‘ਆਧਾਰ’ ਨੇ ਦਿਵਾਈ ਗੁਆਚੀ ਪਛਾਣ, 10 ਸਾਲਾਂ ਬਾਅਦ ਮਾਪਿਆਂ ਨੂੰ ਮਿਲਿਆ ਲਾਪਤਾ ਪੁੱਤਰ

Saturday, Jul 10, 2021 - 05:34 PM (IST)

‘ਆਧਾਰ’ ਨੇ ਦਿਵਾਈ ਗੁਆਚੀ ਪਛਾਣ, 10 ਸਾਲਾਂ ਬਾਅਦ ਮਾਪਿਆਂ ਨੂੰ ਮਿਲਿਆ ਲਾਪਤਾ ਪੁੱਤਰ

ਨਾਗਪੁਰ (ਭਾਸ਼ਾ)— ਮੱਧ ਪ੍ਰਦੇਸ਼ ਦੇ ਜਬਲਪੁਰ ਤੋਂ 8 ਸਾਲ ਦੀ ਉਮਰ ਵਿਚ ਲਾਪਤਾ ਹੋਇਆ ਮਾਨਸਿਕ ਰੂਪ ਤੋਂ ਕਮਜ਼ੋਰ ਇਕ ਬੱਚਾ ਆਧਾਰ ਕਾਰਡ ਦੀ ਵਜ੍ਹਾ ਕਰ ਕੇ ਹੁਣ 18 ਸਾਲ ਦੀ ਉਮਰ ’ਚ ਆਪਣੇ ਮਾਪਿਆਂ ਨੂੰ ਮਿਲ ਸਕਿਆ ਹੈ। ਉਹ ਮਹਾਰਾਸ਼ਟਰ ਦੇ ਨਾਗਪੁਰ ਵਿਚ ਇਕ ਪਰਿਵਾਰ ਨਾਲ ਰਹਿਣ ਲੱਗਾ ਸੀ। ਇਕ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ 2011 ਵਿਚ ਉਸ ਦੇ ਲਾਪਤਾ ਹੋਣ ਤੋਂ ਪਹਿਲਾਂ ਪਰਿਵਾਰਕ ਮੈਂਬਰਾਂ ਨੇ ਉਸ ਦਾ ਆਧਾਰ ਰਜਿਸਟਰਡ ਕਰਵਾਇਆ ਸੀ, ਜਿਸ ਨੇ ਹੁਣ ਪਰਿਵਾਰ ਵਾਲਿਆਂ ਨਾਲ ਮਿਲਣ ’ਚ ਉਸ ਦੀ ਮਦਦ ਕੀਤੀ। ਇੰਨੇ ਸਾਲਾਂ ਤੋਂ ਪਰਿਵਾਰ ਦੇ ਮੈਂਬਰਾਂ ਵਾਂਗ ਉਸ ਦੀ ਦੇਖਭਾਲ ਕਰਨ ਵਾਲੇ ਵਿਅਕਤੀ ਸਮਰਥ ਦਾਮਲੇ ਨੇ ਕਿਹਾ ਕਿ ਮੁੰਡੇ ਨੂੰ 30 ਜੂਨ ਨੂੰ ਉਸ ਦੇ ਮਾਪਿਆਂ ਨੂੰ ਸੌਂਪ ਦਿੱਤਾ ਗਿਆ।

ਇਹ ਵੀ ਪੜ੍ਹੋ : ਕਿਸ਼ਤੀਆਂ ’ਤੇ ਆਈ ਬਰਾਤ, ਹੜ੍ਹ ਦੇ ਪਾਣੀ ’ਚ ਹੋਈਆਂ ਵਿਆਹ ਦੀਆਂ ਰਸਮਾਂ, ਇੰਝ ਵਿਦਾ ਹੋਈ ਲਾੜੀ

