ਘਰ ਪਰਤ ਰਿਹਾ ਭਾਰਤੀ ਯਮਨ 'ਚ ਗ੍ਰਿਫਤਾਰ, ਪਤਨੀ ਨੇ ਸੁਸ਼ਮਾ ਤੋਂ ਮੰਗੀ ਮਦਦ
Saturday, Feb 23, 2019 - 12:02 PM (IST)
ਹੈਦਰਾਬਾਦ— ਹੈਦਰਾਬਾਦ ਦੀ ਰਹਿਣ ਵਾਲੀ ਇਕ ਮਹਿਲਾ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਆਪਣੇ ਪਤੀ ਨੂੰ ਵਾਪਸ ਘਰ ਲਿਆਉਣ ਲਈ ਮਦਦ ਮੰਗੀ ਹੈ। ਮਹਿਲਾ ਦਾ ਨਾਂ ਫਾਰੀਦਾ ਅਸਰਾ ਤਬਸਸੁਮ ਹੈ, ਜਿਸ ਦਾ ਪਤੀ 8 ਸਾਲ ਪਹਿਲਾਂ ਰੋਜ਼ਗਾਰ ਲਈ ਸਾਊਦੀ ਅਰਬ ਗਿਆ ਸੀ। ਮਹਿਲਾ ਮੁਤਾਬਕ ਉਸ ਦਾ ਪਤੀ ਆਪਣੇ ਦੋਸਤ ਨਾਲ ਭਾਰਤ ਪਰਤ ਰਹੇ ਸਨ, ਤਾਂ ਉਨ੍ਹਾਂ ਨੂੰ ਯਮਨ ਦੇ ਅਦਨ ਏਅਰਪੋਰਟ 'ਤੇ ਗ੍ਰਿਫਤਾਰ ਕਰ ਲਿਆ ਗਿਆ। ਦੋਹਾਂ ਨੂੰ ਉੱਥੋਂ ਦੇ ਇਕ ਨਜ਼ਰਬੰਦੀ ਕੇਂਦਰ ਵਿਚ ਰੱਖਿਆ ਗਿਆ ਹੈ ਅਤੇ ਉਨ੍ਹਾਂ ਦੋਹਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਕੋਈ ਵੀ ਜਾਣਕਾਰੀ ਨਹੀਂ ਦੇ ਰਹੇ।
ਅਸਰਾ ਮੁਤਾਬਕ ਪਤੀ ਅਤੇ ਉਨ੍ਹਾਂ ਦੇ ਦੋਸਤ 8 ਸਾਲ ਤੋਂ ਸਾਊਦੀ ਅਰਬ ਵਿਚ ਇਕ ਗੱਦੇ ਦੀ ਕੰਪਨੀ ਵਿਚ ਕੰਮ ਕਰਦੇ ਸਨ। ਦੋਵੇਂ ਆਪਣੇ ਦੇਸ਼ ਭਾਰਤ ਪਰਤ ਰਹੇ ਸਨ, ਜਦੋਂ ਬੀਤੀ 24 ਜਨਵਰੀ ਨੂੰ ਉਨ੍ਹਾਂ ਨੂੰ ਏਅਰਪੋਰਟ 'ਤੇ ਗ੍ਰਿਫਤਾਰ ਕਰ ਲਿਆ ਗਿਆ ਸੀ। ਅਸਰਾ ਨੇ ਦੱਸਿਆ ਕਿ ਦੋਹਾਂ ਨੂੰ ਪਿਛਲੇ ਦੋ ਸਾਲਾਂ ਤੋਂ ਕੋਈ ਤਨਖਾਹ ਵੀ ਨਹੀਂ ਦਿੱਤੀ ਗਈ। ਦੋਵੇਂ ਆਪਣਾ ਵੀਜ਼ਾ ਲੈਣ ਲਈ ਯਮਨ ਦੇ ਸ਼ਹਿਰ ਸਨਾ ਗਏ ਸਨ ਅਤੇ ਉੱਥੋਂ ਘਰ ਵਾਪਸ ਪਰਤ ਰਹੇ ਸਨ। ਜਦੋਂ ਉਹ ਯਮਨ ਦੇ ਹਵਾਈ ਅੱਡੇ ਪਹੁੰਚੇ ਤਾਂ ਅਧਿਕਾਰੀਆਂ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ। ਅਸਰਾ ਨੇ ਕਿਹਾ ਕਿ ਮੈਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਜੀ ਨੂੰ ਬੇਨਤੀ ਕਰਦੀ ਹੈ ਕਿ ਉਸ ਦੇ ਪਤੀ ਦੀ ਘਰ ਵਾਪਸੀ ਲਈ ਮਦਦ ਕੀਤੀ ਜਾਵੇ। ਇੱਥੇ ਦੱਸ ਦਈਏ ਕਿ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਇਸ ਤੋਂ ਪਹਿਲਾਂ ਵੀ ਵਿਦੇਸ਼ਾਂ ਵਿਚ ਫਸੇ ਕਈ ਭਾਰਤੀ ਨਾਗਰਿਕਾਂ ਦੀ ਦੇਸ਼ ਵਾਪਸੀ ਕਰਵਾਈ ਹੈ।