ਬਰਾਤੀਆਂ ਨਾਲ ਭਰੀ ਟਰੈਕਟਰ-ਟਰਾਲੀ ਨਹਿਰ ’ਚ ਡਿੱਗੀ, ਦੋ ਬੱਚਿਆਂ ਸਮੇਤ 3 ਮਰੇ

04/21/2022 6:22:02 PM

ਭਿੰਡ- ਮੱਧ ਪ੍ਰਦੇਸ਼ ਦੇ ਭਿੰਡ ਜ਼ਿਲ੍ਹੇ ਦੇ ਪਿੰਡ ਨੌਨੇਰਾ ’ਚ ਸਿੰਚਾਈ ਨਹਿਰ ’ਚ ਬੀਤੀ ਰਾਤ ਬਰਾਤੀਆਂ ਨਾਲ ਭਰੀ ਟਰੈਕਟਰ-ਟਰਾਲੀ ਪਲਟ ਗਈ। ਇਸ ਹਾਦਸੇ ’ਚ 3 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ’ਚ 2 ਬੱਚੇ ਵੀ ਸ਼ਾਮਲ ਹਨ। ਇਸ ਹਾਦਸੇ ’ਚ ਕਈ ਲੋਕ ਜ਼ਖਮੀ ਵੀ ਹੋਏ ਹਨ। ਪੁਲਸ ਨੇ ਦੱਸਿਆ ਕਿ ਇਹ ਹਾਦਸਾ ਜ਼ਿਲ੍ਹੇ ਦੇ ਨੌਨੇਰਾ ਪਿੰਡ ਕੋਲ ਬੁੱਧਵਾਰ ਅਤੇ ਵੀਰਵਾਰ ਦੀ ਦਰਮਿਆਨੀ ਰਾਤ ਨੂੰ ਵਾਪਰਿਆ। ਥਾਣਾ ਮੁਖੀ ਵਿਨੋਦ ਸਿੰਘ ਕੁਸ਼ਵਾਹਾ ਨੇ ਦੱਸਿਆ ਕਿ ਸਾਰੇ ਲੋਕ ਟਰੈਕਟਰ-ਟਰਾਲੀ ’ਤੇ ਸਵਾਰ ਹੋ ਕੇ ਵਿਆਹ ਸਮਾਰੋਹ ’ਚ ਨਾਗੌਰ ਜਾ ਰਹੇ ਸਨ। ਨੌਨੇਰਾ ਪਿੰਡ ਕੋਲ ਨਸ਼ੇ ’ਚ ਧੂਤ ਡਰਾਈਵਰ ਨੇ ਵਾਹਨ ਤੋਂ ਆਪਣਾ ਕੰਟਰੋਲ ਗੁਆ ਦਿੱਤਾ ਅਤੇ ਇਹ ਹਾਦਸਾ ਵਾਪਰ ਗਿਆ। 

ਇਕ ਨਸ਼ੇੜੀ ਟਰੈਕਟਰ ਡਰਾਈਵਰ ਦੀ ਵਜ੍ਹਾ ਕਰ ਕੇ ਦੋ ਪਰਿਵਾਰਾਂ ਦੇ ਚਿਰਾਗ ਬੁੱਝ ਗਏ। ਘਟਨਾ ਦੀ ਜਾਣਕਾਰੀ ਮਿਲਦੇ ਹੀ ਐੱਸ. ਡੀ. ਆਰ. ਐੱਫ. ਅਤੇ ਹੋਮ ਗਾਰਡ ਦੀ ਟੀਮ ਮੌਕੇ ’ਤੇ ਪਹੁੰਚੀ ਅਤੇ ਬਚਾਅ ਮੁਹਿੰਮ ਚਲਾਈ ਗਈ। ਪੁਲਸ ਮੁਤਾਬਕ ਹਾਦਸੇ ’ਚ ਰਾਮ ਸਿੰਘ (50), ਅਭਿਸ਼ੇਕ (12) ਅਤੇ ਸ਼ਿਵਾ (9) ਦੀ ਮੌਤ ਹੋ ਗਈ, ਜਦਕਿ ਤਿੰਨ ਹੋਰ ਜ਼ਖਮੀਆਂ ਨੂੰ ਇਲਾਜ ਲਈ ਗੋਹਦ ਕਸਬੇ ਦੇ ਇਕ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਅਧਿਕਾਰੀ ਨੇ ਕਿਹਾ ਕਿ ਪੁਲਸ ਨੇ ਟਰੈਕਟਰ-ਟਰਾਲੀ ਨੂੰ ਜ਼ਬਤ ਕਰ ਲਿਆ ਹੈ ਅਤੇ ਫਰਾਰ ਡਰਾਈਵਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ।


Tanu

Content Editor

Related News