ਅਨਾਥ ਆਸ਼ਰਮ ’ਚ ਰਹਿ ਰਿਹਾ ਸੀ ‘ਅਮਨ’—
ਦਾਮਲੇ ਨਾਗਪੁਰ ਦੇ ਪੰਚਸ਼ੀਲ ਨਗਰ ਇਲਾਕੇ ਵਿਚ ਇਕ ਅਨਾਥ ਆਸ਼ਰਮ ਚਲਾਉਂਦੇ ਹਨ, ਜੋ 2015 ਵਿਚ ਬੰਦ ਹੋ ਗਿਆ। ਦਾਮਲੇ ਨੇ ਦੱਸਿਆ ਕਿ ਮੁੰਡਾ ਕਰੀਬ 8 ਸਾਲ ਦਾ ਸੀ ਅਤੇ ਰੇਲਵੇ ਸਟੇਸ਼ਨ ’ਤੇ ਭਟਕਦਾ ਮਿਲਿਆ ਸੀ। ਪੁਲਸ ਉਸ ਨੂੰ ਸਾਡੇ ਅਨਾਥ ਆਸ਼ਰਮ ਲੈ ਕੇ ਆਈ ਸੀ। ਉਨ੍ਹਾਂ ਨੇ ਦੱਸਿਆ ਕਿ ਉਹ ਮਾਨਸਿਕ ਰੂਪ ਤੋਂ ਕਮਜ਼ੋਰ ਹੈ ਅਤੇ ਚੰਗੀ ਤਰ੍ਹਾਂ ਬੋਲਣ ’ਚ ਵੀ ਅਸਮਰੱਥ ਹੈ। ਅਸੀਂ ਉਸ ਦਾ ਨਾਂ ਅਮਨ ਰੱਖਿਆ ਕਿਉਂਕਿ ਉਹ ਬਸ ‘ਅੰਮਾ-ਅੰਮਾ’ ਬੋਲਦਾ ਸੀ। ਉਹ 2015 ਤੱਕ ਅਨਾਥ ਆਸ਼ਰਮ ’ਚ ਰਿਹਾ ਪਰ ਉਸ ਦੇ ਬੰਦ ਹੋਣ ਮਗਰੋਂ ਅਮਨ ਦੀ ਦੇਖਭਾਲ ਕਰਨ ਵਾਲਾ ਕੋਈ ਨਹੀਂ ਸੀ, ਇਸ ਲਈ ਅਸੀਂ ਉਸ ਨੂੰ ਘਰ ਲੈ ਆਏ ਅਤੇ ਉਦੋਂ ਤੋਂ ਉਹ ਸਾਡੇ ਪਰਿਵਾਰ ਦੇ ਮੈਂਬਰਾਂ ਵਾਂਗ ਰਹਿ ਰਿਹਾ ਸੀ। ਮੇਰੀ ਇਕ ਧੀ ਅਤੇ ਇਕ ਪੁੱਤਰ ਹੈ।

ਇਹ ਵੀ ਪੜ੍ਹੋ : ਖੇਤੀ ਕਾਨੂੰਨਾਂ ਦੇ ਮੁੱਦੇ ਨੂੰ UN ’ਚ ਲੈ ਕੇ ਜਾਣਗੇ ਕਿਸਾਨ? ਰਾਕੇਸ਼ ਟਿਕੈਤ ਨੇ ਦਿੱਤਾ ਸਪੱਸ਼ਟੀਕਰਨ

