JNU ਕੰਪਲੈਕਸ ’ਚ 50,000 ਦੇ ਜੁਰਮਾਨੇ ਵਾਲਾ ਨਵਾਂ ਨਿਯਮ ਵਾਪਸ
Friday, Mar 03, 2023 - 11:40 AM (IST)
ਨਵੀਂ ਦਿੱਲੀ (ਭਾਸ਼ਾ)- ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ.ਐੱਨ.ਯੂ.) ਨੇ ਕੰਪਲੈਕਸ ਵਿਚ ਸਰੀਰਕ ਹਿੰਸਾ, ਗਾਲ੍ਹੀ ਗਲੌਚ ਅਤੇ ਧਰਨਾ ਦੇਣ ’ਤੇ ਵਿਦਿਆਰਥੀਆਂ ’ਤੇ 50,000 ਰੁਪਏ ਦਾ ਜੁਰਮਾਨਾ ਲਗਾਉਣ ਵਾਲੇ ਨਿਯਮਾਂ ਨੂੰ ਵਾਪਸ ਲੈ ਲਿਆ ਹੈ। ਯੂਨੀਵਰਸਿਟੀ ਦੀ ਚਾਂਸਲਰ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ‘ਜੇ.ਐੱਨ.ਯੂ. ਦੇ ਵਿਦਿਆਰਥੀਆਂ ਦੇ ਅਨੁਸ਼ਾਸਨ ਅਤੇ ਉਚਿੱਤ ਆਚਰਣ ਦੇ ਨਿਯਮ’ ਵਿਸ਼ੇ ਵਾਲੇ 10 ਪੰਨਿਆਂ ਦੇ ਦਸਤਾਵੇਜ਼ ਵਿਚ ਪ੍ਰਦਰਸ਼ਨ ਅਤੇ ਜਾਅਲਸਾਜ਼ੀ ਵਰਗੇ ਵੱਖ-ਵੱਖ ਕਾਰਿਆਂ ਲਈ ਸਜ਼ਾ ਦੀ ਵਿਵਸਥਾ ਹੈ।
ਜੇ.ਐੱਨ.ਯੂ. ਦੀ ਚਾਂਸਲਰ ਸ਼ਾਂਤੀਸ਼੍ਰੀ ਡੀ. ਪੰਡਿਤ ਨੇ ਕਿਹਾ ਕਿ ਮੈਨੂੰ ਇਸ ਤਰ੍ਹਾਂ ਦੇ ਸਰਕੂਲਰ ਦੀ ਜਾਣਕਾਰੀ ਨਹੀਂ ਸੀ। ਮੈਂ ਕਿਸੇ ਕੌਮਾਂਤਰੀ ਸੰਮੇਲਨ ਕਾਰਨ ਹੁਬਲੀ ਵਿਚ ਸੀ। ਮੁੱਖ ਪ੍ਰੋਟੈਕਟਰ ਨੇ ਦਸਤਾਵੇਜ਼ ਜਾਰੀ ਕਰਨ ਤੋਂ ਪਹਿਲਾਂ ਮੇਰੇ ਕੋਲੋਂ ਸਲਾਹ ਨਹੀਂ ਲਈ। ਮੈਨੂੰ ਨਹੀਂ ਪਤਾ ਸੀ ਕਿ ਇਸ ਤਰ੍ਹਾਂ ਦਾ ਦਸਤਾਵੇਜ਼ ਤਿਆਰ ਕੀਤਾ ਜਾ ਰਿਹਾ ਹੈ। ਮੈਨੂੰ ਅਖਬਾਰਾਂ ਤੋਂ ਇਸ ਬਾਰੇ ਪਤਾ ਲੱਗਾ। ਇਸ ਲਈ ਮੈਂ ਇਸ ਨੂੰ ਵਾਪਸ ਲੈ ਲਿਆ ਹੈ।