ਦੁਨੀਆ ਦੇ ਚੋਟੀ ਦੇ 20 ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ’ਚੋਂ 13 ਭਾਰਤ ’ਚ, ਪੰਜਾਬ ਦਾ ਮੁੱਲਾਂਪੁਰ ਤੀਜੇ ਨੰਬਰ ’ਤੇ
Wednesday, Mar 12, 2025 - 11:58 AM (IST)

ਨਵੀਂ ਦਿੱਲੀ- ਦੁਨੀਆ ਦੇ 20 ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ’ਚੋਂ 13 ਭਾਰਤ ’ਚ ਹਨ। ਆਸਾਮ ਦਾ ਬਰਨੀਹਾਟ ਇਸ ਸੂਚੀ ’ਚ ਸਭ ਤੋਂ ਉੱਪਰ ਹੈ। ਪੰਜਾਬ ਦਾ ਮੁੱਲਾਂਪੁਰ ਤੀਜੇ ਨੇਬਰ ’ਤੇ ਆਉਂਦਾ ਹੈ। ਇਹ ਜਾਣਕਾਰੀ ਮੰਗਲਵਾਰ ਨੂੰ ਪ੍ਰਕਾਸ਼ਿਤ ਹੋਈ ਇਕ ਨਵੀਂ ਰਿਪੋਰਟ ਤੋਂ ਮਿਲੀ ਹੈ। ਸਵਿਟਜ਼ਰਲੈਂਡ ਦੀ ਏਅਰ ਕੁਆਲਿਟੀ ਤਕਨਾਲੋਜੀ ਕੰਪਨੀ ਆਈ. ਕਿਊ. ਏ. ਆਰ. ਦੀ ਵਿਸ਼ਵ ਹਵਾ ਦੀ ਗੁਣਵੱਤਾ ਬਾਰੇ ਰਿਪੋਰਟ 2024 ’ਚ ਕਿਹਾ ਗਿਆ ਹੈ ਕਿ ਦਿੱਲੀ ਵਿਸ਼ਵ ਪੱਧਰ ’ਤੇ ਸਭ ਤੋਂ ਪ੍ਰਦੂਸ਼ਿਤ ਰਾਜਧਾਨੀ ਹੈ। ਭਾਰਤ 2024 ’ਚ ਦੁਨੀਆ ਦਾ ਪੰਜਵਾਂ ਸਭ ਤੋਂ ਪ੍ਰਦੂਸ਼ਿਤ ਦੇਸ਼ ਸੀ। 2023 ’ਚ ਭਾਰਤ ਇਸ ਸੂਚੀ ’ਚ ਤੀਜੇ ਨੰਬਰ ’ਤੇ ਸੀ। ਗੁਆਂਢੀ ਦੇਸ਼ ਪਾਕਿਸਤਾਨ ਦੇ 4 ਸ਼ਹਿਰ ਤੇ ਚੀਨ ਦਾ ਇਕ ਸ਼ਹਿਰ ਦੁਨੀਆ ਦੇ ਚੋਟੀ ਦੇ 20 ਪ੍ਰਦੂਸ਼ਿਤ ਸ਼ਹਿਰਾਂ ’ਚ ਸ਼ਾਮਲ ਹਨ। ਰਿਪੋਰਟ ’ਚ ਕਿਹਾ ਗਿਆ ਹੈ ਕਿ ਭਾਰਤ ’ਚ 2024 ਵਿਚ ਪੀ. ਐੱਮ. 2.5 ਦੇ ਗਾੜ੍ਹੇਪਣ ’ਚ 7 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ, ਜੋ 2023 ’ਚ 54.4 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਦੇ ਮੁਕਾਬਲੇ ਔਸਤ 50.6 