ਇੰਝ ਮਿਲੀ ਪਰਿਵਾਰ ਨਾਲ ਮਿਲਵਾਉਣ ’ਚ ਮਦਦ—
ਦਾਮਲੇ ਨੇ ਅੱਗੇ ਦੱਸਿਆ ਕਿ ਅਮਨ ਦਾ ਦਾਖ਼ਲਾ ਇਕ ਸਥਾਨਕ ਸਕੂਲ ’ਚ ਕਰਵਾਇਆ ਗਿਆ, ਜਿੱਥੇ ਉਹ ਹੁਣ 10ਵੀਂ ਜਮਾਤ ਵਿਚ ਪੜ੍ਹ ਰਿਹਾ ਸੀ। ਸਕੂਲ ਨੂੰ ਉਸ ਦੇ ਆਧਾਰ ਦਾ ਵੇਰਵਾ ਚਾਹੀਦਾ ਸੀ। ਮੈਂ ਉਸ ਦਾ ਨਾਂ ਆਧਾਰ ਲਈ ਰਜਿਸਟਰਡ ਕਰਾਉਣਾ ਚਾਹਿਆ ਪਰ ਬਾਇਓਮੈਟ੍ਰਿਕ ਦੀ ਸਮੱਸਿਆ ਕਾਰਨ ਉਹ ਰੱਦ ਹੋਈ ਜਾ ਰਿਹਾ ਸੀ। ਇਸ ਤੋਂ ਬਾਅਦ ਮੈਂ ਨਾਗਪੁਰ ਦੇ ਮਨਕਾਪੁਰ ਇਲਾਕੇ ਵਿਚ ਯੂ. ਆਈ. ਡੀ. ਏ. ਆਈ. ਕੇਂਦਰ ਨਾਲ ਸੰਪਰਕ ਕੀਤਾ, ਜਿੱਥੇ ਕੇਂਦਰ ਦੇ ਪ੍ਰਬੰਧਕ ਨੇ ਵੇਖਿਆ ਕਿ ਉਸ ਦਾ ਪਹਿਲਾਂ ਵੀ ਆਧਾਰ ਰਜਿਸਟਰਡ ਹੋ ਚੁੱਕਾ ਹੈ ਅਤੇ ਉਸ ਦਾ ਅਸਲੀ ਨਾਂ ਮੁਹੰਮਦ ਆਮਿਰ ਹੈ। ਇਸ ਤੋਂ ਪਰਿਵਾਰ ਨਾਲ ਮਿਲਵਾਉਣ ’ਚ ਮਦਦ ਮਿਲ ਗਈ।

ਇਹ ਵੀ ਪੜ੍ਹੋ : ਅੰਦਰ ਹੋ ਰਿਹਾ ਸੀ ਪ੍ਰੇਮੀ ਦਾ ਵਿਆਹ, ਗੇਟ ਦੇ ਬਾਹਰ ਚੀਕਦੀ ਰਹੀ ਪ੍ਰੇਮਿਕਾ- ‘ਕੋਈ ਮੇਰੇ ਬਾਬੂ ਨਾਲ ਮਿਲਵਾ ਦਿਓ’

ਅਮਨ ਦੀ ਅਸਲੀ ਤਸਵੀਰ ਨਾਲ ਹੋਇਆ ਮਿਲਾਨ—
ਇਕ ਨਿਊਜ਼ ਏਜੰਸੀ ਨਾਲ ਗੱਲਬਾਤ ’ਚ ਮਨਕਾਪੁਰ ਦੇ ਆਧਾਰ ਸੇਵਾ ਕੇਂਦਰ ਦੇ ਪ੍ਰਬੰਧਕ ਅਨਿਲ ਮਰਾਠੇ ਨੇ ਦੱਸਿਆ ਕਿ ਦਾਮਲੇ ਉਨ੍ਹਾਂ ਕੋਲ 3 ਜੂਨ ਨੂੰ ਅਮਨ ਦਾ ਆਧਾਰ ਕਾਰਡ ਬਣਵਾਉਣ ਆਏ ਸਨ। ਅਸੀਂ ਉਸ ਦਾ ਨਾਂ ਰਜਿਸਟਰਡ ਕਰਨ ਦੀ ਕਈ ਵਾਰ ਕੋਸ਼ਿਸ਼ ਕੀਤੀ ਪਰ ਬਾਇਓਮੈਟ੍ਰਿਕ ਦੀਆਂ ਮੁਸ਼ਕਲਾਂ ਦੀ ਵਜ੍ਹਾ ਤੋਂ ਅਜਿਹਾ ਨਹੀਂ ਹੋ ਸਕਿਆ। ਇਸ ਲਈ ਯੂ. ਆਈ. ਡੀ. ਏ. ਆਈ. ਦੇ ਬੇਂਗਲੁਰੂ ਸਥਿਤ ਤਕਨੀਕੀ ਕੇਂਦਰ ਅਤੇ ਮੁੰਬਈ ਵਿਚ ਖੇਤਰੀ ਦਫ਼ਤਰ ਦੀ ਮਦਦ ਨਾਲ ਅਸੀਂ ਉਸ ਦੇ ਬਾਇਓਮੈਟ੍ਰਿਕ ਦੇ ਆਧਾਰ ’ਤੇ ਉਸ ਦੇ ਆਧਾਰ ਕਾਰਡ ਦੀ ਜਾਣਕਾਰੀ ਪ੍ਰਾਪਤ ਕਰਨ ’ਚ ਸਫਲ ਰਹੇ। ਉਨ੍ਹਾਂ ਨੇ ਦੱਸਿਆ ਕਿ ਆਧਾਰ ਦਾ ਰਜਿਸਟ੍ਰੇਸ਼ਨ 2011 ’ਚ ਜਬਲਪੁਰ ਵਿਚ ਹੋਇਆ ਸੀ ਅਤੇ ਉਸ ਦਾ ਅਸੀ ਨਾਂ ਮੁਹੰਮਦ ਆਮਿਰ ਹੈ। ਅਮਨ ਅਤੇ ਆਮਿਰ ਦੀ ਤਸਵੀਰ ਦਾ ਮਿਲਾਨ ਵੀ ਹੋ ਗਿਆ। 

