ਸ਼ਾਹ ਨੇ ਉਤਰਾਖੰਡ ਦੇ CM ਤੋਂ ਬਰਫੀਲੇ ਤੂਫਾਨ ''ਚ ਫਸੇ ਲੋਕਾਂ ਬਾਰੇ ਲਈ ਜਾਣਕਾਰੀ
Friday, Feb 28, 2025 - 05:21 PM (IST)

ਨਵੀਂ ਦਿੱਲੀ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ੁੱਕਰਵਾਰ ਨੂੰ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨਾਲ ਗੱਲ ਕੀਤੀ ਅਤੇ ਬਰਫੀਲੇ ਤੂਫਾਨ 'ਚ ਫਸੇ ਲੋਕਾਂ ਦੀ ਜਾਣਕਾਰੀ ਲਈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਤਰਜੀਹ ਬਰਫ਼ ਹੇਠ ਦੱਬੇ ਸਾਰੇ ਲੋਕਾਂ ਨੂੰ ਸੁਰੱਖਿਅਤ ਕੱਢਣਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਉੱਤਰਾਖੰਡ ਦੇ ਉੱਚਾਈ ਵਾਲੇ ਇਲਾਕਿਆਂ 'ਚ ਭਾਰੀ ਬਰਫਬਾਰੀ ਦੇ ਦੌਰਾਨ ਚਮੋਲੀ ਜ਼ਿਲ੍ਹੇ ਦੇ ਬਦਰੀਨਾਥ ਨੇੜੇ ਮਾਨਾ 'ਚ ਸ਼ੁੱਕਰਵਾਰ ਨੂੰ ਬਰਫ਼ੀਲੇ ਤੂਫ਼ਾਨ 'ਚ 41 ਮਜ਼ਦੂਰ ਬਰਫ ਹੇਠਾਂ ਦੱਬ ਗਏ।
ਸ਼ਾਹ ਨੇ 'ਐਕਸ' 'ਤੇ ਕਿਹਾ ਕਿ ਉੱਤਰਾਖੰਡ ਦੇ ਚਮੋਲੀ ਵਿਚ ਗਲੇਸ਼ੀਅਰ ਫਟਣ ਬਾਰੇ ਮੁੱਖ ਮੰਤਰੀ ਪੁਸ਼ਕਰ ਧਾਮੀ ਜੀ, ਇੰਡੋ-ਤਿੱਬਤੀਅਨ ਬਾਰਡਰ ਪੁਲਸ (ਆਈ. ਟੀ. ਬੀ. ਪੀ) ਦੇ ਡਾਇਰੈਕਟਰ ਜਨਰਲ (ਡੀਜੀ) ਅਤੇ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐਨ. ਡੀ. ਆਰ. ਐਫ) ਦੇ ਡੀਜੀ ਨਾਲ ਗੱਲ ਕੀਤੀ। ਹਾਦਸੇ ਵਿਚ ਫਸੇ ਲੋਕਾਂ ਨੂੰ ਬਚਾਉਣਾ ਸਾਡੀ ਤਰਜੀਹ ਹੈ। ਸਥਾਨਕ ਪ੍ਰਸ਼ਾਸਨ ਪੂਰੀ ਤਰ੍ਹਾਂ ਬਚਾਅ ਕਾਰਜਾਂ 'ਚ ਲੱਗਾ ਹੋਇਆ ਹੈ। ਐਨ. ਡੀ. ਆਰ. ਐਫ ਦੀਆਂ ਦੋ ਟੀਮਾਂ ਵੀ ਜਲਦੀ ਹੀ ਘਟਨਾ ਵਾਲੀ ਥਾਂ 'ਤੇ ਪਹੁੰਚ ਰਹੀਆਂ ਹਨ।
ਓਧਰ ਉੱਤਰਾਖੰਡ ਦੀ ਮੁੱਖ ਸਕੱਤਰ ਰਾਧਾ ਰਤੂੜੀ ਨੇ ਦੱਸਿਆ ਕਿ ਉਸਾਰੀ ਕੰਮਾਂ ਵਿਚ ਲੱਗੇ ਮਜ਼ਦੂਰਾਂ ਦੀਆਂ ਸੜਕ ਕਿਨਾਰੇ ਬਣੀਆਂ ਝੌਂਪੜੀਆਂ 'ਤੇ ਬਰਫ਼ ਦੇ ਤੋਦੇ ਡਿੱਗਣ ਕਾਰਨ 57 ਮਜ਼ਦੂਰ ਬਰਫ਼ ਹੇਠਾਂ ਦੱਬ ਗਏ। ਹਾਲਾਂਕਿ ਇਨ੍ਹਾਂ 'ਚੋਂ 16 ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਉਨ੍ਹਾਂ ਦੱਸਿਆ ਕਿ 41 ਹੋਰ ਫਸੇ ਮਜ਼ਦੂਰਾਂ ਨੂੰ ਕੱਢਣ ਦਾ ਕੰਮ ਚੱਲ ਰਿਹਾ ਹੈ। ਮਾਨਾ, ਬਦਰੀਨਾਥ ਤੋਂ ਲਗਭਗ ਤਿੰਨ ਕਿਲੋਮੀਟਰ ਦੂਰ, ਭਾਰਤ-ਤਿੱਬਤ ਸਰਹੱਦ 'ਤੇ ਆਖਰੀ ਪਿੰਡ ਹੈ, ਜੋ 3,200 ਮੀਟਰ ਦੀ ਉਚਾਈ 'ਤੇ ਸਥਿਤ ਹੈ।