ਪੰਜਾਬ ਦੇ ''ਆਪ'' ਵਿਧਾਇਕਾਂ ਦੀ ਕੇਜਰੀਵਾਲ ਨਾਲ ਮੀਟਿੰਗ ਮਗਰੋਂ CM ਮਾਨ ਨੇ ਦਿੱਤਾ ਬਿਆਨ
Tuesday, Feb 11, 2025 - 01:19 PM (IST)
![ਪੰਜਾਬ ਦੇ ''ਆਪ'' ਵਿਧਾਇਕਾਂ ਦੀ ਕੇਜਰੀਵਾਲ ਨਾਲ ਮੀਟਿੰਗ ਮਗਰੋਂ CM ਮਾਨ ਨੇ ਦਿੱਤਾ ਬਿਆਨ](https://static.jagbani.com/multimedia/2025_2image_13_17_446041556mann.jpg)
ਨਵੀਂ ਦਿੱਲੀ- ਆਮ ਆਦਮੀ ਪਾਰਟੀ (ਆਪ) ਦੀ ਪੰਜਾਬ ਇਕਾਈ ਵਿਚ ਅਸੰਤੋਸ਼ ਦੀਆਂ ਅਫਵਾਹਾਂ ਦੇ ਵਿਚਕਾਰ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਮੰਤਰੀਆਂ ਅਤੇ ਵਿਧਾਇਕਾਂ ਨਾਲ ਦਿੱਲੀ ਦੇ ਕਪੂਰਥਲਾ ਹਾਊਸ ਵਿਚ ਮੀਟਿੰਗ ਹੋਈ। ਇਸ ਮੀਟਿੰਗ ਵਿਚ ਹਾਲ ਹੀ ਵਿਚ ਹੋਈਆਂ ਦਿੱਲੀ ਚੋਣਾਂ ਵਿਚ 'ਆਪ' ਦੇ ਪ੍ਰਦਰਸ਼ਨ ਦੀ ਸਮੀਖਿਆ ਅਤੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੀ ਯੋਜਨਾ ਨੂੰ ਲੈ ਕੇ ਚਰਚਾ ਹੋਈ। ਮੀਟਿੰਗ ਵਿਚ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਅਤੇ ਸੰਦੀਪ ਪਾਠਕ ਸਮੇਤ ਸੀਨੀਅਰ ਆਗੂ ਵੀ ਸ਼ਾਮਲ ਹੋ ਰਹੇ। ਮੀਟਿੰਗ ਦੌਰਾਨ ਕੇਜਰੀਵਾਲ ਨੇ 'ਆਪ' ਆਗੂਆਂ ਦਾ ਧੰਨਵਾਦ ਕੀਤਾ, ਜੋ ਕਿ ਚੋਣ ਪ੍ਰਚਾਰ ਵਿਚ ਸ਼ਾਮਲ ਹੋਏ।
ਮੀਟਿੰਗ ਮਗਰੋਂ ਬੋਲੇ ਭਗਵੰਤ ਮਾਨ
ਮੀਟਿੰਗ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ 'ਆਪ' ਨੇ 10 ਸਾਲ ਦਿੱਲੀ ਵਿਚ ਬਹੁਤ ਕੰਮ ਹੋਏ। ਹਾਰ-ਜਿੱਤ ਚੱਲਦੀ ਰਹਿੰਦੀ ਹੈ। ਅਸੀਂ ਪੈਸੇ ਵੰਡਣ ਦੀ ਸਿਆਸਤ ਨਹੀਂ ਕਰਦੇ। ਦੇਸ਼ ਵਿਚ ਪੰਜਾਬ ਵਿਚ ਮਿਸਾਲ ਬਣਾਵਾਂਗੇ। ਅਸੀਂ ਦਿੱਲੀ ਵਿਚ ਬਹੁਤ ਮਿਹਨਤ ਕੀਤੀ। ਪਹਿਲਾਂ ਵੀ ਕੰਮ ਕੀਤੇ, ਅੱਗੇ ਵੀ ਕਰਾਂਗੇ।
ਦਿੱਲੀ 'ਚ ਚੋਣਾਂ ਹਾਰੀ 'ਆਪ'
ਦਿੱਲੀ 'ਚ ਇਕ ਦਹਾਕੇ ਤੱਕ ਰਾਜ ਕਰਨ ਵਾਲੀ 'ਆਪ' ਨੂੰ 5 ਫਰਵਰੀ ਦੀਆਂ ਦਿੱਲੀ ਵਿਧਾਨ ਸਭਾ ਚੋਣਾਂ 'ਚ ਵੱਡਾ ਝਟਕਾ ਲੱਗਾ ਅਤੇ ਉਹ 70 'ਚੋਂ ਸਿਰਫ 22 ਸੀਟਾਂ ਹੀ ਜਿੱਤ ਸਕੀ। ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਜਿੱਤ ਨਾਲ ਰਾਸ਼ਟਰੀ ਰਾਜਧਾਨੀ 'ਚ 'ਆਪ' ਦਾ ਸ਼ਾਸਨ ਖਤਮ ਹੋ ਗਿਆ, ਜਿਸ ਨਾਲ ਪਾਰਟੀ ਦੇ ਭਵਿੱਖ ਨੂੰ ਲੈ ਕੇ ਚਿੰਤਾ ਵਧ ਗਈ ਹੈ। ਕਿਆਸ ਲਗਾਏ ਜਾ ਰਹੇ ਹਨ ਕਿ ਕੇਜਰੀਵਾਲ ਪੰਜਾਬ ਦੀ ਰਾਜਨੀਤੀ ਵਿਚ ਵੱਡੀ ਭੂਮਿਕਾ ਨਿਭਾ ਸਕਦੇ ਹਨ, ਉਨ੍ਹਾਂ ਦੇ ਲੁਧਿਆਣਾ ਵਿਧਾਨ ਸਭਾ ਸੀਟ ਤੋਂ ਚੋਣ ਲੜਨ ਦੀ ਵੀ ਚਰਚਾ ਹੈ। ਹਾਲਾਂਕਿ ‘ਆਪ’ ਦੇ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਅਜਿਹੀਆਂ ਰਿਪੋਰਟਾਂ ਨੂੰ ਸਿਰੇ ਤੋਂ ਨਕਾਰਦਿਆਂ ਮੀਟਿੰਗ ਨੂੰ ‘ਨਿਯਮਿਤ ਰਣਨੀਤੀ ਸੈਸ਼ਨ’ ਕਰਾਰ ਦਿੱਤਾ। ਪੰਜਾਬ 'ਚ 'ਆਪ' ਦਾ ਰਾਜ ਹੈ।