਂ ਇਸ ਸੀਟ ਤੋਂ ਅਸਤੀਫਾ ਦੇਣ ਕਾਰਨ ਇਹ ਸੀਟ ਇਕ ਵਾਰ ਫਿਰ ਖਾਲੀ ਹੋਣ ਕਾਰਨ ਤੀਜੀ ਜ਼ਿਮਨੀ ਚੋਣ ਇਸ ਇਲਾਕੇ ਦੇ ਲੋਕ ਦੇਖਣਗੇ। ਇਸ ਸੀਟ 'ਤੇ ਆਮ ਆਦਮੀ ਪਾਰਟੀ ਨੇ ਭਜਨ ਲਾਲ ਪਰਿਵਾਰ ਦੇ ਅੱਧੀ ਸਦੀ ਦੇ ਭਰਮ ਨੂੰ ਤੋੜਨ ਦਾ ਨਾਅਰਾ ਬੁਲੰਦ ਕੀਤਾ ਹੈ। 8 ਸਤੰਬਰ ਨੂੰ ਆਦਮਪੁਰ 'ਚ ਹੋਈ ਜਨ ਸਭਾ 'ਚ 'ਆਪ' ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹੁੰਕਾਰ ਭਰੀ ਹੈ ਕਿ ਉਹ ਇਸ ਗੜ੍ਹ ਨੂੰ ਢਾਹ ਦੇਣਗੇ। ਆਦਮਪੁਰ ਦੇ ਬੂਹੇ 'ਤੇ ਆ ਕੇ ਹਰਿਆਣਾ ਦੀ ਸਿਆਸਤ 'ਤੇ ਕਬਜ਼ਾ ਕਰ ਲੈਣਗੇ। ਹਰਿਆਣਾ ਦੇ ਦੋ ਦਿਨਾਂ ਦੌਰੇ ਦੌਰਾਨ ਕੇਜਰੀਵਾਲ ਨੇ ਜਿੱਥੇ ਨੌਜਵਾਨਾਂ ਨਾਲ ਗੱਲਬਾਤ ਕੀਤੀ, ਉੱਥੇ ਹੀ ਸੋਨਾਲੀ ਫੋਗਾਟ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰਕੇ ਹਮਦਰਦੀ ਵੀ ਜਤਾਈ।
ਜ਼ਿਕਰਯੋਗ ਹੈ ਕਿ ਸਾਲ 2005 'ਚ ਕਾਂਗਰਸ ਨੂੰ ਸੱਤਾ 'ਤੇ ਕਾਬਜ਼ ਹੋਣ ਦਾ ਮੌਕਾ ਮਿਲਿਆ ਸੀ। ਭਜਨ ਲਾਲ ਦੀ ਅਗਵਾਈ 'ਚ ਚੋਣ ਹੋਈ ਸੀ ਪਰ ਪਾਰਟੀ 'ਚ ਆਪਸੀ ਫੁੱਟ ਕਾਰਨ ਸੱਤਾ ਦੀ ਕਮਾਨ ਰੋਹਤਕ ਦੇ ਸੰਸਦ ਮੈਂਬਰ ਭੁਪਿੰਦਰ ਸਿੰਘ ਹੁੱਡਾ ਨੂੰ ਸੌਂਪ ਦਿੱਤੀ ਗਈ ਸੀ। ਸਾਬਕਾ ਮੁੱਖ ਮੰਤਰੀ ਭਜਨ ਲਾਲ ਨੇ ਕਾਂਗਰਸ ਪਾਰਟੀ ਤੋਂ ਬਗਾਵਤ ਕੀਤੀ ਅਤੇ 2 ਦਸੰਬਰ 2007 ਨੂੰ ਨਵੀਂ ਖੇਤਰੀ ਪਾਰਟੀ ਹਰਿਆਣਾ ਜਨਹਿਤ ਕਾਂਗਰਸ (HJC) (BL) ਬਣਾਈ। 