ਇਹ ਵੀ ਪੜ੍ਹੋ : ਮੋਦੀ ਨੇ ਵੀਅਤਨਾਮ ਦੇ PM ਨੂੰ ਭਾਰਤ ਆਉਣ ਦਾ ਦਿੱਤਾ ਸੱਦਾ, ਕੋਰੋਨਾ ਕਾਲ ’ਚ ਮਦਦ ਲਈ ਕਿਹਾ- ‘ਧੰਨਵਾਦ’

ਅਮਨ ਦੇ ਪਰਿਵਾਰ ਨੇ ਦਾਮਲੇ ਦਾ ਕੀਤਾ ਧੰਨਵਾਦ—
ਮਰਾਠੇ ਨੇ ਦੱਸਿਆ ਕਿ ਉਨ੍ਹਾਂ ਨੇ ਦਾਮਲੇ ਦੀ ਆਗਿਆ ਨਾਲ ਜਬਲਪੁਰ ਵਿਚ ਆਪਣੇ ਦੋਸਤਾਂ ਜ਼ਰੀਏ ਮੁੰਡੇ ਦੇ ਪਰਿਵਾਰ ਬਾਰੇ ਪਤਾ ਕਰਨਾ ਸ਼ੁਰੂ ਕੀਤਾ। ਆਮਿਰ ਦੇ ਮਾਪੇ ਜਬਲਪੁਰ ਵਿਚ ਖੁਰਾਕ ਪਦਾਰਥਾਂ ਦੀ ਦੁਕਾਨ ਚਲਾਉਂਦੇ ਹਨ। ਉਹ ਨਾਗਪੁਰ ਵਿਚ ਦਾਮਲੇ ਕੋਲ ਆਏ ਅਤੇ ਸਾਰੀ ਪ੍ਰਕਿਰਿਆਵਾਂ ਪੂਰੀਆਂ ਕਰਨ ਮਗਰੋਂ 30 ਜੂਨ ਨੂੰ ਉਨ੍ਹਾਂ ਦਾ ਪੁੱਤਰ ਉਨ੍ਹਾਂ ਨੂੰ ਸੌਂਪ ਦਿੱਤਾ ਗਿਆ। ਦਾਮਲੇ ਨੇ ਕਿਹਾ ਕਿ ਉਨ੍ਹਾਂ ਲਈ ਅਤੇ ਉਨ੍ਹਾਂ ਦੇ ਪਰਿਵਾਰ ਲਈ ਅਮਨ (ਆਮਿਰ) ਨੂੰ ਉਸ ਦੇ ਮਾਪਿਆਂ ਨੂੰ ਸੌਂਪਣਾ ਬਹੁਤ ਔਖਾ ਸੀ ਪਰ ਉਹ ਇਸ ਤੋਂ ਖੁਸ਼ ਹਨ। ਓਧਰ ਅਮਨ ਦੇ ਪਰਿਵਾਰ ਨੇ ਕਿਹਾ ਹੈ ਕਿ ਉਹ ਉਨ੍ਹਾਂ ਦੇ ਧੰਨਵਾਦੀ ਹਨ ਅਤੇ ਉਹ ਜਦੋਂ ਚਾਹੁਣ ਉਸ ਨੂੰ ਮਿਲ ਸਕਦੇ ਹਨ।


author

Tanu

Content Editor

Related News