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਸੀ। ਦਿੱਲੀ ’ਚ ਹਵਾ ਦੇ ਪ੍ਰਦੂਸ਼ਣ ਦੀ ਸਥਿਤੀ ਗੰਭੀਰ ਹੈ। ਸਾਲਾਨਾ ਔਸਤ ਪੀ. ਐੱਮ. 2.5 ਗਾੜ੍ਹਾਪਣ 2023 ’ਚ 102.4 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਤੋਂ ਵਧ ਕੇ 2024 ’ਚ 108.3 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਹੋ ਗਿਆ।
ਇਹ ਵੀ ਪੜ੍ਹੋ : ਸਕੂਲੀ ਬੱਚਿਆਂ 'ਚ ਫੈਲੀ ਬੀਮਾਰੀ, ਹਾਈ ਅਲਰਟ ਤੋਂ ਬਾਅਦ 12 ਮਾਰਚ ਤੱਕ ਛੁੱਟੀਆਂ
ਦੁਨੀਆ ਦੇ 20 ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ’ਚ ਆਸਾਮ ਦਾ ਬਰਨੀਹਾਟ, ਦਿੱਲੀ, ਪੰਜਾਬ ਦਾ ਮੁੱਲਾਂਪੁਰ, ਹਰਿਆਣਾ ਦਾ ਫਰੀਦਾਬਾਦ ਤੇ ਗੁਰੂਗ੍ਰਾਮ, ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਜ਼ਿਲੇ ਦਾ ਲੋਨੀ, ਨੋਇਡਾ, ਗ੍ਰੇਟਰ ਨੋਇਡਾ, ਮੁਜ਼ੱਫਰਨਗਰ, ਰਾਜਸਥਾਨ ਦਾ ਸ਼੍ਰੀਗੰਗਾਨਗਰ, ਭਿਵਾੜੀ ਤੇ ਹਨੂੰਮਾਨਗੜ੍ਹ ਸ਼ਾਮਲ ਹਨ। ਰਿਪੋਰਟ ’ਚ ਕਿਹਾ ਗਿਆ ਹੈ ਕਿ 35 ਫੀਸਦੀ ਭਾਰਤੀ ਸ਼ਹਿਰਾਂ ’ਚ ਸਾਲਾਨਾ ਪੀ. ਐੱਮ. 2.5 ਦਾ ਪੱਧਰ ਵਿਸ਼ਵ ਸਿਹਤ ਸੰਗਠਨ ਦੀ 5 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਦੀ ਹੱਦ ਤੋਂ 10 ਗੁਣਾ ਵੱਧ ਹੈ। ਆਸਾਮ ਤੇ ਮੇਘਾਲਿਆ ਦੀ ਹੱਦ ’ਤੇ ਸਥਿਤ ਕਸਬੇ ਬਰਨੀਹਾਟ ’ਚ ਸ਼ਰਾਬ ਬਣਾਉਣ ਅਤੇ ਲੋਹੇ ਤੇ ਸਟੀਲ ਦੇ ਪਲਾਂਟਾਂ ਸਮੇਤ ਸਥਾਨਕ ਫੈਕਟਰੀਆਂ ਤੋਂ ਨਿਕਲਣ ਵਾਲੇ ਧੂੰਏਂ ਕਾਰਨ ਪ੍ਰਦੂਸ਼ਣ ਦਾ ਪੱਧਰ ਉੱਚਾ ਹੈ। ਦਿੱਲੀ ਸਾਰਾ ਸਾਲ ਹਵਾ ਦੇ ਉੱਚ ਪ੍ਰਦੂਸ਼ਣ ਨਾਲ ਜੂਝਦੀ ਰਹਿੰਦੀ ਹੈ। ਸਰਦੀਆਂ ਦੌਰਾਨ ਇਹ ਸਮੱਸਿਆ ਹੋਰ ਵੀ ਗੰਭੀਰ ਹੋ ਜਾਂਦੀ ਹੈ। ਉਦੋਂ ਉਲਟ ਮੌਸਮੀ ਹਾਲਾਤ, ਵਾਹਨਾਂ ਵੱਲੋਂ ਛੱਡਿਆ ਜਾਣ ਵਾਲਾ ਧੂੰਆਂ, ਝੋਨੇ ਦੀ ਪਰਾਲੀ ਦਾ ਸੜਨਾ, ਪਟਾਕਿਆਂ ਦੇ ਫਟਣ ਦਾ ਧੂੰਆਂ ਤੇ ਸਥਾਨਕ ਪ੍ਰਦੂਸ਼ਣ ਦੇ ਹੋਰ ਸੋਮੇ ਮਿਲ ਕੇ ਹਵਾ ਦੀ ਗੁਣਵੱਤਾ ਨੂੰ ਖਤਰਨਾਕ ਬਣਾਉਂਦੇ ਹਨ। ਭਾਰਤ ’ਚ ਹਵਾ ਦਾ ਪ੍ਰਦੂਸ਼ਣ ਇਕ ਗੰਭੀਰ ਸਿਹਤ ਖ਼ਤਰਾ ਬਣਿਆ ਹੋਇਆ ਹੈ, ਜਿਸ ਨਾਲ ਲੋਕਾਂ ਦੀ ਉਮਰ ਅੰਦਾਜ਼ਨ 5.2 ਸਾਲ ਘੱਟ ਜਾਂਦੀ ਹੈ। ਪਿਛਲੇ ਸਾਲ ਲੇਸੈਂਟ ਪਲੈਨੇਟਰੀ ਹੈਲਥ ਵੱਲੋਂ ਪ੍ਰਕਾਸ਼ਿਤ ਅਧਿਐਨ ਅਨੁਸਾਰ 2009 ਤੋਂ 2019 ਤੱਕ ਭਾਰਤ ’ਚ ਹਰ ਸਾਲ ਲਗਭਗ 1.5 ਮਿਲੀਅਨ ਲੋਕਾਂ ਦੀ ਮੌਤ ਪੀ. ਐੱਮ. 2.5 ਪ੍ਰਦੂਸ਼ਣ ਦੇ ਸੰਭਾਵੀ ਤੌਰ ’ਤੇ ਲੰਬੇ ਸਮੇਂ ਦੇ ਸੰਪਰਕ ਕਾਰਨ ਹੋਈ।
ਇਹ ਵੀ ਪੜ੍ਹੋ : ਕੁੜੀ ਨੇ ਭਾਰ ਘਟਾਉਣ ਲਈ ਛੱਡਿਆ ਖਾਣਾ, 12 ਦਿਨ ਵੈਂਟੀਲੇਟਰ 'ਤੇ ਰਹਿਣ ਤੋਂ ਬਾਅਦ ਹੋਈ ਮੌਤ
ਪੀ. ਐੱਮ. 2.5 ਮਾਈਕ੍ਰੋਨ ਹਵਾ ਦੇ ਪ੍ਰਦੂਸ਼ਣ ਦੇ 2.5 ਤੋਂ ਛੋਟੇ ਕਣਾਂ ਨੂੰ ਦਰਸਾਉਂਦਾ ਹੈ, ਜੋ ਫੇਫੜਿਆਂ ਅਤੇ ਖੂਨ ਦੀਆਂ ਨਾੜੀਆਂ ’ਚ ਦਾਖਲ ਹੋ ਸਕਦੇ ਹਨ। ਇਸ ਨਾਲ ਸਾਹ ਲੈਣ ’ਚ ਮੁਸ਼ਕਲ, ਦਿਲ ਦੀ ਬੀਮਾਰੀ ਤੇ ਇੱਥੋਂ ਤੱਕ ਕਿ ਕੈਂਸਰ ਵੀ ਹੋ ਸਕਦਾ ਹੈ। ਹਵਾ ਦੇ ਪ੍ਰਦੂਸ਼ਣ ਦੇ ਸੋਮਿਆਂ ’ਚ ਵਾਹਨਾਂ ਦਾ ਧੂੰਆਂ, ਉਦਯੋਗਿਕ ਨਿਕਾਸੀ ਤੇ ਲੱਕੜ ਜਾਂ ਪਰਾਲੀ ਨੂੰ ਸਾੜਨਾ ਸ਼ਾਮਲ ਹੈ। ਵਿਸ਼ਵ ਸਿਹਤ ਸੰਗਠਨ ਦੀ ਸਾਬਕਾ ਮੁੱਖ ਵਿਗਿਆਨੀ ਤੇ ਸਿਹਤ ਮੰਤਰਾਲਾ ਦੀ ਸਲਾਹਕਾਰ ਸੌਮਿਆ ਸਵਾਮੀਨਾਥਨ ਨੇ ਕਿਹਾ ਹੈ ਕਿ ਭਾਰਤ ਨੇ ਹਵਾ ਦੀ ਗੁਣਵੱਤਾ ਦਾ ਡਾਟਾ ਇਕੱਠਾ ਕਰਨ ’ਚ ਤਰੱਕੀ ਕੀਤੀ ਹੈ ਪਰ ਕਾਫ਼ੀ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਸਾਡੇ ਕੋਲ ਡਾਟਾ ਹੈ। ਹੁਣ ਸਾਨੂੰ ਕਾਰਵਾਈ ਦੀ ਲੋੜ ਹੈ। ਕੁਝ ਹੱਲ ਸੌਖੇ ਹਨ ਜਿਵੇਂ ਕਿ ਜੈਵਿਕ ਫਿਊਲ ਨੂੰ ਐੱਲ. ਪੀ. ਜੀ. ’ਚ ਬਦਲਿਆ ਜਾਵੇਗਾ। ਭਾਰਤ ਕੋਲ ਇਸ ਲਈ ਪਹਿਲਾਂ ਹੀ ਇਕ ਯੋਜਨਾ ਹੈ, ਪਰ ਸਾਨੂੰ ਵਾਧੂ ਸਿਲੰਡਰਾਂ ’ਤੇ ਹੋਰ ਸਬਸਿਡੀ ਦੇਣੀ ਚਾਹੀਦੀ ਹੈ। ਪਹਿਲਾ ਸਿਲੰਡਰ ਮੁਫ਼ਤ ਹੈ ਪਰ ਸਭ ਤੋਂ ਗਰੀਬ ਪਰਿਵਾਰਾਂ ਖਾਸ ਕਰ ਕੇ ਔਰਤਾਂ ਨੂੰ ਹੋਰ ਸਬਸਿਡੀ ਮਿਲਣੀ ਚਾਹੀਦੀ ਹੈ। ਇਸ ਨਾਲ ਉਨ੍ਹਾਂ ਦੀ ਸਿਹਤ ’ਚ ਸੁਧਾਰ ਹੋਵੇਗਾ ਤੇ ਬਾਹਰੀ ਹਵਾ ਪ੍ਰਦੂਸ਼ਣ ਘੱਟ ਜਾਏਗਾ। ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਦੇ ਸਾਬਕਾ ਡਾਇਰੈਕਟਰ ਜਨਰਲ ਨੇ ਕਿਹਾ ਕਿ ਸ਼ਹਿਰਾਂ ’ਚ ਜਨਤਕ ਆਵਾਜਾਈ ਦਾ ਪਸਾਰ ਕਰਨ ਤੇ ਕੁਝ ਕਾਰਾਂ ’ਤੇ ਜੁਰਮਾਨੇ ਲਾਉਣ ਨਾਲ ਇਸ ’ਚ ਮਦਦ ਮਿਲ ਸਕਦੀ ਹੈ। ਉਤਸ਼ਾਹ ਤੇ ਸਜ਼ਾ ਦਾ ਮਿਸ਼ਰਣ ਜ਼ਰੂਰੀ ਹੈ। ਨਿਕਾਸੀ ਕਾਨੂੰਨਾਂ ਨੂੰ ਸਖ਼ਤੀ ਨਾਲ ਲਾਗੂ ਕਰਨਾ ਚਾਹੀਦਾ ਹੈ। ਉਦਯੋਗਾਂ ਤੇ ਨਿਰਮਾਣ ਵਾਲੀਆਂ ਥਾਵਾਂ ਨੂੰ ‘ਸ਼ਾਰਟਕੱਟ’ ’ਚ ਲੈਣ ਦੀ ਬਜਾਏ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਨਿਕਾਸੀ ਘਟਾਉਣ ਲਈ ਉਪਕਰਣ ਲਾਉਣੇ ਚਾਹੀਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8