ਚੱਲਦੀ ਟਰੇਨ ''ਚ ਔਰਤ ਨੇ ਬੱਚੀ ਨੂੰ ਦਿੱਤਾ ਜਨਮ, ਪਰਿਵਾਰ ਨੇ ਨਾਂ ਰੱਖਿਆ ‘ਕਾਮਯਾਨੀ’
Sunday, Mar 24, 2024 - 12:10 PM (IST)
 
            
            ਵਿਦਿਸ਼ਾ- ਮੱਧ ਪ੍ਰਦੇਸ਼ ਦੇ ਵਿਦਿਸ਼ਾ ਜ਼ਿਲ੍ਹੇ ’ਚ 24 ਸਾਲ ਦੀ ਇਕ ਔਰਤ ਨੇ ਚੱਲਦੀ ਟਰੇਨ ’ਚ ਬੱਚੀ ਨੂੰ ਜਨਮ ਦਿੱਤਾ। ਦਰਅਸਲ ਔਰਤ ਆਪਣੇ ਪਤੀ ਨਾਲ ਮੁੰਬਈ-ਵਾਰਾਣਸੀ ਕਾਮਯਾਨੀ ਐਕਸਪ੍ਰੈਸ ਵਿਚ ਸਫ਼ਰ ਕਰ ਰਹੀ ਸੀ। ਇਸ ਤੋਂ ਉਤਸ਼ਾਹਿਤ ਪਰਿਵਾਰਕ ਮੈਂਬਰਾਂ ਨੇ ਨਵਜੰਮੀ ਬੱਚੀ ਦਾ ਨਾਂ ਟਰੇਨ ਦੇ ਨਾਂ ’ਤੇ ‘ਕਾਮਯਾਨੀ’ ਰੱਖ ਦਿੱਤਾ। ਰੇਲਵੇ ਪ੍ਰੋਟੈਕਸ਼ਨ ਫੋਰਸ (ਆਰ. ਪੀ. ਐੱਫ.) ਦੀ ਇੰਸਪੈਕਟਰ ਮੰਜੂ ਮਹੋਬੇ ਨੇ ਦੱਸਿਆ ਕਿ ਔਰਤ ਆਪਣੇ ਪਤੀ ਨਾਲ ਮਹਾਰਾਸ਼ਟਰ ਦੇ ਨਾਸਿਕ ਤੋਂ ਮੱਧ ਪ੍ਰਦੇਸ਼ ਦੇ ਸਤਨਾ ਜਾ ਰਹੀ ਸੀ। ਉਸ ਨੂੰ ਭੋਪਾਲ ਤੇ ਵਿਦਿਸ਼ਾ ਦਰਮਿਆਨ ਅਚਾਨਕ ਜਣੇਪਾ ਪੀੜਾਂ ਸ਼ੁਰੂ ਹੋ ਗਈਆਂ।
ਉਸੇ ਹੀ ਕੋਚ ’ਚ ਸਫ਼ਰ ਕਰ ਰਹੀਆਂ ਦੋ ਔਰਤਾਂ ਨੇ ਉਕਤ ਔਰਤ ਦੀ ਮਦਦ ਕੀਤੀ। ਟਰੇਨ ਦੇ ਵਿਦਿਸ਼ਾ ਰੇਲਵੇ ਸਟੇਸ਼ਨ ’ਤੇ ਪਹੁੰਚਣ ਤੋਂ ਬਾਅਦ ਨਵਜੰਮੀ ਬੱਚੀ ਤੇ ਮਾਂ ਨੂੰ ਸਿਹਤ ਦੀ ਜਾਂਚ ਲਈ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ। ਆਰ. ਪੀ. ਐੱਫ. ਅਧਿਕਾਰੀ ਨੇ ਕਿਹਾ ਕਿ ਮਾਂ ਅਤੇ ਨਵਜੰਮੀ ਬੱਚੀ ਦੋਹਾਂ ਦੀ ਹਾਲਤ ਠੀਕ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            