2009 ਦੀਆਂ ਆਮ ਚੋਣਾਂ ਵਿਚ HJC ਨੇ 87 ਸੀਟਾਂ 'ਤੇ ਉਮੀਦਵਾਰ ਖੜ੍ਹੇ ਕੀਤੇ ਪਰ ਸਿਰਫ਼ 7 ਹੀ ਵਿਧਾਨ ਸਭਾ ਵਿਚ ਪਹੁੰਚ ਸਕੇ। ਭਾਜਪਾ 90 ਸੀਟਾਂ 'ਤੇ ਲੜੀ ਪਰ ਸਿਰਫ਼ 4 ਵਿਧਾਇਕ ਹੀ ਬਣਾ ਸਕੀ। ਕਾਂਗਰਸ 40 ਵਿਧਾਇਕਾਂ ਨਾਲ ਸਭ ਤੋਂ ਵੱਡੀ ਪਾਰਟੀ ਦੇ ਰੂਪ ਵਿਚ ਵਿਧਾਨ ਸਭਾ ’ਚ ਪਹੁੰਚੀ ਪਰ ਬਹੁਮਤ ਦਾ ਅੰਕੜਾ ਪੂਰਾ ਕਰਨ ਲਈ ਹਜਕਾਂਦੇ 5 ਵਿਧਾਇਕਾਂ ਵਿਚ ਵੰਡੀ ਗਈ ਅਤੇ ਜਿਸ ਨਾਲ ਕੁਲਦੀਪ ਬਿਸ਼ਨੋਈ ਅਤੇ ਉਸਦੀ ਪਤਨੀ ਰੇਣੂਕਾ ਬਿਸ਼ਨੋਈ ਹੀ ਰਹਿ ਗਏ।
ਭਜਨ ਲਾਲ ਦੇ ਦਿਹਾਂਤ ਤੋਂ ਬਾਅਦ ਜਨਵਰੀ 2016 ਵਿਚ ਕੁਲਦੀਪ ਬਿਸ਼ਨੋਈ ਨੇ ਆਪਣੀ ਪਾਰਟੀ HJK ਨੂੰ ਕਾਂਗਰਸ ਵਿਚ ਮਿਲਾ ਦਿੱਤਾ ਅਤੇ ਘਰ ਵਾਪਸੀ ਕਰ ਲਈ। ਸਾਲ 2019 ਵਿਚ ਕਾਂਗਰਸ ਨੇ ਹਿਸਾਰ ਸੀਟ ਤੋਂ ਕੁਲਦੀਪ ਬਿਸ਼ਨੋਈ ਦੇ ਪੁੱਤਰ ਭਵਿਆ ਬਿਸ਼ਨੋਈ ਨੂੰ ਚੋਣ ਮੈਦਾਨ ਵਿਚ ਉਤਾਰਿਆ, ਜਦਕਿ ਉਹ ਹਾਰ ਗਏ। ਇਸ ਤੋਂ ਬਾਅਦ ਦੀਆਂ ਵਿਧਾਨ ਸਭਾ ਚੋਣਾਂ ਵਿਚ ਕੁਲਦੀਪ ਬਿਸ਼ਨੋਈ ਨੇ ਆਦਮਪੁਰ ਤੋਂ ਵਿਧਾਨ ਸਭਾ ਚੋਣ ਲੜੀ ਅਤੇ ਜਿੱਤੀ। ਪਿਛਲੇ ਮਹੀਨੇ ਕੁਲਦੀਪ ਬਿਸ਼ਨੋਈ ਕਾਂਗਰਸ ਅਤੇ ਵਿਧਾਇਕ ਅਹੁਦਾ ਛੱਡ ਕੇ ਭਾਜਪਾ ਵਿਚ ਸ਼ਾਮਲ ਹੋ ਗਏ ਸਨ, ਜਿਸ ਕਾਰਨ ਫਰਵਰੀ 2023 ਤੋਂ ਪਹਿਲਾਂ ਆਦਮਪੁਰ ਵਿਚ ਜ਼ਿਮਨੀ ਚੋਣ ਹੋਣੀ ਹੈ।